
ਪੰਜਾਬ ਨੈਸ਼ਨਲ ਬੈਂਕ ਘੜੂੰਆਂ ਦੇ ਏਟੀਐਮ ’ਚੋਂ 8.48 ਲੱਖ ਲੁੱਟੇ
ਗੈਸ ਕਟਰ ਨਾਲ ਪਹਿਲਾਂ ਸ਼ਟਰ ਕੱਟਿਆਂ, ਫਿਰ ਮਸ਼ੀਨ ਪੁੱਟ ਕੇ ਨਗਦੀ ਕੱਢੀ
ਮਲਕੀਤ ਸਿੰਘ ਸੈਣੀ\ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਖਰੜ\ਮੁਹਾਲੀ, 19 ਜੁਲਾਈ:
ਮੁਹਾਲੀ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਘੜੂੰਆਂ ਦੀ ਸੰਘਣੀ ਆਬਾਦੀ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਦੀ ਮਸ਼ੀਨ ਕੱਟ ਕੇ ਦੋ ਅਣਪਛਾਤੇ ਲੁਟੇਰੇ ਕਰੀਬ 9 ਲੱਖ ਰੁਪਏ ਲੁੱਟ ਕੇ ਲੈ ਗਏ। ਇਹ ਘਟਨਾ ਲੰਘੀ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਏਟੀਐਮ ਦੀ ਸੁਰੱਖਿਆ ਲਈ ਰਾਤ ਨੂੰ ਉੱਥੇ ਕੋਈ ਸੁਰੱਖਿਆ ਗਾਰਡ ਵੀ ਨਹੀਂ ਸੀ। ਸੂਚਨਾ ਮਿਲਦੇ ਹੀ ਡੀਐਸਪੀ ਖਰੜ ਪਾਲ ਸਿੰਘ ਅਤੇ ਘੜੂੰਆਂ ਥਾਣਾ ਦੇ ਐਸਐਚਓ ਕੈਲਾਸ਼ ਬਹਾਦਰ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਬੈਂਕ ਨੇੜੇ ਸਰਕਾਰੀ ਹਸਪਤਾਲ ਹੈ, ਦੁਕਾਨਾਂ ਅਤੇ ਲੋਕਾਂ ਦੇ ਘਰ ਹਨ। ਫਿਰ ਵੀ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸਫਲ ਰਹੇ ਅਤੇ ਕਿਸੇ ਪਿੰਡ ਵਾਸੀ ਜਾਂ ਹਸਪਤਾਲ ਦੇ ਮੁਲਾਜ਼ਮ ਨੂੰ ਰਾਤ ਨੂੰ ਗੈਸ ਕਟਰ ਚੱਲਣ ਦੀ ਆਵਾਜ਼ ਸੁਣਾਈ ਨਹੀਂ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਸਨਿੱਚਰਵਾਰ ਦੀ ਰਾਤ ਨੂੰ ਦੋ ਅਣਪਛਾਤੇ ਕਰੂਜ਼ ਕਾਰ ਵਿੱਚ ਸਵਾਰ ਹੋ ਕੇ ਆਏ ਸੀ। ਜਿਵੇਂ ਉਹ ਬੈਂਕ ਦੇ ਬਾਹਰ ਪਹੁੰਚੇ ਤਾਂ ਉੱਥੇ ਸੜਕ ’ਤੇ ਬੈਠੇ ਆਵਾਰਾ ਕੁੱਤਿਆਂ ਨੇ ਭੌਂਕਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿਸੇ ਤਰੀਕੇ ਨਾਲ ਦਵਾਈ ਵਗੈਰਾ ਨਾਲ ਕੁੱਤਿਆਂ ਨੂੰ ਬੇਹੋਸ਼ ਕੀਤਾ ਗਿਆ। ਇਸ ਮਗਰੋਂ ਲੁਟੇਰਿਆਂ ਨੇ ਏਟੀਐਮ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੂੰ ਤੋੜਿਆਂ। ਉਪਰੰਤ ਗੈਸ ਕਟਰ ਨਾਲ ਸ਼ਟਰ ਕੱਟ ਕੇ ਏਟੀਐਮ ਵਿੱਚ ਦਾਖ਼ਲ ਹੋਏ। ਮੁਲਜ਼ਮਾਂ ਨੇ ਏਟੀਐਮ ਮਸ਼ੀਨ ਨੂੰ ਕੱਟ ਕੇ ਉਸ ’ਚੋਂ 8 ਲੱਖ 48 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਪੁਲੀਸ ਨੇ ਬੈਂਕ ਅਧਿਕਾਰੀ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਲੁੱਟ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਹਾਲੀ ਦੀ ਐਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।