
ਸ਼ਹਿਰੀ ਖੇਤਰਾਂ ਵਿੱਚ 88 ਨਵੇਂ ਵੇਰਕਾ ਬੂਥਾਂ ਦੀ ਸ਼ੁਰੂਆਤ ਕੀਤੀ ਜਾਵੇਗੀ: ਆਸ਼ਿਕਾ ਜੈਨ
ਗਮਾਡਾ, ਨਗਰ ਨਿਗਮ, ਪੁਲੀਸ, ਜੰਗਲਾਤ ਤੇ ਪੀਐਸਪੀਸੀਐਲ ਦੀਆਂ ਜ਼ਮੀਨਾਂ ਦੀ ਸ਼ਨਾਖ਼ਤ ਲਈ ਕੀਤੀ ਮੀਟਿੰਗ
ਵੇਰਕਾ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਨਾ-ਮਾਤਰ ਕਿਰਾਇਆ ਵਸੂਲਿਆ ਜਾਵੇਗਾ
ਨਬਜ਼-ਏ-ਪੰਜਾਬ, ਮੁਹਾਲੀ, 17 ਅਗਸਤ:
ਵੇਰਕਾ ਦੇ ਮਿਆਰੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਮੁਹਾਲੀ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿੱਚ 88 ਹੋਰ ਵੇਰਕਾ ਬੂਥ ਬਣਾਏ ਜਾਣਗੇ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਇੱਥੇ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਵੇਰਕਾ ਬੂਥਾਂ ਦੀ ਸਥਾਪਨਾ ਲਈ ਸਬੰਧਤ ਥਾਵਾਂ ਦੀ ਸ਼ਨਾਖ਼ਤ ਕਰਨ ਲਈ ਅੱਜ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਹਾਜ਼ਰ ਸਥਾਨਕ ਸਰਕਾਰਾਂ ਵਿਭਾਗ, ਜ਼ਿਲ੍ਹਾ ਪੁਲੀਸ, ਜੰਗਲਾਤ ਅਤੇ ਪੀਐਸਪੀਸੀਐਲ ਦੇ ਅਧਿਕਾਰੀਆਂ ਨੂੰ ਇੱਕ ਹਫ਼ਤੇ ਵਿੱਚ ਸੂਚੀਆਂ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਉਦੇਸ਼ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਆਮ ਲੋਕਾਂ ਨੂੰ ਮਿਆਰੀ ਉਤਪਾਦ ਉਪਲਬਧ ਕਰਵਾਉਣਾ ਹੈ।
ਆਸ਼ਿਕਾ ਜੈਨ ਨੇ ਕਿਹਾ ਕਿ ਵੇਰਕਾ ਬੂਥਾਂ ਦੀ ਸਥਾਪਨਾ ਦਾ ਸੰਕਲਪ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ, ਜੋ ਸੂਬੇ ਦੀ ਸਹਿਕਾਰਤਾ ਲਹਿਰ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ ਤਾਂ ਜੋ ਸਿਹਤਮੰਦ ਉਤਪਾਦ ਆਮ ਲੋਕਾਂ ਦੀ ਪਹੁੰਚ ਵਿੱਚ ਲਿਆ ਕੇ ਉਨ੍ਹਾਂ ਨੂੰ ਵਧੇਰੇ ਲਾਭਦਾਇਕ ਬਣਾਇਆ ਜਾ ਸਕੇ। ਇਨ੍ਹਾਂ 88 ਬੂਥਾਂ ’ਚੋਂ 40 ਗਮਾਡਾ ਦੀਆਂ ਥਾਵਾਂ ਉੱਤੇ, 44 ਸਥਾਨਕ ਸਰਕਾਰਾਂ ਵਿਭਾਗ ਦੀਆਂ ਥਾਵਾਂ ਅਤੇ ਦੋ ਪੁਲੀਸ ਸਟੇਸ਼ਨਾਂ ’ਤੇ ਅਲਾਟ ਕੀਤੇ ਜਾਣਗੇ। ਇਸੇ ਤਰ੍ਹਾਂ ਜੰਗਲਾਤ ਅਤੇ ਪੀਐਸਪੀਸੀਐਲ ਵਿਭਾਗਾਂ ਦੀ ਜ਼ਮੀਨ ’ਤੇ ਇਕ-ਇਕ ਥਾਂ ਨਿਰਧਾਰਿਤ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਥਾਵਾਂ ਲਈ ਮਾਮੂਲੀ ਕਿਰਾਇਆ ਨਿਰਧਾਰਿਤ ਕੀਤਾ ਜਾਵੇਗਾ ਤਾਂ ਜੋ ਬੂਥ ਅਪਰੇਟਰ ਆਪਣੇ ਕਾਰੋਬਾਰ ਨੂੰ ਸੁਚਾਰੂ ਢੰਗ ਨਾਲ ਚਲਾ ਸਕਣ। ਉਨ੍ਹਾਂ ਕਿਹਾ ਕਿ ਬੂਥਾਂ ਦੀ ਅਲਾਟਮੈਂਟ ਵੇਰਕਾ ਦੇ ਪੱਧਰ ’ਤੇ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਸਿਰਫ਼ ਬੂਥ ਲਗਾਉਣ ਲਈ ਜਗ੍ਹਾ ਮੁਹੱਈਆ ਕਰਵਾਏਗਾ। ਮੀਟਿੰਗ ਵਿੱਚ ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਏਸੀਏ ਗਮਾਡਾ, ਐਸਪੀ (ਐਚ) ਮਨਪ੍ਰੀਤ ਸਿੰਘ, ਡੀਐਫ਼ਓ ਕੰਵਰਦੀਪ ਸਿੰਘ, ਐਕਸੀਅਨ ਪਾਵਰਕੌਮ, ਈਓਜ਼ ਬਨੂੜ, ਜ਼ੀਰਕਪੁਰ, ਕੁਰਾਲੀ, ਖਰੜ, ਨਵਾਂ ਗਰਾਓਂ ਹਾਜ਼ਰ ਸਨ।