nabaz-e-punjab.com

ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਗਮਾਡਾ ਵੱਲੋਂ ਮੁਹਾਲੀ ਨਗਰ ਨਿਗਮ ਨੂੰ 9.43 ਕਰੋੜ ਜਾਰੀ

ਗਮਾਡਾ, ਸ਼ਹਿਰ ਵਾਸੀਆਂ ਦੀ ਬਿਹਤਰੀ ਲਈ ਕੰਮ ਕਰਨ ਲਈ ਵਚਨਬੱਧ: ਮੁੱਖ ਪ੍ਰਸ਼ਾਸਕ ਗੁਪਤਾ

ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ:
ਮੁਹਾਲੀ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਵਾਲੇ ਸ਼ਹਿਰ ਵਜੋਂ ਵਿਕਸਿਤ ਕਰਨ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਦੇ ਹੋਏ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਮੁਹਾਲੀ ਨਗਰ ਨਿਗਮ ਨੂੰ ਸ਼ਹਿਰ ਵਿੱਚ ਰੱਖ-ਰਖਾਓ ਦੇ ਕੰਮ ਕਰਨ ਲਈ 9.43 ਕਰੋੜ ਰੁਪਏ ਦੀ ਰਾਸ਼ੀ ਸੌਂਪ ਦਿੱਤੀ ਹੈ। ਇਹ ਫੰਡ ਜਾਰੀ ਹੋਣ ਨਾਲ ਨਿਗਮ ਵੱਲੋਂ ਮੋਹਾਲੀ ਵਿੱਚ ਕੀਤੇ ਜਾ ਰਹੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ।
ਵੇਰਵੇ ਸਾਂਝੇ ਕਰਦਿਆਂ, ਸ਼੍ਰੀ ਰਾਜੀਵ ਕੁਮਾਰ ਗੁਪਤਾ, ਮੁੱਖ ਪ੍ਰਸ਼ਾਸਕ ਨੇ ਦੱਸਿਆ ਕਿ ਹਰ ਵਿੱਤੀ ਸਾਲ ਵਿੱਚ ਨਿਗਮ ਵਲੋਂ ਰੱਖ-ਰਖਾਓ ਦੇ ਕੀਤੇ ਕੰਮਾਂ ‘ਤੇ ਆਉਣ ਵਾਲੇ ਕੁੱਲ ਖਰਚੇ ਦੇ ਕੁਝ ਅਨੁਪਾਤ ਦੀ ਗਮਾਡਾ ਨਿਗਮ ਨੂੰ ਅਦਾਇਗੀ ਕਰਦਾ ਹੈ। ਸ੍ਰੀ ਗੁਪਤਾ ਨੇ ਦੱਸਿਆ ਕਿ ਨਗਰ ਨਿਗਮ ਨੇ ਫੰਡ ਜਾਰੀ ਕਰਨ ਲਈ ਵਿਕਾਸ ਅਥਾਰਟੀ ਨਾਲ ਗੱਲ ਕੀਤੀ ਸੀ, ਜਿਸ ‘ਤੇ ਕਾਰਵਾਈ ਕਰਦੇ ਹੋਏ 9.43 ਕਰੋੜ ਰੁਪਏ ਨਿਗਮ ਨੂੰ ਸੌਂਪੇ ਗਏ ਹਨ। ਮੁੱਖ ਪ੍ਰਸ਼ਾਸਕ ਨੇ ਖੁਲਾਸਾ ਕੀਤਾ ਕਿ ਨਿਗਮ ਨੂੰ ਇਹ ਰਕਮ ਅਪ੍ਰੈਲ-ਅਗਸਤ 2023 ਦੀ ਮਿਆਦ ਦੌਰਾਨ ਰੱਖ-ਰਖਾਅ ‘ਤੇ ਖਰਚ ਕੀਤੇ ਫੰਡਾਂ ਦੇ ਬਦਲੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿੱਚ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਕੱਠੇ ਬੈਠਕੇ ਸ਼ਹਿਰ ਦੀ ਨੁਹਾਰ ਨੂੰ ਬਦਲਣ ਲਈ ਵੱਖ-ਵੱਖ ਚੱਲ ਰਹੇ ਕੰਮਾਂ ਦੇ ਨਾਲ-ਨਾਲ ਪ੍ਰਸਤਾਵਿਤ ਕੰਮਾਂ ਨੂੰ ਨੇਪਰੇ ਚਾੜ੍ਹਨ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ। ਮੀਟਿੰਗਾਂ ਦੌਰਾਨ ਨਿਗਮ ਨੇ ਵਿਕਾਸ ਅਥਾਰਟੀ ਨੂੰ ਸ਼ਹਿਰ ਦੇ ਐਂਟਰੀ ਪੁਆਇੰਟਾਂ ਦੇ ਸੁੰਦਰੀਕਰਨ, ਵੱਖ-ਵੱਖ ਸੈਕਟਰਾਂ ਵਿੱਚ ਪੌਦੇ ਲਗਾਉਣ, ਸੜਕਾਂ ਬਨਾਉਣ ਅਤੇ ਰੀਕਾਰਪੇਟਿੰਗ ਆਦਿ ਦੇ ਕੰਮਾਂ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਸੀ ਅਤੇ ਗਮਾਡਾ ਤੋਂ ਫੰਡ ਦੀ ਮੰਗ ਵੀ ਕੀਤੀ ਸੀ। ਇਨ੍ਹਾਂ ਮੀਟਿੰਗਾਂ ਤੋਂ ਬਾਅਦ ਸ੍ਰੀ ਗੁਪਤਾ ਨੇ ਮੋਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਵਿਕਾਸ ਅਥਾਰਟੀ ਨਿਗਮ ਵੱਲੋਂ ਮੰਗੇ ਫੰਡਾਂ ਦਾ ਮੁਲਾਂਕਣ ਕਰੇਗੀ ਅਤੇ ਜਲਦੀ ਤੋਂ ਜਲਦੀ ਫੰਡ ਜਾਰੀ ਕਰ ਦਿੱਤੇ ਜਾਣਗੇ।
ਸ੍ਰੀ ਗੁਪਤਾ ਨੇ ਕਿਹਾ ਕਿ ਆਪਣੇ ਵਾਅਦੇ ਨੂੰ ਨਿਭਾਉਂਦੇ ਹੋਏ ਅਸੀਂ ਨਿਗਮ ਵੱਲੋਂ ਪਿਛਲੀਆਂ ਮੀਟਿੰਗਾਂ ਵਿੱਚ ਮੰਗੀ ਰਾਸ਼ੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ 9.43 ਕਰੋੜ ਰੁਪਏ ਜਾਰੀ ਹੋਣ ਤੋਂ ਬਾਅਦ ਨਗਰ ਨਿਗਮ ਦੀ ਪੈਸੇ ਸਬੰਧੀ ਕੋਈ ਮੰਗ ਹੁਣ ਗਮਾਡਾ ਕੋਲ ਲੰਬਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਮੁਹਾਲੀ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨ ਲਈ ਵਚਨਬੱਧ ਹਾਂ ਅਤੇ ਜਿੱਥੋਂ ਤੱਕ ਕੰਮਾਂ ਨੂੰ ਨੇਪਰੇ ਚਾੜ੍ਹਨ ਦਾ ਸਬੰਧ ਹੈ, ਫੰਡਾਂ ਦੀ ਘਾਟ ਕਾਰਨ ਇਸ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਗੁਪਤਾ ਨੇ ਕਿਹਾ ਕਿ ਵਿਕਾਸ ਅਥਾਰਟੀ ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਇਲਾਕੇ ਵਿੱਚ ਪਹਿਲਾਂ ਹੀ ਬਹੁਤ ਸਾਰੇ ਵੱਕਾਰੀ ਪ੍ਰਾਜੈਕਟ ਚਲਾਏ ਜਾ ਰਹੇ ਹਨ, ਪਰ ਜਦੋਂ ਨਾਗਰਿਕਾਂ ਦੀ ਭਲਾਈ ਦੀ ਗੱਲ ਆਉਂਦੀ ਹੈ ਤਾਂ ਅਸੀਂ ਨਿਗਮ ਨੂੰ ਉਸ ਦੇ ਖੇਤਰ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਾਂਗੇ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…