ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਪੰਜਾਬ ਦੇ 71 ਲੱਖ 92 ਹਜ਼ਾਰ ਬੱਚਿਆਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਖ਼ੁਰਾਕ

ਪੀਐਚਐਸਸੀ ਦੇ ਐਮਡੀ ਅਮਿਤ ਕੁਮਾਰ ਵੱਲੋਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਖ਼ੁਰਾਕ ਦੇਣ ਦੀ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਪੰਜਾਬ ਭਰ ਵਿੱਚ ਛੋਟੇ ਬੱਚਿਆਂ ਨੂੰ ਪੇਟ ਦੇ ਕੀੜੀਆਂ ਤੋਂ ਮੁਕਤੀ ਦਿਵਾਉਣ ਲਈ ਐਲਬੈਡਾਜ਼ੋਲ ਗੋਲੀ ਖੁਆਉਣ ਲਈ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ ਅੱਜ ਇੱਥੋਂ ਦੇ ਸਰਕਾਰੀ ਸਕੂਲ ਫੇਜ਼-2 ਅਤੇ ਆਂਗਣਵਾੜੀ ਕੇਂਦਰ ਤੋਂ ਸਿਹਤ ਵਿਭਾਗ ਦੇ ਸਪੈਸ਼ਲ ਸਕੱਤਰ-ਕਮ-ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮਡੀ ਅਮਿਤ ਕੁਮਾਰ ਨੇ ਬੱਚਿਆਂ ਨੂੰ ਐਲਬੈਡਾਜ਼ੋਲ ਗੋਲੀ ਖੁਆ ਕੇ ਕੀਤੀ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਨੈਸ਼ਨਲ ਹੈਲਥ ਮਿਸ਼ਨ ਅਧੀਨ ਪੇਟ ਦੇ ਕੀੜੀਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਨੂੰ ਫਰਵਰੀ ਤੇ ਅਗਸਤ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ, ਇਨਫੈਕਸ਼ਨ ਤੋਂ ਬਚਾਅ ਅਤੇ ਤੰਦਰੁਸਤ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਸ੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਐਲਬੈਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਜਾ ਰਹੀ ਹੈ। ਪੰਜਾਬ ਵਿੱਚ 71 ਲੱਖ 92 ਹਜ਼ਾਰ 213 ਬੱਚਿਆਂ ਨੂੰ ਕਵਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਹ ਗੋਲੀ (ਚਬਾ ਕੇ ਖਾਣ ਵਾਲੀ) ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਮੁਫ਼ਤ ਉਪਲਬਧ ਕਰਵਾਈਆਂ ਗਈਆਂ ਹਨ। ਇਸ ਦੇ ਨਾਲ ਗੈਰ ਰਜਿਸਟਰਡ ਅਤੇ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਵੀ ਇਹ ਦਵਾਈਆਂ ਮੁਫ਼ਤ ਦਿੱਤੀ ਜਾਵੇਗੀ। ਜੋ ਬੱਚੇ ਕਿਸੇ ਕਾਰਨ ਦਵਾਈ ਨਹੀਂ ਖਾ ਸਕੇ। ਉਨ੍ਹਾਂ ਨੂੰ ਮੋਪ-ਅਪ ਦਿਵਸ ਮੌਕੇ ਤੇ 14 ਫਰਵਰੀ, 2019 ਨੂੰ ਖੁਆਈ ਜਾਵੇਗੀ।
ਪ੍ਰੋਗਰਾਮ ਅਫ਼ਸਰ ਡਾ. ਸੁਖਦੀਪ ਕੌਰ ਨੇ ਦੱਸਿਆ ਕਿ ਪੇਟ ਵਿੱਚ ਕੀੜਿਆਂ ਦੀ ਸਮੱਸਿਆ ਦੇ ਕਾਰਨ ਬੱਚਿਆਂ ਵਿੱਚ ਅਨੀਮੀਆ, ਕੁਪੋਸ਼ਣ, ਦਿਮਾਗੀ ਤੇ ਸਰੀਰਕ ਵਿਕਾਸ ਵਿੱਚ ਕਮੀ ਆ ਜਾਂਦੀ ਹੈ। ਖ਼ੂਨ ਦੀ ਕਮੀ ਦੇ ਕਾਰਨਾਂ ’ਚੋਂ ਮੁੱਖ ਕਾਰਨ ਸੰਤੁਲਿਤ ਖ਼ੁਰਾਕ ਦੀ ਘਾਟ, ਕੁਪੋਸ਼ਣ ਅਤੇ ਪੇਟ ਦੇ ਕੀੜੇ ਹੁੰਦੇ ਹਨ। ਖ਼ੂਨ ਦੀ ਕਮੀ ਕਾਰਣ ਬੱਚੇ ਥੱਕੇ-ਥੱਕੇ ਮਹਿਸੂਸ ਕਰਦੇ ਹਨ। ਬੱਚਿਆਂ ਵਿੱਚ ਚਿੜਚਿੜਾਪਣ ਆ ਜਾਂਦਾ ਹੈ ਅਤੇ ਜਲਦੀ ਖਿਝ ਜਾਂਦੇ ਹਨ। ਬੱਚਿਆਂ ਦਾ ਪੜ੍ਹਾਈ ਵਿੱਚ ਮਨ ਨਹੀਂ ਲਗਦਾ ਅਤੇ ਯਾਦ-ਦਾਸ਼ਤ ਕਮਜ਼ੋਰ ਹੋਣ ਲਗਦੀ ਹੈ। ਬੱਚਿਆਂ ਦਾ ਸਰੀਰਕ ਵਿਕਾਸ ਰੁਕ ਜਾਂਦਾ ਹੈ ਅਤੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ। ਖ਼ੂਨ ਦੀ ਕਮੀ ਨਾਲ ਬੱਚਿਆਂ ਦੇ ਪੂਰੇ ਜੀਵਨ ’ਤੇ ਬੁਰਾ ਪ੍ਰਭਾਵ ਪੈਂਦਾ ਹੈ।
ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਡੀਵਾਰਮਿੰਗ ਦੀ ਦਵਾਈ ਦੇ ਲਾਭ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਆਪਣੇ ਹੱਥ ਅਤੇ ਆਲਾ ਦੁਆਲਾ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜਰੇਵਾਲ, ਐਸਐਮਓ ਡਾ. ਮਨਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਸੰਤੋਸ਼ ਕੁਮਾਰੀ, ਸਟੇਟ ਪ੍ਰੋਗਰਾਮ ਅਫ਼ਸਰ (ਆਈਈਸੀ ਤੇ ਮੀਡੀਆ) ਸ਼ਵਿੰਦਰ ਸਹਿਦੇਵ, ਅਸਿਸਟੈਂਟ ਪ੍ਰੋਗਰਾਮ ਅਫ਼ਸਰ ਡਾ. ਯੋਗੇਸ਼ ਕੁਮਾਰ ਰਾਏ, ਡਿਪਟੀ ਡਾਇਰੈਕਟਰ (ਮਹਿਲਾ ਤੇ ਬਾਲ ਵਿਕਾਸ ਵਿਭਾਗ) ਤੇ ਡੀਪੀਓ ਸੁਖਦੀਪ ਸਿੰਘ ਤੇ ਸਰਕਾਰੀ ਹਾਈ ਸਕੂਲ ਫੇਜ਼-2 ਦੀ ਪ੍ਰਿੰਸੀਪਲ ਸ੍ਰੀਮਤੀ ਰੇਨੂੰ ਮਿਸ਼ਰਾ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…