
ਇਸ਼ਤਿਹਾਰਬਾਜ਼ੀ ’ਤੇ ਖ਼ਰਚੇ ਜਾਂਦੇ 750 ਕਰੋੜ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਵਜੋਂ ਦਿੱਤੇ ਜਾਣ: ਬੇਦੀ
ਧੰਨ ਹਨ ਪੰਜਾਬ ਦੇ ਲੋਕ ਤੇ ਗੁਰਦੁਆਰਾ ਕਮੇਟੀਆਂ ਜਿਨ੍ਹਾਂ ਹੜ੍ਹ ਪੀੜਤਾਂ ਦੀ ਮਦਦ ਕੀਤੀ: ਡਿਪਟੀ ਮੇਅਰ
ਨਬਜ਼-ਏ-ਪੰਜਾਬ, ਮੁਹਾਲੀ, 25 ਜੁਲਾਈ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਵੱਡੇ ਪੱਧਰ ’ਤੇ ਲੋਕਾਂ ਦਾ ਨੁਕਸਾਨ ਹੋਇਆ ਹੈ। ਮੁਆਵਜ਼ੇ ਲਈ ਕੇਂਦਰ ਸਰਕਾਰ ਦੇ ਤਰਲੇ ਕੱਢਣ ਦੀ ਥਾਂ ਇਸ਼ਤਿਹਾਰਬਾਜ਼ੀ ’ਤੇ ਖ਼ਰਚੇ ਜਾ ਰਹੇ 750 ਕਰੋੜ ਰੁਪਏ ਪੀੜਤ ਪਰਿਵਾਰਾਂ ਨੂੰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਫੌਰੀ ਰਾਹਤ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਇਸ ਲਈ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਰੋਜ਼ਾਨਾ ਇਸ਼ਤਿਹਾਰਬਾਜ਼ੀ ’ਤੇ ਕਰੋੜਾਂ ਰੁਪਏ ਖ਼ਰਚ ਕਰਨ ਦੀ ਥਾਂ ਪੀੜਤ ਲੋਕਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਜਾਵੇ।
ਡਿਪਟੀ ਮੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਨਾਲ ਝੰਬੇ ਲੋਕਾਂ ਦੀ ਮਦਦ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਧੰਨ ਹਨ ਪੰਜਾਬ ਦੇ ਉਹ ਲੋਕ ਜਿਨ੍ਹਾਂ ਨੇ ਖ਼ੁਦ ਅੱਗੇ ਆ ਕੇ ਇੱਕ ਦੂਜੇ ਦੀ ਮਦਦ ਕੀਤੀ ਹੈ ਅਤੇ ਹੜ੍ਹਾਂ ਦੌਰਾਨ ਲੋੜਵੰਦਾਂ ਦੀ ਬਾਂਹ ਫੜੀ ਹੈ। ਉਨ੍ਹਾਂ ਗੁਰਦੁਆਰਾ ਪ੍ਰਬੰਧਕ ਅਤੇ ਮੰਦਰ ਕਮੇਟੀਆਂ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਨੇ ਹੜ੍ਹ ਪੀੜਤਾਂ ਲਈ ਲੰਗਰਾਂ ਦੀ ਸੇਵਾ ਕੀਤੀ। ਉਨ੍ਹਾਂ ਮੁੜ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਪੰਜਾਬ ਸਰਕਾਰ ਇਸ਼ਤਿਹਾਰਬਾਜ਼ੀ ਉੱਤੇ ਪੈਸੇ ਬਰਬਾਦ ਕਰਨ ਦੀ ਥਾਂ ਸੁਹਿਰਦ ਹੋ ਕੇ ਹੜ ਪੀੜਤਾਂ ਦੀ ਫੌਰੀ ਤੌਰ ਤੇ ਮਦਦ ਕਰੇ ਤਾਂ ਜੋ ਹਰ ਪੱਖੋਂ ਉਜੜ ਚੁੱਕੇ ਹੜ੍ਹ ਪੀੜਤਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲੱਗ ਸਕੇ।