ਪੰਜਾਬ ਭਰ ਵਿੱਚ 5 ਲੱਖ 60 ਹਜ਼ਾਰ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ: ਸਿੱਧੂ

ਸਬ-ਨੈਸ਼ਨਲ ਇਮੂਨਾਈਜੇਸ਼ਨ ਡੇਅ ਮੁਹਿੰਮ ਤਹਿਤ ਸਿਰਫ਼ ਪ੍ਰਵਾਸੀ ਆਬਾਦੀ ਨੂੰ ਕੀਤਾ ਜਾਵੇਗਾ ਕਵਰ

ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਸੋਹਾਣਾ ਵਿੱਚ 3 ਰੋਜ਼ਾ ਸੂਬਾ ਪੱਧਰੀ ਪਲਸ ਪੋਲੀਓ ਮੁਹਿੰਮ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਪੰਜਾਬ ’ਚੋਂ ਪੋਲੀਓ ਦੀ ਨਾਮੁਰਾਦ ਬੀਮਾਰੀ ਦੇ ਖ਼ਾਤਮੇ ਲਈ ਐਤਵਾਰ ਨੂੰ ‘ਸਬ-ਨੈਸ਼ਨਲ ਇਮੀਉਨਾਈਜ਼ੇਸ਼ਨ ਡੇਅ ਮੁਹਿੰਮ ਵਿੱਢੀ ਗਈ। ਇਸ ਸੂਬਾ ਪੱਧਰੀ ਤਿੰਨ ਰੋਜ਼ਾ ਮੁਹਿੰਮ ਦਾ ਉਦਘਾਟਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਸੋਹਾਣਾ ਵਿੱਚ ਇਕ ਛੋਟੇ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 5 ਲੱਖ 60 ਹਜ਼ਾਰ ਬੱਚਿਆਂ ਨੂੰ ਪੋਲੀਉ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।
ਬੱਚਿਆਂ ਨੂੰ ਓਰਲ ਪੋਲੀਓ ਵੈਕਸੀਨ (ਓਪੀਵੀ) ਦੀਆਂ ਬੂੰਦਾਂ ਪਿਲਾਉਣ ਉਪਰੰਤ ਸਿਹਤ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਵਿਸ਼ੇਸ਼ ਤੌਰ ’ਤੇ ਪ੍ਰਵਾਸੀ ਆਬਾਦੀ ਲਈ ਚਲਾਈ ਗਈ ਹੈ। ਜਿਸ ਵਿੱਚ ਉਚ-ਜੋਖ਼ਮ ਵਾਲੇ ਖੇਤਰ, ਭੱਠੇ, ਨਿਰਮਾਣ ਸਥਾਨ, ਬਸਤੀਆਂ, ਝੁੱਗੀਆਂ, ਡੇਰੇ ਕਵਰ ਕੀਤੇ ਜਾਣਗੇ। ਸ੍ਰੀ ਸਿੱਧੂ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਉਕਤ ਥਾਵਾਂ ’ਤੇ ਜਾ ਕੇ ਪੋਲੀਓ ਬੂੰਦਾਂ ਪਿਲਾਉਣ ਲਈ ਸਿਹਤ ਕਾਮਿਆਂ ਦੀਆਂ ਕੁੱਲ 4180 ਟੀਮਾਂ ਬਣਾਈਆਂ ਗਈਆਂ ਹਨ ਜਦੋਂਕਿ 802 ਸੁਪਰਵਾਈਜ਼ਰ ਇਸ ਸਮੁੱਚੀ ਮੁਹਿੰਮ ਦੀ ਚੈਕਿੰਗ ਕਰਨਗੇ ਤਾਂ ਜੋ ਕੋਈ ਵੀ ਬੱਚਾ ਪੋਲੀਓ ਦੀ ਖੁਰਾਕ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਬੱਚਿਆਂ ਨੂੰ ਹਰ ਪ੍ਰਕਾਰ ਦੀਆਂ ਬੀਮਾਰੀਆਂ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਪਹਿਲਾਂ ਹੀ ਪੋਲੀਓ ਮੁਕਤ ਹੋ ਚੁੱਕਾ ਹੈ ਪਰ ਦੇਸ਼ ’ਚੋਂ ਪੋਲੀਓ ਦੇ ਸੰਪੂਰਨ ਖ਼ਾਤਮੇ ਲਈ ਟੀਕਾਕਰਨ ਲਾਜ਼ਮੀ ਹੈ। ਪੰਜਾਬ ਵਿੱਚ ਪੋਲੀਓ ਦਾ ਆਖ਼ਰੀ ਕੇਸ ਲੁਧਿਆਣਾ ਵਿੱਚ ਅਕਤੂਬਰ 2009 ’ਚ ਸਾਹਮਣੇ ਆਇਆ ਸੀ।
ਸਿਹਤ ਮੰਤਰੀ ਨੇ ਕਿਹਾ ਕਿ ਬੱਚੇ ਦੀ ਤੰਦਰੁਸਤੀ ਲਈ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ। ਦੇਖਿਆ ਗਿਆ ਹੈ ਕਿ ਜਿਹੜੇ ਬੱਚਿਆਂ ਦੀ ਵੈਕਸੀਨੇਸ਼ਨ ਹੋਈ ਹੁੰਦੀ ਹੈ, ਉਹ ਅਕਸਰ ਘੱਟ ਬੀਮਾਰ ਹੁੰਦੇ ਹਨ ਅਤੇ ਉਨ੍ਹਾਂ ਦੇ ਕੁਪੋਸ਼ਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਭਾਵੇਂ ਉਹ ਬੱਚਾ ਕੁਝ ਘੰਟੇ ਪਹਿਲਾਂ ਜੰਮਿਆ ਹੈ ਜਾਂ ਖੰਘ, ਜ਼ੁਕਾਮ, ਬੁਖ਼ਾਰ, ਦਸਤ ਜਾਂ ਕਿਸੇ ਹੋਰ ਬੀਮਾਰੀ ਤੋਂ ਪੀੜਤ ਹੈ ਕਿਉਂਕਿ ਪੋਲੀਓ ਬੂੰਦਾਂ ਪੀਣ ਨਾਲ ਕੋਈ ਸਰੀਰਕ ਨੁਕਸਾਨ ਨਹੀਂ ਹੁੰਦਾ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਡਾਇਰੈਕਟਰ ਡਾ. ਅੰਦੇਸ਼ ਕੰਗ, ਸੂਬਾ ਟੀਕਾਕਰਨ ਅਧਿਕਾਰੀ ਡਾ. ਬਲਵਿੰਦਰ ਕੌਰ, ਡਬਲਿਊ.ਐਚ.ਓ. ਤੋਂ ਡਾ. ਵਿਕਾਸ ਗੁਪਤਾ, ਸਹਾਇਕ ਸਿਵਲ ਸਰਜਨ ਡਾ. ਰੇਨੂ ਸਿੰਘ, ਐਸਐਮਓ ਡਾ. ਸੁਰਿੰਦਰਪਾਲ ਕੌਰ, ਸਟੇਟ ਮਾਸ ਮੀਡੀਆ ਅਫ਼ਸਰ ਗੁਰਮੀਤ ਸਿੰਘ ਰਾਣਾ, ਸਟੇਟ ਕੋਲਡ ਚੇਨ ਅਫ਼ਸਰ ਜਤਿੰਦਰ ਮੋਹਨ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ, ਹੈਲਥ ਇੰਸਪੈਕਟਰ ਦਿਨੇਸ਼ ਚੌਧਰੀ, ਏਐਨਐਮ ਕ੍ਰਿਸ਼ਨਾ ਤੇ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…