nabaz-e-punjab.com

ਮੁਹਾਲੀ ਵਿੱਚ ਧੂਮਧਾਮ ਨਾਲ ਮਨਾਇਆ 69ਵਾਂ ਗਣਤੰਤਰ ਦਿਵਸ, ਡੀਸੀ ਲਹਿਰਾਇਆ ਤਿਰੰਗਾ ਝੰਡਾ

ਗਣਤੰਤਰ ਦਿਵਸ ਮੌਕੇ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਕੀਤਾ ਵਿਸ਼ੇਸ਼ ਸਨਮਾਨ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜਨਵਰੀ:
ਦੇਸ਼ ਦੇ 69ਵੇਂ ਗਣਤੰਤਰ ਦਿਵਸ ਮੌਕੇ ਸਰਕਾਰੀ ਕਾਲਜ ਦੇ ਗਰਾਊਂਡ ਵਿੱਚ ਮਨਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕੌਮੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ ਉਚੇਚੇ ਤੌਰ ’ਤੇ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਜ਼ਿਲ੍ਹੇ ਨਾਲ ਸਬੰਧਤ ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ ਵਿੱਚ ਸਿਰਕੱਢ ਸੇਵਾਵਾਂ ਦੇਣ ਵਾਲੇ ਹੋਰ ਵਿਅਕਤੀਆਂ ਦਾ ਸਨਮਾਨ ਕੀਤਾ। ਸਮਾਗਮ ਦੌਰਾਨ ਚੰਗੀ ਸਿਹਤ ਲਈ ਸਾਈਕਲ ਦੀ ਵਰਤੋਂ ਨੂੰ ਉਤਸ਼ਾਹਤ ਕਰਦੀ ਰੈਲੀ ਵੀ ਕੱਢੀ ਗਈ। ਇਸ ਸਮਾਗਮ ਦੌਰਾਨ ਜ਼ਿਲ੍ਹਾ ਅਧਿਕਾਰੀਆਂ, ਵਿਦਿਆਰਥੀਆਂ ਅਤੇ ਸਮਾਜ ਦੇ ਹੋਰ ਪਤਵੰਤਿਆਂ ਦੀ ਭਰਪੂਰ ਹਾਜ਼ਰੀ ਵਾਲੇ ਇਸ ਸਮਾਗਮ ਵਿੱਚ ਰਾਸ਼ਟਰੀ ਗਾਨ ਗਾ ਕੇ ਦੇਸ਼ ਪ੍ਰਤੀ ਆਪਣੀ ਅਕੀਦਤ ਭੇਟ ਕੀਤੀ ਗਈ। ਡਿਪਟੀ ਕਮਿਸ਼ਨਰ ਸ੍ਰੀਮਤੀ ਸਪਰਾ ਨੇ ਮਾਰਚ ਪਾਸਟ ਤੋਂ ਪਹਿਲਾਂ ਟੁਕੜੀਆਂ ਦਾ ਮੁਆਇਨਾ ਕੀਤਾ, ਜਿਸ ਵਿੱਚ ਐਸਐਸਪੀ ਕੁਲਦੀਪ ਸਿੰਘ ਚਾਹਲ ਅਤੇ ਐਸਡੀਐਮ ਡਾ. ਅਰਪੀ ਸਿੰਘ ਵੀ ਸ਼ਾਮਲ ਹੋਏ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰੀਮਤੀ ਸਪਰਾ ਨੇ ਪੰਜਾਬ ਸਰਕਾਰ ਦੇ ਲੋਕ ਹਿੱਤੂ ਪ੍ਰੋਗਰਾਮਾਂ ਬਾਰੇ ਵਿਆਖਿਆ ਕਰਦਿਆਂ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਦਾ ਭਰਪੂਰ ਲਾਭ ਉਠਾਉਣ ਦੀ ਹੱਲਾਸ਼ੇਰੀ ਦਿੱਤੀ, ਉਨ੍ਹਾਂ ਸਰਕਾਰ ਦੇ ਵਿਕਾਸ ਮੁਖੀ ਪ੍ਰੋਗਰਾਮਾਂ ਨੂੰ ਜ਼ਿਲ੍ਹਾ ਪੱਧਰ ’ਤੇ ਲਾਗੂ ਕਰਨ ਸਬੰਧੀ ਪ੍ਰਸ਼ਾਸਨ ਦੀ ਤਿਆਰੀ ਦੀ ਰੂਪ ਰੇਖਾ ਪੇਸ਼ ਕਰਦਿਆਂ ਜ਼ਿਲ੍ਹੇ ਦੀਆਂ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਦਾ ਬਿਓਰਾ ਵੀ ਦਿੱਤਾ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜ਼ਿਲ੍ਹਾ ਐੱਸ.ਏ.ਐੱਸ ਨਗਰ ਐਨ.ਜੀ.ਡੀ.ਆਰ ਯੋਜਨਾ ਤਹਿਤ ਆਨ ਲਾਈਨ ਰਜਿਸਟਰੀਆਂ ਕਰਨ ਵਾਲਾ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣਿਆ ਹੈ ਜਿੱਥੇ ਘਰ ਬੈਠਿਆਂ ਰਜਿਸਟਰੀਆਂ ਕਰਵਾਉਣ ਦੀ ਤਿਆਰੀ ਤੱਕ ਦੀ ਸਹੂਲਤ ਪ੍ਰਾਪਤ ਹੋ ਗਈ ਹੈ। ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਮਹਿਲਾਵਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਸਬੰਧੀ ਇੱਕ ਹੀ ਸਥਾਨ ਉੱਤੇ ਮੈਡੀਕਲ ਸੇਵਾ ਪ੍ਰਦਾਨ ਕਰਨ ਲਈ ‘ਵਨ ਸਟੌਪ ਕੇਂਦਰ’ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਰਵਰੀ 2018 ਤੋਂ ਲਾਗੂ ਕੀਤੀ ਜਾ ਰਹੀ ਬਾਲ ਮਿੱਤਰ ਗਰਾਮ ਯੋਜਨਾ ਦਾ ਪਾਇਲਟ ਪ੍ਰੋਜੈਕਟ ਡੇਰਾਬੱਸੀ ਬਲਾਕ ਤੋਂ ਸ਼ੁਰੂ ਕੀਤੇ ਜਾਣ ਨਾਲ ਐਸ.ਏ.ਐਸ ਨਗਰ ਇਸ ਖੇਤਰ ਵਿੱਚ ਕੰਮ ਕਰਨ ਵਾਲਾ ਪਲੇਠਾ ਜ਼ਿਲ੍ਹਾ ਸਿੱਧ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਜ਼ੀਰਕਪੁਰ ਮਿਊਂਸਪਲ ਕਮੇਟੀ ਅਧੀਨ ਪੈਂਦੇ ਪਿੰਡ ਦਿਆਲਪੁਰਾ ਵਿੱਚ ਵਿਲੱਖਣ ਸਮਰੱਥਾ ਵਾਲੇ ਖਿਡਾਰੀਆਂ ਲਈ ਕੌਮੀ ਪੱਧਰ ਦੀ ਖੇਡ ਸੰਸਥਾ ਖੋਲ੍ਹੇ ਜਾਣ ਦੀ ਯੋਜਨਾ ਦਾ ਵੀ ਉਚੇਚਾ ਐਲਾਨ ਕੀਤਾ। ਗਣਤੰਤਰ ਦਿਵਸ ਮੌਕੇ ਪੰਜਾਬ ਪੁਲੀਸ ਅਤੇ ਜ਼ਿਲ੍ਹੇ ਦੇ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਦਸ ਤੋਂ ਵੱਧ ਟੁਕੜੀਆਂ ਨੇ ਸਲਾਮੀ ਦਿੱਤੀ, ਜਿਸ ਮਗਰੋਂ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਪਰਾ ਨੇ ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਵੱਖੋ ਵੱਖ ਖੇਤਰਾਂ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ, ਵਾਤਾਵਰਣ ਪੱਖੀ ਖੇਤੀ ਕਰਨ ਵਾਲੇ ਕਿਸਾਨਾਂ, ਪੁਲੀਸ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਆਦਿ ਦਾ ਸਨਮਾਨ ਕੀਤਾ। ਪੰਜਾਬ ਸਰਕਾਰ ਦੀ ਬੁਢਾਪਾ ਪੈਨਸ਼ਨ ਅਤੇ ਵਿੱਤੀ ਸਹਾਇਤਾ ਸਕੀਮ ਅਧੀਨ ਅੱਠ ਲਾਭਪਾਤਰੀਆਂ ਨੂੰ ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਦੇ ਪੱਤਰ ਅਤੇ ਕੇਂਦਰ ਸਰਕਾਰ ਦੀ ਯੋਜਨਾ ਅਧੀਨ ਕਾਮਨ ਸਰਵਿਸ ਸੈਂਟਰਾਂ ਲਈ ਰਜਿਟਰੇਸ਼ਨ ਕਰਵਾਉਣ ਵਾਲੇ 12 ਨੌਜਵਾਨਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਜ਼ਾਦੀ ਘੁਲਾਟੀਆਂ ਦੀਆਂ ਵਿਧਵਾਵਾਂ ਅਤੇ ਪਰਿਵਾਰਾਂ ਦੀਆਂ ਸਮੱਸਿਆਵਾਂ ਵਿਸਥਾਰ ਨਾਲ ਸੁਣੀਆਂ ਅਤੇ ਵੱਖ-ਵੱਖ ਸਬੰਧਤ ਸਰਕਾਰੀ ਸਕੀਮਾਂ ਦਾ ਲਾਭ ਦੇਣਾ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਹਦਾਇਤਾਂ ਦਿੱਤੀਆਂ।
ਇਸ ਮੌਕੇ ਜਿਲਾ੍ਹ ਪੁਲਿਸ ਮੁੱਖੀ ਸ੍ਰੀ ਕੁਲਦੀਪ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਜੀਵ ਕੁਮਾਰ ਗਰਗ, ਐਸ.ਡੀ.ਐਮ ਮੋਹਾਲੀ ਡਾ. ਆਰ.ਪੀ ਸਿੰਘ, ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਹੰਸ, ਸਯੁੰਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ, ਸਹਾਇਕ ਕਮਿਸ਼ਨਰ (ਜ) ਜਸਬੀਰ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪਾਲਿਕਾ ਆਰੋੜਾ, ਜਿਲਾ੍ਹ ਵਿਕਾਸ ਤੇ ਪੰਚਾਇਤ ਅਸਫਰ ਸ੍ਰੀ ਡੀ.ਕੇ ਸਾਲਦੀ, ਸ੍ਰੀ ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਮੱਛਲੀਕਲਾਂ, ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਪ ਜੈਨ, ਸ੍ਰੀ ਕੁਲਜੀਤ ਸਿੰਘ ਬੇਦੀ, ਸੁਰਿੰਦਰ ਸਿੰਘ ਰਾਜਪੂਤ, ਜਸਬੀਰ ਸਿੰਘ ਮਣਕੂ, ਨਛੱਤਰ ਸਿੰਘ, ਨਰੈਣ ਸਿੰਘ ਸਿੱਧੂ, ਗੁਰਚਰਨ ਸਿੰਘ ਭਮਰਾ ਸਮੇਤ ਹੋਰ ਸ਼ਹਿਰੀ ਪਤਵੰਤੇ ਅਤੇ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…