
ਮੁਹਾਲੀ ਵਿੱਚ ਵੱਖ-ਵੱਖ ਥਾਵਾਂ ’ਤੇ ਬਣਾਈਆਂ ਜਾਣਗੀਆਂ 6 ਸਲਿੱਪ ਸੜਕਾਂ: ਜੀਤੀ ਸਿੱਧੂ
ਮੇਅਰ ਜੀਤੀ ਸਿੱਧੂ ਨੇ ਆਈਵੀਵਾਈ ਹਸਪਤਾਲ ਨੇੜੇ ਸਲਿੱਪ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ
ਸ਼ਹਿਰ ਵਿੱਚ ਫਲਾਈ ਓਵਰ ਬਣਾਉਣ ਲਈ ਲੋੜੀਂਦੀਆਂ ਥਾਵਾਂ ਦੀ ਸ਼ਨਾਖ਼ਤ ਕਰ ਕੇ ਰਿਪੋਰਟ ਤਿਆਰ ਕਰਨ ਦੇ ਆਦੇਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰੀ ਖੇਤਰ ਵਿੱਚ ਆਵਾਜਾਈ ਨੂੰ ਸੌਖਾ ਬਣਾਉਣ ਲਈ ਲੋੜ ਅਨੁਸਾਰ 6 ਥਾਵਾਂ ’ਤੇ ਸਲਿੱਪ ਸੜਕਾਂ ਬਣਾਈਆਂ ਜਾ ਰਹੀਆਂ ਹਨ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਇਨ੍ਹਾਂ ਸਲਿੱਪ ਸੜਕਾਂ ਦੇ ਨਿਰਮਾਣ ਦਾ ਰਸਮੀ ਉਦਘਾਟਨ ਕਰਕੇ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਆਬਾਦੀ ਵਧਣ ਦੇ ਨਾਲ-ਨਾਲ ਟਰੈਫ਼ਿਕ ਵੀ ਕਾਫ਼ੀ ਜ਼ਿਆਦਾ ਵਧਦਾ ਜਾ ਰਿਹਾ ਹੈ ਅਤੇ ਆਵਾਜਾਈ ਨੂੰ ਸੌਖਾ ਬਣਾਉਣ ਲਈ ਸਲਿੱਪ ਸੜਕਾਂ ਅਹਿਮ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਇੱਥੋਂ ਦੇ ਸੈਕਟਰ-71 ਸਥਿਤ ਆਈਵੀਵਾਈ ਹਸਪਤਾਲ ਨੇੜੇ ਟੀ-ਪੁਆਇੰਟ, ਫੇਜ਼-5, ਪੁਰਾਣਾ ਅਮਰਟੈਕਸ ਚੌਕ, ਸਨਅਤੀ ਖੇਤਰ ਵਿੱਚ ਛੇ ਸਲਿੱਪ ਸੜਕਾਂ ਬਣਾਈਆਂ ਜਾਣਗੀਆਂ। ਦੂਜੇ ਪੜਾਅ ਵਿੱਚ ਹੋਰਨਾਂ ਥਾਵਾਂ ’ਤੇ ਜਿੱਥੇ ਵੀ ਲੋੜ ਪਵੇਗੀ ਉੱਥੇ ਸਲਿੱਪ ਸੜਕਾਂ ਬਣਾਈਆਂ ਜਾਣਗੀਆਂ ਅਤੇ ਪੁਰਾਣੀਆਂ ਸਲਿੱਪ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਉਣ-ਜਾਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਵਿੱਚ ਲਗਾਤਾਰ ਵਧ ਰਹੇ ਟਰੈਫ਼ਿਕ ਦੇ ਮੱਦੇਨਜ਼ਰ ਜਿੱਥੇ ਵੀ ਟਰੈਫ਼ਿਕ ਦੀ ਜ਼ਿਆਦਾ ਸਮੱਸਿਆ ਹੈ, ਉੱਥੇ ਫਲਾਈ ਓਵਰ ਬਣਾਉਣ ਸਬੰਧੀ ਅਧਿਕਾਰੀਆਂ ਨੂੰ ਤਜਵੀਜ਼ ਤਿਆਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਗਮਾਡਾ ਨਾਲ ਤਾਲਮੇਲ ਕਰਕੇ ਮੁਹਾਲੀ ਵਿੱਚ ਲੋੜ ਅਨੁਸਾਰ ਫਲਾਈਓਵਰ ਬਣਾਏ ਜਾ ਸਕਣ। ਉਨ੍ਹਾਂ ਕਿਹਾ ਕਿ ਇਸ ਅਹਿਮ ਕੰਮ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੱਖ-ਵੱਖ ਥਾਵਾਂ ਦੀ ਸ਼ਨਾਖ਼ਤ ਕਰ ਕੇ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ।