ਘੱਗਰ, ਟਿਵਾਣਾ ਬੰਨ੍ਹ ’ਤੇ ਕਾਜ਼ਵੇਅ ਦੀ ਮੁਰੰਮਤ ਲਈ 9 ਕਰੋੜ ਖਰਚ ਕੀਤੇ ਜਾਣਗੇਾਂ ਜੌੜਾਮਾਜਰਾ

ਮੰਤਰੀ ਨੇ ਟਿਵਾਣਾ, ਆਲਮਗੀਰ ਵਿੱਚ ਘੱਗਰ ਬੰਦ ਦੇ ਚੱਲ ਰਹੇ ਮਜ਼ਬੂਤੀ ਕੰਮ ਦਾ ਜਾਇਜ਼ਾ ਲਿਆ

ਜਲ ਸਰੋਤ ਮੰਤਰੀ ਨੇ ਟਰੱਕ ਯੂਨੀਅਨ ਡੇਰਾਬੱਸੀ ਨੇੜੇ ਮੁਬਾਰਕਪੁਰ ਕਾਜ਼ਵੇਅ ਦਾ ਵੀ ਕੀਤਾ ਦੌਰਾ

ਨਬਜ਼-ਏ-ਪੰਜਾਬ, ਮੁਹਾਲੀ, 22 ਜੂਨ:
ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਮੌਨਸੂਨ ਦੀ ਸ਼ੁਰੂਆਤ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਘੱਗਰ ਦੇ ਟਿਵਾਣਾ ਬੰਨ੍ਹ ਦੇ ਚੱਲ ਰਹੇ ਮਜ਼ਬੂਤੀ ਦੇ ਕੰਮ ਨੂੰ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਘੱਗਰ ਦੇ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਟਿਵਾਣਾ, ਅਮਲਾਲਾ, ਖਜੂਰ ਮੰਡੀ ਅਤੇ ਆਲਮਗੀਰ ਦਾ ਦੌਰਾ ਕਰਦਿਆਂ ਜੌੜਾ ਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲ ਸਰੋਤਾਂ ਦੇ ਮੌਨਸੂਨ ਤੋਂ ਅਗਾਊਂ ਪ੍ਰਬੰਧਾਂ ਲਈ ਵਚਨਬਧ ਹੈ, ਜਿਸ ਤਹਿਤ ਰਾਜ ਭਰ ਵਿੱਚ ਜਲ ਸਰੋਤਾਂ ਦੀ ਮਜ਼ਬੂਤੀ ਅਤੇ ਸਫ਼ਾਈ ਦਾ ਕੰਮ ਜਾਰੀ ਹੈ ਅਤੇ ਕੰਮ ਦੀ ਗੁਣਵੱਤਾ ਅਤੇ ਸਮਾਂ ਸੀਮਾ ਵਿੱਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ, ‘‘ਟਿਵਾਣਾ, ਆਲਮਗੀਰ ਖੇਤਰ ਵਿੱਚ ਘੱਗਰ ਦੇ ਨਾਲ 2900 ਫੁੱਟ ਲੰਬਾ ਬੰਨ੍ਹ ਲਗਾਉਣ, ਮਜ਼ਬੂਤ ਕਰਨ ਅਤੇ ਮੁਰੰਮਤ ਦੇ ਕੰਮਾਂ ਲਈ ਲਗਪਗ 9 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਹੈ, ਜਿਸ ’ਚੋਂ 2400 ਫੁੱਟ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਘੱਗਰ ਦੇ ਬੰਨ੍ਹ ਦੇ ਨਾਲ ਵਸੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਦੇਣ ਲਈ ਬਾਕੀ ਦੇ 500 ਫੁੱਟ ਦਾ ਕੰਮ ਵੀ ਜੰਗੀ ਪੱਧਰ ’ਤੇ ਮੁਕੰਮਲ ਕੀਤਾ ਜਾਵੇਗਾ।‘‘ਇਲਾਕਾ ਨਿਵਾਸੀਆਂ ਵੱਲੋਂ ਇਸ ਕੰਮ ਲਈ ਪੋਕ ਲੇਨ ਮਸ਼ੀਨ ਦੀ ਮੰਗ ਕਰਨ ‘ਤੇ ਜਲ ਸਰੋਤ ਮੰਤਰੀ ਨੇ ਮੌਕੇ ’ਤੇ ਮੌਜੂਦ ਜਲ ਸਰੋਤ ਇੰਜੀਨੀਅਰਾਂ ਨੂੰ ਤੁਰੰਤ ਇਸ ਦੀ ਮਜ਼ਬੂਤੀ ਦੇ ਕੰਮ ਨੂੰ ਤੇਜ਼ ਕਰਨ ਲਈ ਲੋੜੀਂਦੀ ਮਸ਼ੀਨਰੀ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਮੰਤਰੀ ਨੇ ਉੱਥੇ ਇਕੱਠੇ ਹੋਏ ਵਸਨੀਕਾਂ ਨੂੰ ਸਰਸੀਣੀ-ਸਾਧਾਂਪੁਰ ਚੋਅ ਦੀ ਸਫ਼ਾਈ ਸਮੇਤ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਹੜ੍ਹਾਂ ਤੋਂ ਸੁਰੱਖਿਆ ਦੇ ਸਾਰੇ ਮਾਪਦੰਡ ਅਪਣਾਏ ਜਾਣ ਦਾ ਭਰੋਸਾ ਦਿਵਾਇਆ।
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜਲ ਸਰੋਤ ਮੰਤਰੀ ਨੂੰ ਪਿਛਲੇ ਸਾਲ ਦੇ ਹੜ੍ਹਾਂ ਦੀ ਸਥਿਤੀ ਤੋਂ ਜਾਣੂ ਕਰਵਾਉਂਦੇ ਹੋਏ ਇਲਾਕੇ ਨੂੰ ਪਟਿਆਲਾ ਰੋਡ ਨਾਲ ਜੋੜਨ ਵਾਲੇ ਅਮਲਾਲਾ ਪੁਲ ਦੀ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਣ ਦੀ ਮੰਗ ਕੀਤੀ। ਵਿਧਾਇਕ ਨੇ ਸ਼ੰਭੂ ਬਾਰਡਰ ’ਤੇ ਜਾਮ ਕਾਰਨ ਬਦਲਵੇਂ ਰਸਤੇ ਵਜੋਂ ਅਮਲਾਲਾ ਅਤੇ ਆਸ-ਪਾਸ ਦੇ ਪਿੰਡਾਂ ’ਚੋਂ ਲੰਘਣ ਵਾਲੀ ਆਵਾਜਾਈ ਕਾਰਨ ਸੜ੍ਹਕ ਦੀ ਮਾੜੀ ਹਾਲਤ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਵੀ ਕੀਤੀ। ਮੰਤਰੀ ਨੇ ਇਸ ਕੰਮ ਲਈ ਲੋੜੀਂਦੇ ਅਨੁਮਾਨਾਂ ਬਣਾ ਕੇ ਦੇਣ ਲਈ ਆਖਿਆ ਤਾਂ ਜੋ ਮੁੱਖ ਮੰਤਰੀ ਤੋਂ ਲੋੜੀਂਦੀ ਮਨਜ਼ੂਰੀ ਹਾਸਲ ਕੀਤੀ ਜਾ ਸਕੇ।
ਇਸ ਤੋਂ ਪਹਿਲਾਂ ਜਲ ਸਰੋਤ ਮੰਤਰੀ ਜੌੜਾਮਾਜਰਾ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਟਰੱਕ ਯੂਨੀਅਨ ਡੇਰਾਬੱਸੀ ਨੇੜੇ ਮੁਬਾਰਕਪੁਰ ਕਾਜ਼ਵੇਅ ਦੇ ਚੱਲ ਰਹੇ ਕੰਮ ਦਾ ਵੀ ਦੌਰਾ ਕੀਤਾ ਅਤੇ ਨਗਰ ਕੌਂਸਲ ਡੇਰਾਬੱਸੀ ਵੱਲੋਂ ਕੀਤੇ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਵਿਧਾਇਕ ਰੰਧਾਵਾ ਨੇ ਕਿਹਾ ਕਿ ਭਾਂਖਰਪੁਰ ਤੋਂ ਈਸਾਪੁਰ ਤੱਕ ਇੱਕ ਹੋਰ ਕਾਜ਼ਵੇਅ ਦੀ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਇਹ ਕੰਮ ਮੁਕੰਮਲ ਹੋਣ ਦੀ ਉਮੀਦ ਹੈ। ਇਸ ਕੰਮ ’ਤੇ ਕਰੀਬ ਇੱਕ ਕਰੋੜ ਰੁਪਏ ਦਾ ਖਰਚ ਹੋਣ ਦੀ ਸੰਭਾਵਨਾ ਹੈ।
ਵਿਧਾਇਕ ਰੰਧਾਵਾ ਨੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਘੱਗਰ ਦੇ ਚੱਲ ਰਹੇ ਕੰਮਾਂ ਨੂੰ ਮੁਕੰਮਲ ਕਰਨ ਲਈ ਘੱਗਰ ਦਾ ਦੌਰਾ ਸਾਰਥਕ ਸਿੱਧ ਹੋਵੇਗਾ ਅਤੇ ਨਾਲ ਹੀ ਹਜ਼ਾਰਾਂ ਲੋਕਾਂ ਨੂੰ ਘੱਗਰ ਦੇ ਹੜ੍ਹ ਵਰਗੀ ਸਥਿਤੀ ਤੋਂ ਵੱਡੀ ਰਾਹਤ ਮਿਲੇਗੀ। ਇਸ ਮੌਕੇ ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ, ਚੀਫ਼ ਇੰਜੀਨੀਅਰ ਜਲ ਸਰੋਤ ਹਰਦੀਪ ਸਿੰਘ ਮਹਿੰਦੀਰੱਤਾ, ਨਿਗਰਾਨ ਇੰਜੀਨੀਅਰ ਮਨੋਜ ਬਾਂਸਲ ਅਤੇ ਕਾਰਜਕਾਰੀ ਇੰਜੀਨੀਅਰ ਗੁਰਤੇਜ ਸਿੰਘ ਗਰਚਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…