nabaz-e-punjab.com

ਆਜ਼ਾਦੀ ਦੀ 75ਵੇਂ ਵਰ੍ਹੇਗੰਢ: ਜਿਨ੍ਹਾਂ ਲੋਕਾਂ ਨੂੰ ਕਬਰਾਂ ਲਈ ਮਿੱਟੀ ਤੇ ਸ਼ਮਸ਼ਾਨ ਦੀ ਅੱਗ ਤੱਕ ਨਸੀਬ ਨਹੀਂ ਹੋਈ, ਉਨ੍ਹਾਂ ਤੜਪਦੀਆਂ ਰੂਹਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਦੇਸ਼ ਆਜ਼ਾਦੀ ਦੀ 75ਵੀਂ ਸਾਲ-ਗਿਰ੍ਹਾ ਦੇ ਜਸ਼ਨ ਨੂੰ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਤਾਂ ਭਾਵੇਂ ਜੰਮ ਜੰਮ ਮਨਾਓ ਪਰ ਦੇਸ਼ ਦੇ ਬਟਵਾਰੇ ਦੀਆਂ ਨਮੋਸ਼ੀਆਂ, ਲੱਖਾਂ ਲੋਕਾਂ ਦੇ ਅਚਨਚੇਤ ਸ਼ਰਨਾਰਥੀ ਬਣ ਜਾਣ ਦੀ ਪੀੜਾ ਅਤੇ ਇਸ ਬਰਬਾਦੀ ਵਰ੍ਹਿਆਂ-ਬੱਧੀ ਭੋਗੇ ਅਣਕਿਆਸੇ ਸਰਾਪਾਂ, ਲੱਖਾਂ ਹੀ ਬੇਦੋਸ਼ਿਆਂ ਦੀਆਂ, ਨਿਰਬੋਧ ਹੱਤਿਆਵਾਂ, ਟੱਬਰਾਂ ਦੇ ਵਿਛੋੜਿਆਂ ਦੀਆਂ ਨਾ ਸਹਿਣ ਯੋਗ ਗਾਥਾਵਾਂ ਦੀ ਵਰ੍ਹਿਆ-ਬੱਧੀ ਪੀੜਾ ਅਤੇ ਮਨੁੱਖਤਾ ਤੇ ਹੈਵਾਨੀਆਤ ਤੇ ਸ਼ੈਤਾਨੀਅਤ ਦੇ ਟੁੱਟੇ ਬੇਪਨਾਹ ਕਹਿਰ ਉੱਤੇ, ਦੇਸ਼ ਵੱਲੋਂ ਸਮੂਹਿਕ ਪਛਤਾਵਾ ਕੌਣ ਕਰੇਗਾ, ਜਿਨ੍ਹਾਂ ਲੋਕਾਂ ਨੂੰ ਕਬਰਾਂ ਲਈ ਮਿੱਟੀ ਤੇ ਸ਼ਮਸ਼ਾਨ ਦੀ ਅੱਗ ਤੱਕ ਨਸੀਬ ਨਹੀਂ ਹੋਈ, ਉਨ੍ਹਾਂ ਤੜਪਦੀਆਂ ਰੂਹਾਂ ਦੀ ਸ਼ਾਂਤੀ ਲਈ, ਪੂਰਾ ਦੇਸ਼ ਸਮੂਹਿਕ ਅਰਦਾਸ ਕਦੋਂ ਕਰੇਗਾ? ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ ਕੀ ਦੇਸ਼ ਦੀ ਅਜ਼ਾਦੀ ਦੀ ਚਕਾਚੌਂਧ ਵਿੱਚ ਅਸੀਂ ਇਸ ਕੀਮਤ ਨੂੰ ਭੁੱਲ ਗਏ ਹਾਂ, ਕੀ ਸਾਡੀਆਂ ਜ਼ਮੀਰਾਂ ਤੇ ਸਾਡੇ ਕੌਮੀ ਇਖ਼ਲਾਕ ਵਿੱਚੋਂ ਸੰਵੇਦਨਸ਼ੀਲਤਾ ਮਨਫ਼ੀ ਹੋ ਚੁੱਕੀ ਹੈ ਜਾਂ ਉੱਕਾ ਹੀ ਮਰ ਚੁੱਕੀ ਹੈ? ਕਹਿਣ ਨੂੰ ਤਾਂ ਭਾਵੇਂ ਇਹ ਦੇਸ਼ ਦਾ ਬਟਵਾਰਾ ਸੀ, ਪਰ ਹਕੀਕਤ ਵਿੱਚ ਤਾਂ ਇਹ ਵੰਡ ਕੇਵਲ, ਪੰਜਾਬ ਅਤੇ ਬੰਗਾਲ ਦੀ ਹੀ ਸੀ।ਜੰਗ-ਏ-ਆਜ਼ਾਦੀ ਦੇ ਦਸਤਾਵੇਜੀ ਸਬੂਤਾਂ ਤੇ ਗੋਸ਼ਵਾਰਿਆ ਅਨੁਸਾਰ, ਇਹ ਇੱਕ ਇਤਿਹਾਸਕ ਸਚਾਈ ਹੈ ਕਿ, ਅੰਗਰੇਜ਼ ਦੀ ਗ਼ੁਲਾਮੀ ਦੀਆਂ ਜੰਜੀਰਾਂ ਕੱਟਣ ਵਿੱਚ ਤੇ ਦੇਸ਼ ਦੀ ਆਜ਼ਾਦੀ ਦੀ ਤਹਿਰੀਕ ਵਿੱਚ ਕੁਰਬਾਨੀਆ ਦੇਣ ਵਾਲਿਆ ਵਿੱਚ ਪੰਜਾਬ ਅਤੇ ਬੰਗਾਲ ਹੀ ਦੋ ਮੋਹਰੀ ਖਿੱਤੇ ਸਨ। ਸ਼ਾਇਦ ਇਸੇ ਕਾਰਨ ਇਨ੍ਹਾਂ ਨੂੰ ਤਕਸੀਮ ਕਰਨ ਵੇਲੇ ਅੰਗਰੇਜ਼ ਨੂੰ ਕੋਈ ਦਰਦ ਨਹੀਂ ਆਇਆ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬ ਦੇ ਦੋ ਟੁਕੜੇ ਕਰਕੇ ਇਨ੍ਹਾਂ ਟੁਕੜਿਆਂ ਨੂੰ ਈਸਟ-ਪੰਜਾਬ ਤੇ ਵੈਸਟ-ਪੰਜਾਬ ਦਾ ਨਾਮ ਦਿੱਤਾ ਗਿਆ। ਦੇਸ਼ ਦੀ ਆਜ਼ਾਦੀ ਦੀ ਸਭ ਤੋਂ ਵੱਧ ਕੀਮਤ ਪੰਜਾਬ ਵਿੱਚ ਵੱਸਦੇ ਸਿੱਖਾਂ ਤੇ ਹਿੰਦੂ ਪਰਿਵਾਰਾਂ ਨੇ ਹੰਢਾਈ। ਰਾਜਨੀਤਕ, ਧਾਰਮਿਕ ਤੇ ਸਮਾਜਿਕ ਤੌਰ ਤੇ ਇਸ ਵੰਡ ਦੀ ਤਬਾਹੀ ਦਾ, ਸਭ ਤੋਂ ਵੱਧ ਖ਼ਮਿਆਜ਼ਾ ਸਿੱਖ ਕੌਮ ਨੂੰ ਭੁਗਤਣਾ ਪਿਆ। ਸਿੱਖ ਕੌਮ ਨਾਲ ਹੋਏ ਵਿਸ਼ਵਾਸ਼ਘਾਤ ਦੀ ਭਰਪਾਈ ਤਾਂ ਦੇਸ਼ ਦੀ ਆਜ਼ਾਦੀ ਦੇ 75 ਵਰ੍ਹਿਆ ਵਿੱਚ ਵੀ ਨਹੀਂ ਹੋ ਸਕੀ, ਸਗੋਂ ਸਿੱਖ ਕੌਮ ਦੇ ‘ਕੌਮੀ ਅਸਤਿਤਵ’ ਨੂੰ ਇੱਕ ਵੱਡੀ ਜਥੇਬੰਦਕ ਸਾਜ਼ਿਸ਼ ਅਧੀਨ ਲੀਰੋ-ਲੀਰ ਕਰ ਦਿੱਤਾ ਗਿਆ। ਜਿਸਦਾ ਸਬੂਤ ਅੱਜ ਦਾ ਲੁੱਟਿਆ-ਪੁੱਟਿਆ ਕਰਜ਼ਦਾਰ ਪੰਜਾਬ ਹੈ। ਕੀ ਕੋਈ ਦੱਸ ਸਕਦਾ ਹੈ ਜਿਸ ਮਹਾਨ ਤੇ ਵਿਸ਼ਾਲ ਪੰਜਾਬ ਦੀ ਰਾਜਧਾਨੀ ਦੇਸ਼ ਦੀ ਵੰਡ ਤੋਂ ਪਹਿਲਾਂ ‘ਲਹੌਰ’ ਸੀ, ਅੱਜ ਉਹ ਪੰਜਾਬ ਆਪਣੀ ਉਸਾਰੀ ਹੋਈ ਰਾਜਧਾਨੀ ਵਿੱਚ ਕਿਰਾੲਦਾਰ ਕਿਉਂ ਹੈ? ਆਕਿਰ ਇਨ੍ਹਾਂ ਉਲਝੇ ਸਵਾਲਾਂ ਦੇ ਜਵਾਗ ਕੌਣ ਦੇਵੇਗਾ?
ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਦੇਸ਼ ਦੀ ਆਜ਼ਾਦੀ ਦਾ 75ਵਾਂ ਸਾਲ, ਦੇਸ਼ ਦੇ ਰਾਜਨੀਤਕ ਇਤਿਹਾਸ ਵਿੱਚ ਇੱਕ ਨਿਰਨਾਇਕ ਮੋੜ ਹੈ ਪਰ ਸਮੁੱਚਤਾ ਵਿੱਚ ਮੁਕਮੰਲ ਹਾਲਾਤ ਦੀ ਬਾਰੀਕੀ ਨਾਲ, ਦੇਸ਼ ਦੀਆਂ ਘੱਟ ਗਿਣਤੀਆਂ ਨੂੰ ‘ਕੀ ਪਾਇਆ ਤੇ ਕੀ ਗਵਾਇਆ’ ਇਸ ਵਿਸ਼ੇ ਦੀ ਗੰਭੀਰ ਸਮੀਖਿਆ ਕਰਨੀ ਬਣਦੀ ਹੈ ਅਤੇ ਉਸ ਦ੍ਰਿਸ਼ਟੀ ਵਿੱਚ ਹੀ, ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਦੇਖਣਾ ਚਾਹੀਦਾ ਹੈ ਅਤੇ ਉਸ ਪ੍ਰਤੀ ਆਪਣਾ ਸਮੇਂ ਅਨੁਸਾਰ ਕੋਈ ਢੁਕਵਾਂ ਰਵੱਈਆ ਇਖ਼ਤਿਆਰ ਕਰਨਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…