Share on Facebook Share on Twitter Share on Google+ Share on Pinterest Share on Linkedin ਸਰਕਾਰੀ ਸਕੂਲ ਭਾਰਤਪੁਰ ’ਚ 7 ਅਧਿਆਪਕ, 47 ਬੱਚੇ, ਪੜ੍ਹਾਈ, ਸਫ਼ਾਈ ਤੇ ਅਨੁਸ਼ਾਸਨ ਗਾਇਬ ਸਿੱਖਿਆ ਸੁਧਾਰ ਟੀਮ ਨੂੰ ਅਚਨਚੇਤ ਚੈਕਿੰਗ ਦੌਰਾਨ ਮਿਲੀਆਂ ਖ਼ਾਮੀਆਂ, ਬੱਚਿਆਂ ਤੇ ਅਧਿਆਪਕਾਂ ਦੇ ਅਨੁਪਾਤ ’ਚ ਦੁੱਗਣਾ ਫ਼ਰਕ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ: ਸਮਾਂ ਸਵੇਰ ਦੇ 7:55 ਵੱਜ ਚੁੱਕੇ ਸਨ। ਚੈਕਿੰਗ ਟੀਮ ਵੀ ਸਰਕਾਰੀ ਐਲੀਮੈਂਟਰੀ ਸਕੂਲ ਭਾਰਤਪੁਰ ਵਿੱਚ ਪਹੁੰਚ ਚੁੱਕੀ ਸੀ। ਸਕੂਲ ਦੇ ਕਮਰਿਆਂ ਨੂੰ ਜ਼ਿੰਦੇ ਲੱਗੇ ਹੋਏ ਸਨ ਅਤੇ ਸਾਰੇ ਬੱਚੇ ਬਾਹਰ ਖੜ੍ਹੇ ਸਨ। ਸਕੂਲ ਦੇ ਟੀਚਰ ਸਾਹਿਬਾਨ ਅਜੇ ਤਸ਼ਰੀਫ਼ ਨਹੀਂ ਲਿਆਏ ਸਨ। ਹੈਰਾਨ ਨਹੀਂ ਹੋਣਾ, ਉਂਜ ਇਸ ਸਕੂਲ ਵਿੱਚ ਟੀਚਰ 7 ਹਨ ਅਤੇ ਬੱਚੇ ਕੇਵਲ 4ਜ। ਜਿਨ੍ਹਾਂ ’ਚੋਂ 41 ਬੱਚੇ ਹਾਜ਼ਰ ਹਨ। ਸਵੇਰੇ 7:56 ਵਜੇ ਮੈਡਮ ਹਰਪ੍ਰੀਤ ਵਾਲੀਆ ਸਕੂਲ ਪਹੁੰਚਦੇ ਹਨ। ਬੱਚੇ ਕੁੰਜੀ ਲੈ ਕੇ ਕਮਰਿਆਂ ਦੇ ਜ਼ਿੰਦੇ ਖੋਲ੍ਹਦੇ ਹਨ ਅਤੇ ਸਫ਼ਾਈ ਦੇ ਕੰਮ ਵਿੱਚ ਜੁੱਟ ਜਾਂਦੇ ਹਨ। ਸਵੇਰੇ 7:59 ਵਜੇ ਦੋ ਹੋਰ ਮੈਡਮਾਂ ਅਤੇ ਅਧਿਆਪਕ ਦੀਦਾਰ ਸਿੰਘ ਦੇ ਦੀਦਾਰ ਹੁੰਦੇ ਹਨ। ਚੈਕਿੰਗ ਟੀਮ ਨੂੰ ਦੱਸਿਆ ਗਿਆ ਕਿ ਗਣਿਤ ਵਾਲੇ ਉਪਾਸਨਾ ਮੈਡਮ ਅਤੇ ਹਿੰਦੀ ਵਾਲੇ ਰਾਜ ਕੁਮਾਰੀ ਅਚਨਚੇਤ ਛੁੱਟੀ ’ਤੇ ਹਨ। ਅੱਗੇ ਵਾਰੀ ਆਉਂਦੀ ਹੈ ਸਕੂਲ ਮੁਖੀ ਹਰਪ੍ਰੀਤ ਕੌਰ ਦੀ। ਚੈਕਿੰਗ ਟੀਮ ਨੇ ਪਾਇਆ ਹਰਪ੍ਰੀਤ ਕੌਰ ਵੱਲੋਂ ਪਹਿਲਾਂ ਲਿਖ ਕੇ, ਸਾਈਨ ਕਰਕੇ ਬਿਨਾਂ ਤਰੀਖ ਤੋਂ ਲਿਖੀ ਛੁੱਟੀ ਦੀ ਅਰਜ਼ੀ ਵਿੱਚ ਇੱਕ ਟੀਚਰ ਵੱਲੋਂ ਵੱਖਰੇ ਪੈਨ ਨਾਲ ਭਰੀ ਹੋਈ ਤਾਰੀਖ਼ ਵਾਲੀ ਛੁੱਟੀ ਪੇਸ਼ ਕਰ ਦਿੱਤੀ ਜਾਂਦੀ ਹੈ। ਜਦੋਂਕਿ ਅਧਿਆਪਕ ਦੀਦਾਰ ਸਿੰਘ ਵੱਲੋਂ ਚੈਕਿੰਗ ਟੀਮ ਨੂੰ ਲਿਖਤੀ ਦਿੱਤਾ ਗਿਆ ਕਿ ਹਰਪ੍ਰੀਤ ਕੌਰ ਦਾ ਮੈਨੂੰ 7:56 ਤੇ ਫੋਨ ਆਇਆ ਸੀ ਕਿ ਉਨ੍ਹਾਂ ਵੀਹ ਮਿੰਟ ਦੇਰੀ ਨਾਲ ਆਉਣ ਵਾਸਤੇ ਕਿਹਾ ਹੈ। ਪਰ ਚੈਕਿੰਗ ਟੀਮ ਵੱਲੋੱ ਡੀਡੀਓ ਨੂੰ ਫੋਨ ਕਰਕੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਨ੍ਹਾਂ ਨੂੰ ਸਕੂਲ ਮੁਖੀ ਪੰਜਾਬੀ ਮਿਸਟ੍ਰੈਸ ਹਰਪ੍ਰੀਤ ਕੌਰ ਦੀ ਛੁੱਟੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੱਥੇ ਜ਼ਿਕਰਯੋਗ ਹੈ ਕਿ ਅਡਵਾਂਸ ਵਿੱਚ ਛੁੱਟੀਆਂ ਲਿਖ ਕੇ ਰੱਖਣੀਆਂ ਤੇ ਅਪਾਤ ਸਥਿਤੀ ਵਿੱਚ ਵਰਤਣੀਆਂ ਇਹ ਬਹੁਤ ਸਾਰੇ ਮਹਿਕਮਿਆਂ ਦਾ ਸੁਭਾਅ ਬਣ ਚੁੱਕਿਆ ਹੈ। ਇਹ ਸਾਰਾ ਦ੍ਰਿਸ਼ ਸੂਬੇ ਦੇ ਕਿਸੇ ਸਰਹੱਦੀ ਸਕੂਲ ਦਾ ਨਹੀਂ, ਬਲਕਿ ਆਧੁਨਿਕ ਸ਼ਹਿਰ ਮੋਹਾਲੀ ਦੇ ਨੇੜੇ ਪੈਂਦੇ ਸਰਕਾਰੀ ਮਿਡਲ ਸਕੂਲ ਪਿੰਡ ਭਾਰਤਪੁਰ, ਜ਼ਿਲ੍ਹਾ ਐਸਏਐਸ ਨਗਰ ਮੁਹਾਲੀ ਦਾ ਹੈ। ਸਕੂਲ ਸਿੱਖਿਆ ਸੁਧਾਰ ਟੀਮ ਫਤਹਿਗੜ੍ਹ ਸਾਹਿਬ ਵੱਲੋਂ ਇੰਟਰ ਜ਼ਿਲ੍ਹਾ ਸਪੈਸ਼ਲ ਚੈਕਿੰਗ ਅਧੀਨ ਹੈਰਾਨ ਅਤੇ ਉਦਾਸ ਕਰਨ ਵਾਲੇ ਅੰਕੜਿਆਂ ਦੇ ਰੂਬਰੂ ਹੋਣ ਦੇ ਨਾਲ-ਨਾਲ ਸੋਚਣ ਅਤੇ ਲੋੜੀਂਦੀ ਢੁੱਕਵੀਂ ਕਾਰਵਾਈ ਕਰਨ ਦੀ ਸਥਿਤੀ ਦੀ ਮੰਗ ਵੀ ਨਜ਼ਰ ਅੰਦਾਜ ਨਹੀਂ ਕੀਤੀ ਜਾ ਸਕਦੀ। ਚੈਕਿੰਗ ਟੀਮ ਦੁਆਰਾ ਇਸ ਸਕੂਲ ਬਾਰੇ ਪੇਸ਼ ਕੀਤੀ ਗਈ ਤਸਵੀਰ ਧੁੰਦਲੀ ਹੀ ਨਹੀਂ ਸਗੋਂ ਸਦਮਾ ਪਹੁੰਚਾਉਣ ਵਾਲੀ ਹੈ। ਸਕੂਲ ਦੇ ਬੱਚਿਆਂ ਦੇ ਬਾਥਰੂਮ ਇੰਨੇ ਗੰਦੇ ਸਨ ਕਿ ਉੱਥੇ ਇੱਕ ਮਿੰਟ ਰੁਕਣਾ ਵੀ ਨਰਕ ਵਰਗਾ ਲਗਦਾ ਸੀ। ਮਿਡ ਡੇਅ ਮੀਲ ਦਾ ਰੱਖ-ਰਖਾਓ ਬਹੁਤ ਮਾੜਾ ਸੀ। ਆਲੂ ਜ਼ਮੀਨ ’ਤੇ ਪਏ ਸਨ ਅਤੇ ਪੁੰਗਰੇ ਹੋਏ ਸਨ। ਜਿਨ੍ਹਾਂ ਨੂੰ ਟੀਮ ਨੇ ਸੁੱਟਣ ਲਈ ਕਿਹਾ ਹੈ। ਸਕੂਲ ਦੀਆਂ ਛੱਤਾਂ ’ਤੇ ਘਾਹ ਉੱਗਿਆ ਹੋਇਆ ਸੀ। ਕੁੱਲ ਮਿਲਾ ਕੇ ਸਕੂਲ ਦੀ ਸਫ਼ਾਈ ਦਾ ਮਾੜਾ ਹਾਲ ਸੀ। ਕਲਾਸਾਂ ਵਿੱਚ ਨਾ ਟਾਈਮ ਟੇਬਲ ਅਤੇ ਨਾ ਸਲੇਬਸ ਪ੍ਰਦਰਸ਼ਿਤ ਕੀਤਾ ਹੋਇਆ ਸੀ ਅਤੇ ਨਾ ਬਲੈਕ ਬੋਰਡ ਸਨ। ਸਵੇਰ ਦੀ ਸਭਾ 8:01 ਤੋਂ 8:10 ਤੱਕ ਸਿਰਫ਼ 9 ਮਿੰਟ ਕੀਤੀ ਗਈ। ਇਸ ਸਭਾ ਵਿੱਚ ਸਕੂਲ ਵਿੱਚ ਡਰੰਮ ਹੋਣ ਦੇ ਬਾਵਜੂਦ ਵੀ ਨਹੀਂ ਵਜਾਇਆ ਗਿਆ। ਸਵੇਰ ਦੀ ਸਭਾ ਵਿੱਚ ਪੜ੍ਹੋ ਪੰਜਾਬ ਪ੍ਰਾਜੈਕਟ, ਉਡਾਣ ਪ੍ਰਾਜੈਕਟ ਦੀ ਕੋਈ ਗੱਲ ਤਾਂ ਕੀ ਹੋਣੀ ਸੀ, ਨਾ ਕੋਈ ਪਹਾੜਾ ਪੜ੍ਹਿਆ ਗਿਆ, ਨਾ ਅੰਗਰੇਜ਼ੀ ਦੇ ਸ਼ਬਦ ਸਿਖਾਉਣ ਦੀ ਗੱਲ ਹੋਈ, ਸਗੋਂ ਕਿਸੇ ਟੀਚਰ ਨੇ ਵੀ ਨਿਯਮਾਂ ਮੁਤਾਬਕ ਬਣਦਾ ਬੱਚਿਆਂ ਨੂੰ ਸੰਬੋਧਨ ਹੀ ਨਹੀਂ ਕੀਤਾ। ਅੱਠਵੀਂ ਦੇ 15 ’ਚੋਂ 14 ਹਾਜ਼ਰ ਬੱਚਿਆਂ ’ਚੋਂ ਕੁੱਝ ਦਾ ਪੰਜਾਬੀ ਦਾ ਟੈਸਟ ਲਿਆ ਗਿਆ। ਪਰ ਵਿਚਾਰਿਆਂ ਦੇ 10 ’ਚੋਂ 03 ਨੰਬਰ ਹੀ ਆਏ। ਅੱਠਵੀਂ ਦੀਆਂ ਪੰਜਾਬੀ ਦੀਆਂ ਕਾਪੀਆਂ ਚੈੱਕ ਕੀਤੀਆਂ ਤਾਂ ਪਤਾ ਲੱਗਾ ਕਿ ਪੰਜਾਬੀ ਵਾਲੇ ਮੈਡਮ ਜੀ ਗ਼ਲਤੀਆਂ ਕੱਢਦੇ ਹੀ ਨਹੀਂ, ਪਰ ਟਿੱਕ ਜ਼ਰੂਰ ਕਰ ਦਿੰਦੇ ਹਨ। ਟੀਮ ਨੇ ਪੰਜਾਬੀ ਦੀ ਪਹਿਲਾਂ ਕਰਵਾਈ ਕਹਾਣੀ ’ਚੋਂ 40-45 ਗ਼ਲਤੀਆਂ ਫ਼ੜੀਆਂ। ਪੰਜਾਬੀ ‘ਚ ਲਾਵਾਂ ਅਤੇ ਰਾਰੇ ਦੀਆਂ ਗ਼ਲਤੀਆਂ ਬਹੁਤ ਪਾਈਆਂ ਗਈਆਂ। ਛੇਵੀਂ ਦੇ ਬੱਚਿਆਂ ਦਾ ਹਿਸਾਬ ’ਚੋਂ ਮਾੜਾ ਹਾਲ ਸੀ। ਹਾਂ, ਅੱਠਵੀਂ ਸਾਇੰਸ ਦੇ ਬੱਚਿਆਂ ਦਾ ਕੰਮ ਠੀਕ ਸੀ। ਅੰਗਰੇਜ਼ੀ ਵਿਸ਼ੇ ਦੀ ਕਾਰਗੁਜ਼ਾਰੀ ਠੀਕ ਸੀ ਪਰ ਸਮਾਜਿਕ ਵਿਸ਼ੇ ਦੀ ਕਾਰਗੁਜ਼ਾਰੀ ਅੌਸਤ ਤੋਂ ਘੱਟ ਸੀ। ਇਸੇ ਦੌਰਾਨ ਚੈਕਿੰਗ ਟੀਮ ਵੱਲੋਂ ਮਿਡਲ ਸਕੂਲ ਸਵਾੜਾ ਅਤੇ ਹਾਈ ਸਕੂਲ ਸੈਦਪੁਰ ਦੀ ਵੀ ਚੈਕਿੰਗ ਕੀਤੀ ਗਈ। ਸੈਦਪੁਰ ਸਕੂਲ ਦੀ ਪੰਜਾਬੀ ਟੀਚਰ ਪ੍ਰਭਜੋਤ ਕੌਰ ਦਾ ਕੰਮ ਅਤੇ ਬੱਚਿਆਂ ਨੂੰ ਕਰਵਾਈ ਵਿਆਕਰਣ ਕਾਬਲੇ-ਤਾਰੀਫ਼ ਸੀ। ਇੱਥੇ ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਦੀਆਂ ਨਿਰੀਖਣ ਟੀਮਾਂ ਵੱਲੋਂ ਅੰਤਰ ਜਿਲ੍ਹਾ ਚੈਕਿੰਗਾਂ ਅਧੀਨ 4 ਅਗਸਤ ਨੂੰ ਪਠਾਨਕੋਟ ਦੀ ਚੈਕਿੰਗ ਟੀਮ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ, ਜ਼ਿਲ੍ਹਾ ਮੁਹਾਲੀ ਦੀ ਟੀਮ ਵੱਲੋਂ ਜ਼ਿਲ੍ਹਾ ਰੂਪਨਗਰ, ਜ਼ਿਲ੍ਹਾ ਰੂਪਨਗਰ ਦੀ ਟੀਮ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਹਿਬ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਟੀਮ ਵੱਲੋਂ ਜ਼ਿਲ੍ਹਾ ਮੁਹਾਲੀ ਵਿੱਚ ਸਪੈਸ਼ਲ ਚੈਕਿੰਗ ਕੀਤੀ ਗਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ