ਚਿੱਟ ਫੰਡ: ਕਰੋੜਾਂ ਦੀ ਠੱਗੀ ਦੇ ਮਾਮਲੇ ਵਿੱਚ ਬਰਨਾਲਾ ਦੇ 8 ਏਜੰਟ ਗ੍ਰਿਫ਼ਤਾਰ

ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪੈਸੇ ਦੂਗਣੇ ਕਰਨ ਦਾ ਲਾਲਚ ਦੇ ਕੇ ਲੋਕਾਂ ਨਾਲ ਮਾਰੀ 1500 ਕਰੋੜ ਰੁਪਏ ਦੀ ਠੱਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਦਸੰਬਰ:
ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਵੱਲੋਂ ਚਿੱਟ ਫੰਡ ਠੱਗੀ ਦੇ ਮਾਮਲੇ ਵਿੱਚ ਪਹਿਲਾਂ ਹੀ ਪੰਜਾਬੀ ਫਿਲਮ ‘ਮਿੱਟੀ ਦਾ ਫਰੋਲ ਜੋਗੀਆ’ ਦਾ ਨਿਰਮਾਤਾ ਰਾਮ ਸਿੰਘ ਸਿੱਧੂ ਅਤੇ ਉਸ ਦਾ ਸਾਥੀ ਹਰਵਿੰਦਰ ਸਿੰਘ ਪੁਲੀਸ ਰਿਮਾਂਡ ’ਤੇ ਚਲ ਰਹੇ ਸੀ ਅਤੇ ਅੱਜ ਪੁਲੀਸ ਨੇ ਇਸ ਮਾਮਲੇ ਵਿੱਚ ਉਨ੍ਹਾਂ ਦੇ ਛੇ ਹੋਰ ਸਾਥੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਟੇਟ ਕਰਾਈਮ ਵਿੰਗ ਦੇ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਬੇਅੰਤ ਸਿੰਘ, ਭਗਵੰਤ ਸਿੰਘ, ਬਲਬੀਰ ਸਿੰਘ, ਮਿੱਠੂ ਸਿੰਘ, ਲਲਿਤ ਕਮਾਰ ਅਤੇ ਪਰਦੀਪ ਸਿੰਘ ਖੁਰਮੀ ਵਜੋਂ ਹੋਈ ਹੈ। ਮੁਲਜ਼ਮਾਂ ’ਤੇ ਲੋਕਾਂ ਨੂੰ ਵਰਗਲਾ ਕੇ ਪੈਸਾ ਦੁਗਣਾ ਕਰਨ ਦਾ ਲਾਲਚ ਦੇ ਕੇ 150ਰ ਕਰੋੜ ਦੀ ਠੱਗੀ ਮਾਰਨ ਦਾ ਦੋਸ਼ ਹੈ।
ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਸੋਚੀ ਸਮਝੀ ਯੋਜਨਾ ਦੇ ਤਹਿਤ ਪੀੜਤ ਲੋਕਾਂ ਨਾਲ ਕਰੀਬ 1500 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖ਼ਤ ’ਤੇ ਇੱਕ ਮੋਬਾਈਲ ਫੋਨ ਅਤੇ ਸੀਪੀਯੂ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਹਰਵਿੰਦਰ ਸਿੰਘ ’ਤੇ ਸੰਗਰੂਰ ਵਿੱਚ ਇੱਕ ਵਿਅਕਤੀ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਵੱਖਰੇ ਤੌਰ ’ਤੇ ਕੇਸ ਦਰਜ ਹੈ। ਪੁਲੀਸ ਅਨੁਸਾਰ ਹਰਵਿੰਦਰ ਨੇ ਜਿਸ ਵਿਅਕਤੀ ਨੂੰ ਪੈਸੇ ਦੂਗਣੇ ਕਰਨ ਦਾ ਝਾਂਸਾ ਦੇ ਕੇ ਉਸ ਤੋਂ ਲੱਖਾਂ ਰੁਪਏ ਠੱਗੇ ਸੀ। ਉਸ ਨੇ ਦੁਖੀ ਹੋ ਕੇ ਮੌਤ ਨੂੰ ਆਪਣੇ ਗਲੇ ਲਗਾ ਲਿਆ ਸੀ। ਇਸ ਮਾਮਲੇ ਵਿੱਚ ਮੁਲਜ਼ਮ ਜ਼ਮਾਨਤ ’ਤੇ ਚਲ ਰਿਹਾ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਸਟੇਟ ਕਰਾਈਮ ਥਾਣਾ ਫੇਜ਼-4 ਵਿੱਚ ਧਾਰਾ 406, 420, 467, 468, 471 ਅਤੇ 120ਬੀ ਅਤੇ ਚਿੱਟ ਫੰਡ ਐਕਟ 1978 ਦੀ ਧਾਰਾ 4 ਤੇ 5 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਟੇਟ ਕਰਾਈਮ ਸੈੱਲ ਨੇ 19 ਅਕਤੂਬਰ 2016 ਵਿੱਚ ਬਿਜਲੀ ਬੋਰਡ ਦੇ ਜੂਨੀਅਰ ਇੰਜੀਨੀਅਰ ਜੈ ਪਾਲ ਸਿੰਘ ਵਾਸੀ ਸੁਨਾਮ ਦੀ ਸ਼ਿਕਾਇਤ ’ਤੇ ਕਰਾਊਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਸਿੱਧੂ ਸਮੇਤ ਇੰਦਰਜੀਤ ਸਿੰਘ ਖੰਨਾ, ਅਮਨਦੀਪ ਸਿੰਘ, ਹਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਦੋਂ ਕਿ ਰਵਿੰਦਰ ਸਿੰਘ ਪਾਪੜਾ, ਰਜਿੰਦਰ ਸਿੰਘ ਹਾਲੇ ਤਾਈਂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਕਤ ਸਾਰੇ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…