Share on Facebook Share on Twitter Share on Google+ Share on Pinterest Share on Linkedin ਬੀਐਸਐਨਐਲ ’ਚੋਂ ਸਵੈ ਇੱਛਾ ਅਨੁਸਾਰ 80 ਹਜ਼ਾਰ ਮੁਲਾਜ਼ਮ ਇਕੋ ਦਿਨ ਹੋਣਗੇ ਸੇਵਾਮੁਕਤ 50 ਸਾਲ ਤੋਂ ਵੱਧ ਉਮਰ ਦੇ 80 ਹਜ਼ਾਰ ਮੁਲਾਜ਼ਮਾਂ ਨੇ ਵੀਆਰਐਸ ਲੈਣ ਲਈ ਕੀਤਾ ਅਪਲਾਈ ਵੀਆਰਐਸ ਲੈਣ ਵਾਲੇ ਮੁਲਾਜ਼ਮ 31 ਜਨਵਰੀ ਨੂੰ ਹੋ ਜਾਣਗੇ ਡਿਊਟੀ ਤੋਂ ਫਾਰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ: ਭਾਰਤ ਸਰਕਾਰ ਵੱਲੋਂ ਦੇਸ਼ ’ਚੋਂ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਨੌਜਵਾਨਾਂ ਨੂੰ ਵਿੱਦਿਅਕ ਯੋਗਤਾ ਮੁਤਾਬਕ ਹੁਕਮਰਾਨਾਂ ਨੇ ਨੌਕਰੀਆਂ ਤਾਂ ਕੀ ਦੇਣੀਆਂ ਸਨ, ਉਲਟਾ ਸਰਕਾਰ ਜਿਹੜੇ ਪਹਿਲਾਂ ਤੋਂ ਨੌਕਰੀਆਂ ਕਰ ਰਹੇ ਹਨ, ਉਨ੍ਹਾਂ ਤੋਂ ਰੁਜ਼ਗਾਰ ਖੋਹਣ ਦੇ ਰਾਹ ਪੈ ਗਈ ਹੈ। ਭਾਰਤ ਦੂਰ ਸੰਚਾਰ ਨਿਗਮ (ਬੀਐਸਐਨਐਲ) ’ਚੋਂ ਲਗਭਗ 80 ਹਜ਼ਾਰ ਮੁਲਾਜ਼ਮ ਇਕੋ ਸਮੇਂ ਸੇਵਾਮੁਕਤ ਹੋਣ ਜਾ ਰਹੇ ਹਨ। ਇਹ ਸਾਰੇ ਮੁਲਜ਼ਮ ਆਉਣ ਵਾਲੀ 31 ਜਨਵਰੀ ਨੂੰ ਆਪਣੀ ਡਿਊਟੀ ਤੋਂ ਫਾਰਗ ਹੋਣਗੇ। ਕੇਂਦਰ ਸਰਕਾਰ ਪਹਿਲਾਂ ਹੀ ਬੀਐਸਐਨਐਲ ਦੇ ਇਸ ਪ੍ਰਸਤਾਵ ਨੂੰ ਹਰੀ ਝੰਡੀ ਦੇ ਚੁੱਕੀ ਹੈ। ਬੀਐਸਐਨਐਲ ਵੱਲੋਂ ਸੇਵਾਮੁਕਤ ਹੋਣ ਵਾਲੇ ਇਨ੍ਹਾਂ ਵੱਡੀ ਉਮਰ ਦੇ ਮੁਲਾਜ਼ਮਾਂ ਦੀ ਥਾਂ ਨਵੀਂ ਭਰਤੀ ਨਹੀਂ ਜਾ ਰਹੀ ਹੈ ਸਗੋਂ ਬਾਕੀ ਮੁਲਜ਼ਮਾਂ ਦੇ ਸਹਾਰੇ ਬੂਤਾ ਸਾਰਿਆ ਜਾਵੇਗਾ। ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਬਾਕੀ ਮੁਲਾਜ਼ਮਾਂ ਨਾਲ ਵਧੀਆ ਤਰੀਕੇ ਨਾਲ ਦਫ਼ਤਰੀ ਅਤੇ ਫੀਲਡ ਦਾ ਕੰਮ ਚਲਾਇਆ ਜਾ ਸਕੇਗਾ ਅਤੇ ਅਦਾਰੇ ਨੂੰ ਵੀ ਕਰੋੜਾ ਰੁਪਏ ਦਾ ਵਿੱਤੀ ਲਾਭ ਹੋਵੇਗਾ। ਜਾਣਕਾਰੀ ਅਨੁਸਾਰ ਬੀਐਸਐਨਐਲ ਨੇ ਪਿਛਲੇ ਸਾਲ ਅਕਤੂਬਰ ਵਿੱਚ 50 ਸਾਲ ਤੋਂ ਵੱਧ ਉਮਰ ਦੇ ਕਰਮਚਾਰੀਆਂ ਨੂੰ ਡਿਊਟੀ ਤੋਂ ਫਾਰਗ ਕਰਨ ਲਈ ਸਵੈ ਇੱਛਾ ਸੇਵਾਮੁਕਤ ਹੋਣ ਲਈ ਚੰਗੇ ਪੈਕੇਜ ’ਤੇ ਵੀਐਸਆਰ ਸਕੀਮ ਲਾਂਚ ਕੀਤੀ ਗਈ ਸੀ ਅਤੇ ਇਸ ਸਬੰਧੀ ਸਬੰਧਤ ਮੁਲਾਜ਼ਮਾਂ ਨੂੰ ਪੱਤਰ ਵੀ ਲਿਖੇ ਗਏ ਸਨ। ਅਦਾਰੇ ਵਿੱਚ ਇਸ ਸਮੇਂ 50 ਸਾਲ ਤੋਂ ਵੱਧ ਉਮਰ ਦੇ ਲਗਭਗ ਡੇਢ ਲੱਖ ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਹਨ। ਜਿਨ੍ਹਾਂ ’ਚੋਂ ਦਸੰਬਰ 2019 ਤੱਕ ਕਰੀਬ 78 ਹਜ਼ਾਰ ਮੁਲਾਜ਼ਮਾਂ ਨੇ ਵੀਆਰਐਸ ਲੈਣ ਲਈ ਅਪਲਾਈ ਕੀਤਾ ਗਿਆ ਹੈ। ਉਂਜ ਸਰਕਾਰੀ ਨੇਮਾਂ ਅਨੁਸਾਰ ਮੁਲਾਜ਼ਮਾਂ ਦੀ ਸੇਵਾਮੁਕਤ ਲਈ ਉਮਰ 60 ਸਾਲ ਹੈ। ਕਈ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਮੇਂ ਸਿਰ ਤਨਖ਼ਾਹਾਂ ਵੀ ਨਹੀਂ ਮਿਲ ਰਹੀਆਂ ਹਨ ਅਤੇ ਬੀਐਸਐਨਐਲ ਨੇ ਵਿੱਤੀ ਘਾਟੇ ’ਚੋਂ ਉੱਭਰਨ ਲਈ ਮੁਲਾਜ਼ਮਾਂ ਨੂੰ ਵੀਆਰਐਸ ਲੈਣ ਲਈ ਪ੍ਰੇਰਿਆ ਗਿਆ ਹੈ। ਅਦਾਰੇ ਨੇ ਮੁਲਾਜ਼ਮਾਂ ਨੂੰ ਸਵੈ ਇੱਛਾ ਸੇਵਾਮੁਕਤ ਬਾਬਤ ਚੰਗਾ ਪੈਕੇਜ ਦੇਣ ਦਾ ਲਾਲਚ ਦਿੱਤਾ ਗਿਆ ਹੈ। ਮੁਲਜ਼ਮਾਂ ਦੇ ਮਨਾਂ ਵਿੱਚ ਇਹ ਖ਼ਦਸ਼ਾ ਹੈ ਕਿ ਸਰਕਾਰ ਅਦਾਰੇ ਨੂੰ ਬੰਦ ਹੀ ਨਾ ਕਰ ਦੇਵੇ। ਇਸ ਲਈ ਉਨ੍ਹਾਂ ਨੇ ਵੀਆਰਐਸ ਲੈਣ ਲਈ ਅਪਲਾਈ ਕੀਤਾ ਹੈ। ਉਂਜ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਕ ਤਰ੍ਹਾਂ ਨਾਲ ਅਦਾਰੇ ਨੇ ਉਨ੍ਹਾਂ ਨੂੰ ਨਕਾਰਾ ਕਰਕੇ ਘਰ ਬਿਠਾ ਦਿੱਤਾ ਹੈ। (ਬਾਕਸ ਆਈਟਮ) ਬੀਐਸਐਨਐਲ ਦੇ ਮੁੱਖ ਦਫ਼ਤਰ ਵਿੱਚ ਜੀਐਮ (ਪ੍ਰਸਨਲ) ਅਰੁਣ ਕੁਮਾਰ ਛੁੱਟੀ ’ਤੇ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਮਗਰੋਂ ਡੀਜੀਐਮ ਓਂਕਾਰ ਨਾਥ ਤਿਆੜੀ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੀਏ ਨੇ ਦੱਸਿਆ ਕਿ ਸ੍ਰੀ ਤਿਵਾੜੀ ਕਿਸੇ ਜ਼ਰੂਰੀ ਮੀਟਿੰਗ ਵਿੱਚ ਗਏ ਹੋਏ ਹਨ। ਪ੍ਰਿੰਸੀਪਲ ਜਨਰਲ ਮੈਨੇਜਰ ਜਸਵਿੰਦਰ ਸਿੰਘ ਸਹੋਤਾ ਅਤੇ ਡਿਪਟੀ ਜੀਐਮ (ਐਚਆਰ) ਓਮ ਪ੍ਰਕਾਸ਼ ਨੇ ਸਵੈ ਇੱਛਾ ਵੀਆਰਐਸ ਸਕੀਮ ਲਾਂਚ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਦਾਰੇ ਨੇ 50 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਾਰਾ ਡਾਟਾ ਆਨਲਾਈਨ ਉਪਲਬਧ ਹੈ। ਸ੍ਰੀ ਸਹੋਤਾ ਨੇ ਦੱਸਿਆ ਕਿ ਮੁਹਾਲੀ ਸਮੇਤ ਚੰਡੀਗੜ੍ਹ, ਪੰਚਕੂਲਾ ਅਤੇ ਖਰੜ ਵਿੱਚ ਕਰੀਬ 630 ਮੁਲਾਜ਼ਮ ਹਨ। ਜਿਨ੍ਹਾਂ ’ਚੋਂ 290 ਮੁਲਾਜ਼ਮਾਂ ਨੇ ਸਵੈ ਇੱਛਕ ਵੀਆਰਐਸ ਲੈਣ ਲਈ ਅਪਲਾਈ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਹੀਨੇ 31 ਜਨਵਰੀ ਨੂੰ ਸੇਵਾਮੁਕਤ ਹੋ ਰਹੇ ਇਨ੍ਹਾਂ ਮੁਲਾਜ਼ਮਾਂ ਨੂੰ ਸਾਰੇ ਵਿੱਤੀ ਲਾਭ ਦਿੱਤੇ ਜਾ ਰਹੇ ਹਨ। (ਧੰਨਵਾਦ ਸਾਹਿਤ ਪੰਜਾਬੀ ਟ੍ਰਿਬਿਊਨ)
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ