ਘਰੇਲੂ ਬਗੀਚੀ ਨੂੰ ਪ੍ਰਫੂੱਲਤ ਕਰਨ ਲਈ ਵੰਡੀਆਂ ਜਾਣਗੀਆਂ 800 ਸਬਜ਼ੀ ਬੀਜ ਕਿੱਟਾਂ

ਏਡੀਸੀ ਅਵਨੀਤ ਕੌਰ ਵੱਲੋਂ ਗਰਮ ਰੁੱਤ ਦੀ ਸਬਜ਼ੀ ਬੀਜ ਮਿੰਨੀ ਕਿੱਟ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਘਰੇਲੂ ਖਪਤ ਨੂੰ ਪੂਰਾ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਬਾਗਬਾਨੀ ਵਿਭਾਗ ਮੁਹਾਲੀ ਵੱਲੋਂ ਸਮੁੱਚੇ ਜ਼ਿਲ੍ਹੇ ਅੰਦਰ ਗਰਮ ਰੁੱਤ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀ ਬੀਜਾਂ ਦੀਆਂ 800 ਮਿੰਨੀ ਕਿੱਟਾਂ ਸਰਕਾਰੀ ਰੇਟਾਂ ’ਤੇ ਵੰਡੀਆਂ ਜਾਣਗੀਆਂ। ਇਹ ਗੱਲ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਵਨੀਤ ਕੌਰ ਨੇ ਅੱਜ ਇੱਥੇ ਗਰਮ ਰੁੱਤ ਦੀ ਸਬਜ਼ੀ ਬੀਜ ਮਿੰਨੀ ਕਿੱਟ ਜਾਰੀ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਸਬਜ਼ੀ ਬੀਜ ਕਿੱਟ ਵਿੱਚ ਵੱਖ-ਵੱਖ ਤਰ੍ਹਾਂ ਦੇ ਸਬਜ਼ੀ ਬੀਜ ਜਿਵੇਂ ਕਿ ਭਿੰਡੀ, ਘੀਆ ਕੱਦੂ, ਖੀਰਾ, ਚੱਪਣ ਕੱਦੂ, ਘੀਆ ਤੋਰੀ, ਟੀਂਡਾ, ਹਲਵਾ ਕੱਦੂ, ਤਰ ਅਤੇ ਕਰੇਲਾ ਪਾਏ ਗਏ ਹਨ। ਇਹ ਬੀਜ 5-6 ਮਰਲੇ ਰਕਬੇ ਵਿੱਚ ਲਗਾਇਆ ਜਾ ਸਕਦਾ ਹੈ, ਜੋ ਕਿ ਪਰਿਵਾਰ ਦੇ 6 ਮਹੀਨਿਆਂ ਲਈ ਸਬਜ਼ੀ ਦੀ ਲੋੜ ਨੂੰ ਪੂਰਾ ਕਰੇਗੀ। ਸਬਜ਼ੀ ਬੀਜ ਦੀ ਮਿੰਨੀ ਕਿੱਟ ਦਾ ਰੇਟ 80 ਰੁਪਏ ਰੱਖਿਆ ਗਿਆ ਹੈ। ਘਰੇਲੂ ਬਗੀਚੀ ਵਿੱਚ ਤਿਆਰ ਕੀਤੀ ਉਪਜ ਨਾ ਸਿਰਫ਼ ਤਾਜ਼ੀ ਹੋਵੇਗੀ ਬਲਕਿ ਕੀੜੇਮਾਰ ਦਵਾਈਆਂ ਤੋਂ ਮੁਕਤ ਹੋਵੇਗੀ।
ਇਸ ਮੌਕੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਹ ਕਿੱਟਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਸਥਿਤ ਦਫ਼ਤਰ ਡਿਪਟੀ ਡਾਇਰੈਕਟਰ ਬਾਗਬਾਨੀ, ਕਮਰਾ ਨੰਬਰ-446, ਤੀਜੀ ਮੰਜ਼ਲ ਅਤੇ ਬਲਾਕ ਪੱਧਰੀ ਦਫ਼ਤਰ ਬਾਗਬਾਨੀ ਵਿਕਾਸ ਅਫ਼ਸਰ, ਸੁਵਿਧਾ ਕੇਂਦਰ ਦੇਵੀਨਗਰ ਡੇਰਾਬੱਸੀ (9592900005), ਦਫ਼ਤਰ ਬਾਗਬਾਨੀ ਵਿਕਾਸ ਅਫ਼ਸਰ, ਮਾਰਕੀਟ ਕਮੇਟੀ ਦਫ਼ਤਰ, ਕੁਰਾਲੀ (7508018996), ਦਫ਼ਤਰ ਬਾਗਬਾਨੀ ਵਿਕਾਸ ਅਫ਼ਸਰ, ਖਰੜ (9872244851) ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਜਸਪ੍ਰੀਤ ਸਿੰਘ ਸਿੱਧੂ ਅਤੇ ਸੰਜੇ ਕੌਸ਼ਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …