
ਮੁਹਾਲੀ ਵਿੱਚ ਕਰੋਨਾ ਦੇ 9 ਹੋਰ ਨਵੇਂ ਮਾਮਲੇ ਸਾਹਮਣੇ ਆਏ, 5 ਮਰੀਜ਼ਾਂ ਨੂੰ ਮਿਲੀ ਛੁੱਟੀ
ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 340 ’ਤੇ ਪੁੱਜੀ, 81 ਮਰੀਜ਼ ਐਕਟਿਵ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਮੁਹਾਲੀ ਵਿੱਚ ਵੀਰਵਾਰ ਨੂੰ ਕਰੋਨਾਵਾਇਰਸ ਤੋਂ ਪੀੜਤ ਛੇ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 337 ਹੋ ਗਈ ਹੈ। ਜਿਨ੍ਹਾਂ ’ਚੋਂ 78 ਨਵੇਂ ਕੇਸ ਐਕਟਿਵ ਹਨ। ਉਂਜ ਨਾਲ-ਨਾਲ ਪੀੜਤ ਮਰੀਜ਼ ਠੀਕ ਵੀ ਹੋ ਰਹੇ ਹਨ। ਅੱਜ ਪੰਜ ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰ ਪਰਤ ਆਏ ਹਨ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਅੱਜ 9 ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ।
ਜਿਨ੍ਹਾਂ ਵਿੱਚ ਇੱਥੋਂ ਦੇ ਸੈਕਟਰ-80 ਦਾ 30 ਸਾਲਾ ਨੌਜਵਾਨ ਸਮੇਤ ਸੈਕਟਰ-78 ਦਾ 42 ਸਾਲਾ ਪੁਰਸ਼, ਸੈਕਟਰ-97 ਦਾ 68 ਸਾਲਾ ਬਜ਼ੁਰਗ, ਸੈਕਟਰ-127 ਦਾ 62 ਸਾਲਾ ਬਜ਼ੁਰਗ, ਜ਼ੀਰਕਪੁਰ ਦਾ 32 ਸਾਲਾ ਅਤੇ ਦੱਪਰ ਦਾ 19 ਸਾਲ ਦੇ ਨੌਜਵਾਨ ਸਮੇਤ ਇੱਥੋਂ ਦੇ ਫੇਜ਼-10 ਦੀ 48 ਸਾਲਾ ਅੌਰਤ ਅਤੇ ਫੇਜ਼-9 ਦੀ 52 ਸਾਲਾ ਅੌਰਤ ਅਤੇ 32 ਸਾਲ ਦਾ ਪੁਰਸ਼ ਸ਼ਾਮਲ ਹੈ। ਇਨ੍ਹਾਂ ਸਾਰੇ ਪੀੜਤ ਮਰੀਜ਼ਾਂ ਨੂੰ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 340 ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ’ਚੋਂ ਛੇ ਮਰੀਜ਼ਾਂ ਪੀਟੀਸੀ ਟੀਵੀ ਮੀਡੀਆ ਦੇ ਸੀਨੀਅਰ ਪੱਤਰਕਾਰ ਤੇ ਐਂਕਰ ਦਵਿੰਦਰਪਾਲ ਸਿੰਘ ਸਮੇਤ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਅਤੇ ਜ਼ੀਰਕਪੁਰ ਦੀ ਅੌਰਤ ਅਤੇ ਹੋਰ ਮਰੀਜ਼ ਦੀ ਮੌਤ ਹੋ ਚੁੱਕੀ ਹੈ ਅਤੇ 253 ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਵਿੱਚ ਪਰਤ ਚੁੱਕੇ ਹਨ। ਇਸ ਸਮੇਂ ਮੁਹਾਲੀ ਵਿੱਚ ਐਕਟਿਵ ਕੇਸਾਂ ਦੀ ਗਿਣਤੀ 81 ਹੈ। ਇਨ੍ਹਾਂ ਸਾਰਿਆਂ ਦੀ ਹਾਲਤ ਠੀਕ ਹੈ। ਮੈਡੀਕਲ ਟੀਮਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।