ਡੇਂਗੂ ਦਾ ਪ੍ਰਕੋਪ: ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 824 ਕੇਸ ਸਾਹਮਣੇ ਆਏ

ਡੇਂਗੂ ਦੇ ਖ਼ਤਰੇ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਈਕਰੋ ਮੈਨੇਜਮੈਂਟ ਪੱਧਰ ਦੀ ਨੀਤੀ ਬਣਾਈ

ਡੀਸੀ ਨੇ ਸਿਹਤ ਵਿਭਾਗ ਨੂੰ ਸ਼ਹਿਰ ਵਿੱਚ ਹੋਰ ਟੀਮਾਂ ਤਾਇਨਾਤ ਕਰਨ ਲਈ ਕਿਹਾ

ਰੋਜ਼ਾਨਾ ਸਵੇਰੇ ਘਰਾਂ ਦਾ ਸਰਵੇਖਣ ਤੇ ਸ਼ਾਮ 5 ਵਜੇ ਤੋਂ ਬਾਅਦ ਹੋਵੇਗੀ ਫੌਗਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਜ਼ਿਲ੍ਹਾ ਪ੍ਰਸ਼ਾਸਨ ਨੇ ਡੇਂਗੂ ਦੇ ਵਧਦੇ ਖ਼ਤਰੇ ਨਾਲ ਨਜਿੱਠਣ ਲਈ ਹੁਣ ਮਾਈਕਰੋ ਮੈਨੇਜਮੈਂਟ ’ਤੇ ਜ਼ੋਰ ਦਿੰਦਿਆਂ ਅਗਲੇ ਸੱਤ ਦਿਨਾਂ ਦਾ ਟੀਚਾ ਨਿਰਧਾਰਿਤ ਕਰਕੇ ਵਿਆਪਕ ਰਣਨੀਤੀ ਉਲੀਕੀ ਹੈ। ਜਿਸ ਤਹਿਤ ਮਲਟੀ ਪਰਪਜ਼ ਹੈਲਥ ਵਰਕਰਾਂ ਨੂੰ ਹੁਣ ਅਗਲੇ ਕੁੱਝ ਦਿਨਾਂ ਲਈ ਸਿਰਫ਼ ਡੇਂਗੂ ਰੋਕਥਾਮ ਦੀ ਡਿਊਟੀ ’ਤੇ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੇਂਗੂ ਦੀ ਰੋਕਥਾਮ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਲਈ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਸ ਬੀਮਾਰੀ ਦੀ ਰੋਕਥਾਮ ਲਈ ਮਾਈਕਰੋ ਮੈਨੇਜਮੈਂਟ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅਗਲੇ ਸੱਤ ਦਿਨਾਂ ਤੱਕ ਸਾਰਾ ਧਿਆਨ ਡੇਂਗੂ ਨੂੰ ਕੰਟਰੋਲ ਕਰਨ ਵਾਲੇ ਕੰਮਾਂ ਉੱਤੇ ਲਗਾਇਆ ਜਾਵੇ।
ਡੀਸੀ ਨੇ ਦੱਸਿਆ ਕਿ ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ ਡੇਂਗੂ ਦੇ 824 ਕੇਸ ਸਾਹਮਣੇ ਆ ਚੁੱਕੇ ਹਨ। ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਪ੍ਰਸ਼ਾਸਨਿਕ ਅਮਲੇ ਨੂੰ ਆਪਣੀ ਪੂਰੀ ਵਾਹ ਲਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ ਥੋੜੇ ਜਿਹੇ ਲੱਛਣ ਵੀ ਦਿਖਾਈ ਦਿੰਦੇ ਹਨ ਤਾਂ ਤੁਰੰਤ ਹਸਪਤਾਲ ਵਿੱਚ ਜਾਂਚ ਕਰਵਾਈ ਜਾਵੇ। ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ, ਨਗਰ ਨਿਗਮ ਤੇ ਨਗਰ ਕੌਂਸਲਾਂ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਰੋਜ਼ਾਨਾ ਸਵੇਰੇ ਘਰਾਂ ਦਾ ਸਰਵੇਖਣ ਕਰਵਾਇਆ ਜਾਵੇ ਅਤੇ ਸ਼ਾਮ 5 ਵਜੇ ਤੋਂ ਬਾਅਦ ਫੌਗਿੰਗ ਕੀਤੀ ਜਾਵੇ।
ਸ੍ਰੀਮਤੀ ਕਾਲੀਆ ਨੇ ਆਦੇਸ਼ ਦਿੱਤੇ ਕਿ ਅਗਲੇ ਕੁੱਝ ਦਿਨਾਂ ਲਈ ਮਲਟੀਪਰਪਜ਼ ਕਰਮਚਾਰੀਆਂ ਨੂੰ ਸਿਰਫ਼ ਡੇਂਗੂ ਰੋਕਥਾਮ ਦੇ ਕੰਮ ਵਿੱਚ ਲਗਾਇਆ ਜਾਵੇ ਤਾਂ ਜੋ ਇਸ ਬੀਮਾਰੀ ਖ਼ਿਲਾਫ਼ ਜੰਗੀ ਪੱਧਰ ’ਤੇ ਮੁਹਿੰਮ ਵਿੱਢੀ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਤੇ ਨਗਰ ਨਿਗਮ ਤੇ ਨਗਰ ਕੌਂਸਲਰਾਂ ਦੀਆਂ ਸਾਂਝੀਆਂ ਟੀਮਾਂ ਵਿੱਚ ਤਾਇਨਾਤ ਨਫ਼ਰੀ ਵਧਾਈ ਜਾਵੇ ਤਾਂ ਜੋ ਸਾਰੇ ਘਰਾਂ ਦਾ ਸਰਵੇਖਣ ਛੇਤੀ ਮੁਕੰਮਲ ਕੀਤਾ ਜਾ ਸਕੇ।
ਡੀਸੀ ਨੇ ਕਿਹਾ ਕਿ ਸ਼ਾਮ 5 ਵਜੇ ਤੋਂ ਬਾਅਦ ਫੌਗਿੰਗ ਯਕੀਨੀ ਬਣਾਈ ਜਾਵੇ ਕਿਉਂਕਿ ਡੇਂਗੂ ਫੈਲਾਉਣ ਵਾਲਾ ਮੱਛਰ ਸ਼ਾਮ ਵੇਲੇ ਜ਼ਿਆਦਾ ਸਰਗਰਮ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਬਚਾਅ ਕਾਰਜਾਂ ਬਾਰੇ ਜਾਗਰੂਕ ਕਰਨ ਲਈ ਧਾਰਮਿਕ ਸਥਾਨਾਂ ਅਤੇ ਹੋਰ ਥਾਵਾਂ ’ਤੇ ਮੁਨਾਦੀ ਕਰਵਾਉਣ ਅਤੇ ਘਰ-ਘਰ ਜਾ ਕੇ ਪੈਂਫਲੈੱਟ ਵੰਡੇ ਜਾਣ। ਉਨ੍ਹਾਂ ਲਾਰਵਾ ਮਿਲਣ ਵਾਲੀਆਂ ਥਾਵਾਂ ਦੇ ਮਾਲਕਾਂ ਦੇ ਚਲਾਨ ਕੱਟਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਛੱਪੜਾਂ ਜਾਂ ਜਿਨ੍ਹਾਂ ਹੋਰ ਥਾਵਾਂ ’ਤੇ ਖੜੇ ਪਾਣੀ ਵਿੱਚ ਗੰਬੂਜ਼ੀਆਂ ਮੱਛੀਆਂ ਛੱਡੀਆਂ ਜਾਣ ਜਾਂ ਕਾਲਾ ਤੇਲ ਪਾਇਆ ਜਾਵੇ ਤਾਂ ਜੋ ਏਡੀਜ਼ ਐਜਿਪਟੀ ਨਾਂ ਦੇ ਮੱਛਰ ਦੇ ਪ੍ਰਜਣਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂਲਰਾਂ, ਟਾਇਰਾਂ, ਗਮਲਿਆਂ, ਟੁੱਟੇ-ਫੁੱਟੇ ਭਾਂਡਿਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਇਨ੍ਹਾਂ ਦੀ ਬਾਕਾਇਦਾ ਸਫ਼ਾਈ ਕੀਤੀ ਜਾਵੇ ਅਤੇ ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਾਉਣ ਅਤੇ ਬੁਖ਼ਾਰ ਹੋਣ ’ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਜਾਂਚ ਕਰਵਾਈ ਜਾਵੇ।
ਮੀਟਿੰਗ ਵਿੱਚ ਏਡੀਸੀ (ਜਨਰਲ) ਸ੍ਰੀਮਤੀ ਕੋਮਲ ਮਿੱਤਲ, ਏਡੀਸੀ (ਵਿਕਾਸ) ਡਾ. ਹਿਮਾਂਸ਼ੂ ਅਗਰਵਾਲ, ਸੰਯੁਕਤ ਕਮਿਸ਼ਨਰ ਬਲਜਿੰਦਰ ਢਿੱਲੋਂ, ਮੁਹਾਲੀ ਦੇ ਐਸਡੀਐਮ ਹਰਬੰਸ ਸਿੰਘ, ਐਸਡੀਐਮ ਡੇਰਾਬੱਸੀ ਕੁਲਦੀਪ ਬਾਵਾ ਅਤੇ ਸਿਹਤ ਵਿਭਾਗ, ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਨੁਮਾਇੰਦੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …