ਚੋਣ ਅਧਿਕਾਰੀ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ 9 ਨੋਟਿਸ ਜਾਰੀ

ਕਾਂਗਰਸੀ ਵਿਧਾਇਕ ਬਲਬੀਰ ਸਿੱਧੂ ਤੇ ਅਕਾਲੀ ਦਲ ਦੇ ਕੈਪਟਨ ਸਿੱਧੂ ਨੂੰ ਡੀਨਰ ਪਾਰਟੀ ਦੇਣਾ ਮਹਿੰਗਾ ਪਿਆ, ਨੋਟਿਸ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਮੰਤਵ ਨਾਲ ਮੁਹਾਲੀ, ਖਰੜ ਅਤੇ ਡੇਰਾਬੱਸੀ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਹੈ। ਚੋਣ ਅਧਿਕਾਰੀ ਨੇ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ, ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ 9 ਨੋਟਿਸ ਜਾਰੀ ਕੀਤੇ ਹਨ। ਹੁਣ ਤੱਕ ਉਮੀਦਵਾਰਾਂ ਨੂੰ ਦੋ ਦਰਜਨ ਤੋਂ ਵੱਧ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਪ੍ਰੰਤੂ ਇਸ ਦੇ ਬਾਵਜੂਦ ਰਾਜਸੀ ਪਾਰਟੀਆਂ ਦੇ ਆਗੂ ਬੇਖ਼ੌਫ਼ ਚੋਣ ਜ਼ਾਬਤੇ ਦੀਆਂ ਉਲੰਘਣਾ ਕਰਨ ਦੇ ਆਦੀ ਬਣਦੇ ਜਾ ਰਹੇ ਹਨ।
ਉਧਰ, ਮੁਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਲੰਘੀ ਰਾਤ ਆਪਣੇ ਸਮਰਥਕਾਂ ਅਤੇ ਮੀਡੀਆ ਕਰਮੀਆਂ ਨੂੰ ਡੀਨਰ ਪਾਰਟੀ ਦੇਣਾ ਉਸ ਸਮੇਂ ਕਾਫੀ ਮਹਿੰਗਾ ਪੈ ਗਿਆ ਜਦੋਂ ਕਿ ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਸ੍ਰੀਮਤੀ ਅਨੁਪ੍ਰੀਤਾ ਜੌਹਲ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਦੋਵੇਂ ਸਿੱਧੂਆਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ ਨੋਟਿਸ ਜਾਰੀ ਕੀਤਾ ਹੈ। ਚੋਣ ਅਧਿਕਾਰੀ ਨੇ ਦੱਸਿਆ ਕਿ ਕਾਂਗਰਸੀ ਵਿਧਾਇਕ ਸਿੱਧੂ ਨੇ ਸੈਕਟਰ-70 ਇੱਕ ਟਿਊਲਿਪ ਹੋਟਲ ਅਤੇ ਅਕਾਲੀ ਦਲ ਦੇ ਕੈਪਟਨ ਸਿੱਧੂ ਦੇ ਸਮਰਥਕਾ ਵੱਲੋਂ ਇੱਥੋਂ ਦੇ ਫੇਜ਼-3ਏ ਸਥਿਤ ਕਾਮਾ ਹੋਟਲ ਵਿੱਚ ਡੀਨਰ ਪਾਰਟੀ ਦਿੱਤੀ ਗਈ ਹੈ। ਦੋਵੇਂ ਆਗੂਆਂ ਨੇ ਇੱਕੋ ਸਮੇਂ ਡੀਨਰ ਪਾਰਟੀ ਰੱਖੀ ਗਈ ਸੀ। ਇਸ ਸਬੰਧੀ ਇਨ੍ਹਾਂ ਆਗੂਆਂ ਨੇ ਚੋਣ ਅਧਿਕਾਰੀ ਤੋਂ ਅਗਾਊਂ ਪ੍ਰਵਾਨਗੀ ਨਹੀਂ ਲਈ ਗਈ ਸੀ।
ਸ੍ਰੀਮਤੀ ਅਨੁਪ੍ਰੀਤਾ ਜੌਹਲ ਨੇ ਦੱਸਿਆ ਕਿ ਮੁਹਾਲੀ ਵਿੱਚ ਚੋਣ ਲੜ ਰਹੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿੱਚ ਸੋਮਵਾਰ ਨੂੰ 9 ਨੋਟਿਸ ਜਾਰੀ ਕੀਤੇ ਹਨ। ਉਂਜ ਚੋਣ ਅਧਿਕਾਰੀ ਨੇ ਉਮੀਦਵਾਰਾਂ ਨੂੰ ਆਪਣਾ ਪੱਖ ਰੱਖਣ ਦੀ ਮੋਹਲਤ ਵੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਾਰਟੀਆਂ ਨੂੰ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਪ ਪਾਰਟੀ ਸ਼ਾਮਲ ਹੈ। ਮਹਿਲਾ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਪਾਰਟੀਆਂ ’ਤੇ ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਲਈ ਬੈਨਰ, ਪੋਸਟਰ ਲਗਾਉਣਾ ਅਤੇ ਰਿਟਰਨਿੰਗ ਅਫ਼ਸਰ ਤੋਂ ਅਗਾਊਂ ਪ੍ਰਵਾਨਗੀ ਲਏ ਬਿਨਾਂ ਚੋਣ ਮੀਟਿੰਗਾਂ/ਰੈਲੀਆਂ ਕਰਨ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਤਸੱਲੀਬਖ਼ਸ਼ ਜਵਾਬ ਨਾ ਮਿਲਣ ਅਤੇ ਵਾਰ ਵਾਰ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਵੀ ਬਖ਼ਸ਼ਿਆਂ ਨਹੀਂ ਜਾਵੇਗਾ।
ਸ੍ਰੀਮਤੀ ਜੌਹਲ ਨੇ ਦੱਸਿਆ ਕਿ ਕੋਈ ਵੀ ਉਮੀਦਵਾਰ ਚੋਣਾਂ ਦੌਰਾਨ 28 ਲੱਖ ਰੁਪਏ ਦੀ ਰਾਸ਼ੀ ਤੋਂ ਵੱਧ ਪੈਸੇ ਖਰਚ ਨਹੀਂ ਕਰ ਸਕਦਾ ਹੈ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਖਰਚੇ ’ਤੇ ਤਿੱਖੀ ਨਿਗਰਾਨੀ ਰੱਖੀ ਜਾਵੇਗੀ। ਇਸ ਸਬੰਧੀ ਵਿਸ਼ੇਸ਼ ਉਡਣ ਦਸਤੇ ਅਤੇ ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ 24 ਘੰਟੇ ਨਿਗਰਾਨੀ ਕਰ ਰਹੀਆਂ ਹਨ। ਉਨ੍ਹਾਂ ਚੋਣਾਂ ਦੌਰਾਨ ਮੀਡੀਆ ਦੇ ਮੁਕੰਮਲ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਕਈ ਵਾਰ ਮੀਡੀਆ ਕੋਲ ਪ੍ਰਸ਼ਾਸਨ ਤੋਂ ਵੀ ਵੱਧ ਅਹਿਮ ਸੂਚਨਾਵਾਂ ਹੁੰਦੀਆਂ ਹਨ। ਉਨ੍ਹਾਂ ਨੇ ਅਜਿਹੀ ਜਾਣਕਾਰੀ ਆਪਣੇ ਨਾਲ ਸਾਂਝੀ ਕਰਨ ਦੀ ਮੰਗ ਕੀਤੀ। ਸੂਚਨਾ ਮਿਲਣ ’ਤੇ ਸਬੰਧਤ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…