
ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਦਾ 74.94 ਫੀਸਦੀ ਕੰਮ ਮੁਕੰਮਲ: ਆਸ਼ਿਕਾ ਜੈਨ
ਬਾਕੀ ਟੀਚਾ ਪੂਰਾ ਕਰਨ ਲਈ 12 ਮਾਰਚ ਨੂੰ ਘਰ-ਘਰ ਜਾਣਗੇ ਬੀਐਲਓਜ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਦਾ ਕੰਮ ਹੁਣ ਤੱਕ 74.94 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ ਵੋਟਰਾਂ ਪਾਸੋਂ ਆਧਾਰ ਦੇ ਵੇਰਵੇ ਪ੍ਰਾਪਤ ਕਰਨ 12 ਮਾਰਚ ਨੂੰ ਬੀਐਲਓਜ਼ ਵੋਟਰਾਂ ਦੇ ਘਰ-ਘਰ ਜਾਣਗੇ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੌਜੂਦਾ ਫੋਟੋ ਵੋਟਰ ਸੂਚੀ ਵਿੱਚ ਦਰਜ ਸਮੁੱਚੇ ਵੋਟਰਾਂ ਦੇ ਡਾਟੇ ਨੂੰ ਆਧਾਰ ਡਾਟਾ ਨਾਲ ਜੋੜਨ ਲਈ ਘਰ-ਘਰ ਸਰਵੇ ਕੀਤਾ ਜਾ ਰਹਾ ਹੈ। ਇਸ ਮੁਹਿੰਮ ਦੌਰਾਨ ਵੋਟਰਾਂ ਦੀ ਸਹੂਲਤ ਲਈ ਸਮੂਹ ਬੀਐੱਲਓਜ 12 ਮਾਰਚ ਨੂੰ ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਲਿੰਕ ਕਰਨ ਲਈ ਘਰ-ਘਰ ਜਾ ਕੇ ਫਾਰਮ ਨੰਬਰ-6ਬੀ ਇਕੱਤਰ ਕਰਨਗੇ।
ਸ੍ਰੀਮਤੀ ਜੈਨ ਨੇ ਦੱਸਿਆ ਕਿ ਜੇਕਰ ਕਿਸੇ ਵੋਟਰ ਪਾਸ ਆਧਾਰ ਨੰਬਰ ਨਹੀਂ ਹੈ ਜਾਂ ਉਹ ਆਪਣਾ ਆਧਾਰ ਨੰਬਰ ਦੇਣ ਦੇ ਸਮਰੱਥ ਨਹੀਂ ਹੈ ਤਾਂ ਸਬੰਧਤ ਵੋਟਰ ਫਾਰਮ ਨੰ-6ਬੀ ਵਿੱਚ ਦਰਜ 11 ਕਿਸਮ ਦੇ ਦਸਤਾਵੇਜ਼ਾਂ ’ਚੋਂ ਕਿਸੇ ਇੱਕ ਦਸਤਾਵੇਜ਼ ਦੀ ਕਾਪੀ ਆਪਣੇ ਬੀਐੱਲਓਜ਼ ਪਾਸ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰ ਕਮਿਸ਼ਨ ਦੀ ‘ਐਨਵੀਐਸਪੀ ਡਾਟ ਇਨ’ ਵੈਬਸਾਈਟ ਜਾਂ ‘ਵੋਟਰ ਹੈਲਪਲਾਈਨ’ ਮੋਬਾਈਲ ਐਪ ’ਤੇ ਆਨਲਾਈਨ ਵਿਧੀ ਨਾਲ ਆਪਣਾ ਆਧਾਰ ਨੰਬਰ ਪ੍ਰਮਾਣਿਤ ਕਰ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੋਟਰ ਵੱਲੋਂ ਆਧਾਰ ਨੰਬਰ ਦੇ ਦਿੱਤੇ ਜਾਣ ਵਾਲੇ ਵੇਰਵੇ ਉਸ ਵੱਲੋਂ ਸਵੈ-ਇੱਛਤ ਹਨ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਵਿਸ਼ੇਸ਼ ਕੈਂਪ ਦੌਰਾਨ ਉਹ ਸੁਪਰਵਾਈਜ਼ਰਾਂ ਅਤੇ ਬੀਐੱਲਓਜ਼ ਨੂੰ ਆਧਾਰ ਕਾਰਡ ਦੇ ਵੇਰਵੇ ਲਿੰਕ ਕਰਵਾਉਣ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਬਕਾਇਆ ਰਹਿੰਦਾ ਟੀਚਾ ਵੀ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।