
ਅੱਠਵੀਂ ਦਾ ਨਤੀਜਾ: ਸਰਕਾਰੀ ਸਕੂਲ ਕਾਰਕੌਰ ਦੀ ਸਮਰਿਤੀ ਵਰਮਾ ਮੁਹਾਲੀ ਜ਼ਿਲ੍ਹੇ ’ਚੋਂ ਅੱਵਲ
ਨਬਜ਼-ਏ-ਪੰਜਾਬ, ਮੁਹਾਲੀ, 4 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਦੀ ਮੈਰਿਟ ਸੂਚੀ ਅਨੁਸਾਰ ਸਰਕਾਰੀ ਹਾਈ ਸਕੂਲ ਪਿੰਡ ਕਾਰਕੌਰ ਦੀ ਵਿਦਿਆਰਥਣ ਸਮਰਿਤੀ ਵਰਮਾ ਪੁੱਤਰੀ ਪਦਮ ਕੁਮਾਰ ਰੋਲ ਨੰਬਰ 8025797658 ਨੇ 600 ਅੰਕਾਂ ’ਚੋਂ 595 (99.17 ਫੀਸਦੀ) ਅੰਕਾਂ ਨਾਲ ਮੁਹਾਲੀ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਦੀ ਮੈਰਿਟ ਵਿੱਚ ਉਸ ਦਾ 43ਵਾਂ ਸਥਾਨ ਅਤੇ 6ਵਾਂ ਰੈਂਕ ਹੈ।
ਸਰਕਾਰੀ ਮਿਡਲ ਸਕੂਲ ਪਿੰਡ ਜੰਡਪੁਰ ਦੇ ਵਿਦਿਆਰਥੀ ਮਿੱਠੂ ਪੁੱਤਰ ਚੰਦਰ ਮੋਹਨ ਗਿਰੀ ਰੋਲ ਨੰਬਰ 8025812954 ਨੇ 591 ਅੰਕਾਂ ਨਾਲ 98.50 ਫੀਸਦੀ ਪਾਸ ਪ੍ਰਤੀਸ਼ਸਤਾ ਨਾਲ ਜ਼ਿਲ੍ਹੇ ’ਚੋਂ ਦੂਜਾ ਅਤੇ ਪੰਜਾਬ ਦੀ ਮੈਰਿਟ ਵਿੱਚ 109ਵਾਂ ਸਥਾਨ ਅਤੇ 10ਵਾਂ ਰੈਂਕ ਪ੍ਰਾਪਤ ਕੀਤਾ ਹੈ। ਸਰਕਾਰੀ ਮਿਡਲ ਸਕੂਲ ਪਿੰਡ ਸਿਆਊ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਪੁੱਤਰੀ ਲਾਲ ਸਿੰਘ ਰੋਲ ਨੰਬਰ 8025814788 ਨੇ 589 ਅੰਕ ਅਤੇ 98.17 ਫੀਸਦੀ ਪਾਸ ਪ੍ਰਤੀਸ਼ਸਤਾ ਨਾਲ ਜ਼ਿਲ੍ਹੇ ’ਚੋਂ ਤੀਜਾ ਅਤੇ ਪੰਜਾਬ ਦੀ ਮੈਰਿਟ ਵਿੱਚ 216ਵਾਂ ਸਥਾਨ ਅਤੇ 12ਵਾਂ ਰੈਂਕ ਹਾਸਲ ਕੀਤਾ ਹੈ। ਇੰਜ ਹੀ ਮਾਊਂਟ ਵਿਊ ਪਬਲਿਕ ਸਕੂਲ ਪਿੰਡ ਬਲਟਾਣਾ ਦੇ ਸੁਤੇਜ ਪੁੱਤਰ ਅਸ਼ਵਨੀ ਕੁਮਾਰ ਰੋਲ ਨੰਬਰ 8025796150 ਨੇ 589 ਅੰਕ ਅਤੇ 98.17 ਫੀਸਦੀ ਪਾਸ ਪ੍ਰਤੀਸ਼ਸਤਾ ਨਾਲ ਜ਼ਿਲ੍ਹੇ ’ਚੋਂ ਚੌਥਾ ਅਤੇ ਪੰਜਾਬ ਦੀ ਮੈਰਿਟ ਵਿੱਚ 221ਵਾਂ ਸਥਾਨ ਅਤੇ 12ਵਾਂ ਰੈਂਕ ਹਾਸਲ ਕੀਤਾ ਹੈ।
ਸਰਕਾਰੀ ਮਿਡਲ ਸਕੂਲ ਸਿਆਊ ਦੇ ਇੰਚਾਰਜ ਗੁਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਅੌਲਖ ਨੇ ਪਿੰਡ ਸਿਆਊ ਵਿੱਚ ਵਿਦਿਆਰਥਣ ਦੇ ਘਰ ਪਹੁੰਚ ਕੇ ਅਮਨਪ੍ਰੀਤ ਕੌਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਕਿਹਾ ਕਿ ਅਮਨਪ੍ਰੀਤ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਸਦਕਾ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ।