ਸਾਲ 2018 ਤੱਕ ਸੂਬੇ ਦੀਆਂ 618 ਕਿੱਲੋਮੀਟਰ ਸੜਕਾਂ ਹੋਣਗੀਆਂ ਚਹੁੰ ਮਾਰਗੀ: ਰਜ਼ੀਆ ਸੁਲਤਾਨਾ

ਲੋਕ ਨਿਰਮਾਣ ਵਿਭਾਗ ਦੀ ਪਲੇਠੀ ਮੀਟਿੰਗ ਦੌਰਾਨ ਮੰਤਰੀ ਸਾਹਿਬਾ ਵੱਲੋਂ ਉੱਚ ਗੁਣਵੱਤਾ ਮਾਪਦੰਡਾਂ ਅਨੁਸਾਰ ਕੰਮ ਨੂੰ ਨੇਪਰੇ ਚਾੜ੍ਹਨ ਦੇ ਹੁਕਮ

ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ 1350 ਕਿੱਲੋਮੀਟਰ ਲੰਮੀਆਂ ਸੜਕਾਂ ਦੇ ਕੰਮ ਪ੍ਰਗਤੀ ਅਧੀਨ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸੂਬੇ ਦੀਆਂ 619 ਕਿਲੋਮੀਟਰ ਸੜਕਾਂ ਅਗਲੇ ਵਰੇ੍ਹ ਤੱਕ ਚਹੁੰ-ਮਾਰਗੀ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 2150 ਕਰੋੜ ਰੁਪਏ ਦੀ ਲਾਗਤ ਨਾਲ 358 ਕਿਲੋਮੀਟਰ ਲੰਮੇ ਚਹੁੰ-ਮਾਰਗਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਰਹਿੰਦਾ ਕੰਮ ਸਾਲ 2018-19 ਦੇ ਅਰੰਭ ਵਿੱਚ ਮੁਕੰਮਲ ਹੋ ਜਾਵੇਗਾ। ਲੋਕ ਨਿਰਮਾਣ ਵਿਭਾਗ ਦੇ ਸੜਕੀ ਤੇ ਹੋਰਨਾਂ ਪ੍ਰਾਜੈਕਟ ਦੀ ਸਮੀਖਿਆ ਲਈ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਉਚ ਪੱਧਰੀ ਪਲੇਠੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਉਸਾਰੀ ਕਾਰਜ ਉਚ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਮਿੱਥੇ ਸਮੇਂ ਵਿੱਚ ਹਰ ਹੀਲੇ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ। ਮੀਟਿੰਗ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ. ਜਸਪਾਲ ਸਿੰਘ ਨੇ ਮੰਤਰੀ ਸਾਹਿਬਾ ਦੇ ਧਿਆਨ ਵਿੱਚ ਲਿਆਂਦਾ ਕਿ ਐਨ.ਐਚ.ਡੀ.ਪੀ. ਸਕੀਮ ਅਧੀਨ ਕੇਂਦਰ ਸਰਕਾਰ ਤੋਂ ਕੌਮੀ ਰਾਜ ਮਾਰਗਾਂ ਨੂੰ ਚਹੁੰ-ਮਾਰਗੀ ਕਰਨ ਦੇ 18 ਪ੍ਰਾਜੈਕਟ ਮਨਜ਼ੂਰ ਹੋਏ ਹਨ। ਉਨ੍ਹਾਂ ਮੰਤਰੀ ਸਾਹਿਬਾ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਦਿੱਤੇ ਹੁਕਮਾਂ ਮੁਤਾਬਕ ਸੜਕਾਂ ਨੂੰ ਚਹੁੰ-ਮਾਰਗੀ ਕਰਨ ਦਾ ਬਾਕੀ ਰਹਿੰਦਾ ਕੰਮ ਅਗਲੇ ਸਾਲ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਚਹੁੰ-ਮਾਰਗੀ ਪ੍ਰਾਜੈਕਟਾਂ ਤੋਂ ਇਲਾਵਾ ਕੌਮੀ ਰਾਜ ਮਾਰਗਾਂ ਲਈ ਰਾਜ ਵਿੱਚ 363.30 ਕਰੋੜ ਰੁਪਏ ਨਾਲ 27 ਸੜਕਾਂ ਦੇ ਕੰਮ ਅਤੇ 292 ਕਰੋੜ ਰੁਪਏ ਨਾਲ 4 ਆਰ.ਓ.ਬੀ. ਦੇ ਕੰਮ ਮਨਜ਼ੂਰ ਕੀਤੇ ਗਏ ਹਨ ਅਤੇ ਸਮੂਹ ਕੰਮ ਪ੍ਰਗਤੀ ਅਧੀਨ ਹਨ, ਜੋ ਸਾਲ 2017-18 ਦੌਰਾਨ ਪੂਰੇ ਕੀਤੇ ਜਾਣਗੇ। ਚੀਫ਼ ਇੰਜੀਨੀਅਰ ਸ੍ਰੀ ਏ.ਕੇ. ਸਿੰਗਲਾ ਵੱਲੋਂ ਦੱਸਿਆ ਗਿਆ ਕਿ ਕੇਂਦਰੀ ਪ੍ਰਯੋਜਿਤ ਸਕੀਮ (ਸੀ.ਆਰ.ਐਫ਼.) ਤਹਿਤ 21 ਪ੍ਰਾਜੈਕਟ ਪ੍ਰਗਤੀ ਅਧੀਨ ਹਨ, ਜਿਨ੍ਹਾਂ ਵਿੱਚੋਂ 19 ਪ੍ਰਾਜੈਕਟ 576.88 ਕਰੋੜ ਰੁਪਏ ਦੀ ਲਾਗਤ ਨਾਲ ਸਾਲ 2016-17 ਵਿੱਚ ਭਾਰਤ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਸਨ। ਇਹ ਸਮੂਹ ਪ੍ਰਾਜੈਕਟ ਸਾਲ 2017-18 ਦੌਰਾਨ ਪੂਰੇ ਕਰ ਲਏ ਜਾਣਗੇ। ਸ੍ਰੀਮਤੀ ਰਜ਼ੀਆ ਸੁਲਤਾਨਾ ਵੱਲੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਚਲ ਰਹੇ ਕੰਮਾਂ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਹੁਣ ਤੱਕ 432 ਕਿਲੋਮੀਟਰ ਸੜਕਾਂ ਦੀ ਅਪਗ੍ਰੇਡੇਸ਼ਨ ਮੁਕੰਮਲ ਕੀਤੀ ਗਈ ਜਦਕਿ 1350 ਕਿਲੋਮੀਟਰ ਸੜਕਾਂ ਦੇ ਕੰਮ ਚਲ ਰਹੇ ਹਨ। ਸੂਬੇ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਚਲ ਰਹੇ ਸਮੂਹਾਂ ਪ੍ਰਾਜੈਕਟਾਂ ਦੇ ਨਿਰੀਖਣ ਦੌਰਾਨ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮੌਜੂਦਾ ਸਮੇਂ 1000 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵੱਖ-ਵਖ ਪ੍ਰਾਜੈਕਟ ਚਲ ਰਹੇ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਜੁਡੀਸ਼ਲ ਕੋਰਟ ਕੰਪਲੈਕਸ, ਮੈਰੀਟੋਰੀਅਸ ਸਕੂਲ, ਯੂਨੀਵਰਸਿਟੀ ਤੇ ਕਾਲਜ, ਆਧੁਨਿਕ ਜੇਲਾਂ ਅਤੇ ਮਹਾਰਿਸ਼ੀ ਵਾਲਮੀਕਿ ਸਥਲ ਰਾਮ ਤੀਰਥ ਅੰਮ੍ਰਿਤਸਰ ਦਾ ਨਿਰਮਾਣ ਕਾਰਜ ਪ੍ਰਗਤੀ ਅਧੀਨ ਹੈ। ਇਹ ਸਮੂਹ ਨਿਰਮਾਣ ਕਾਰਜ ਸਾਲ 2017-18 ਦੌਰਾਨ ਮੁਕੰਮਲ ਕਰ ਲਏ ਜਾਣਗੇ। ਮੀਟਿੰਗ ਦੌਰਾਨ ਯੋਗੇਸ਼ ਗੁਪਤਾ, ਅਰਵਿੰਦਰ ਸਿੰਘ, ਕੇ.ਕੇ. ਗਰਗ (ਸਾਰੇ ਮੁੱਖ ਇੰਜੀਨੀਅਰ) ਅਤੇ ਵਿਭਾਗ ਦੇ ਸਾਰੇ ਵਿੰਗਾਂ ਦੇ ਐਸ.ਈਜ਼ ਹਾਜ਼ਰ ਸਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…