
ਮੁਹਾਲੀ ਜ਼ਿਲ੍ਹੇ ਵਿੱਚ 911 ਬਜ਼ੁਰਗਾਂ ਨੇ ਲਗਵਾਇਆ ਕੋਵਿਡ ਵੈਕਸੀਨ ਦਾ ਟੀਕਾ: ਸਿਵਲ ਸਰਜਨ
ਮੁਹਾਲੀ ਜ਼ਿਲ੍ਹੇ ਵਿੱਚ 36 ਸਿਹਤ ਸੰਸਥਾਵਾਂ ਵਿੱਚ ‘ਕੋਵਿਡ ਟੀਕਾਕਰਨ’ ਮੁਹਿੰਮ ਜ਼ੋਰਾਂ ’ਤੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕੋਵਿਡ ਵੈਕਸੀਨ ਟੀਕਾਕਰਨ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਜਿਸ ਤਹਿਤ ਹੈਲਥ ਕੇਅਰ ਵਰਕਰਾਂ, ਫਰੰਟ ਲਾਈਨ ਵਰਕਰਾਂ, ਸੀਨੀਅਰ ਸਿਟੀਜਨਾਂ ਅਤੇ ਗੰਭੀਰ ਬੀਮਾਰੀਆਂ ਵਾਲੇ 45 ਤੋਂ 60 ਸਾਲ ਤੱਕ ਦੇ ਵਿਅਕਤੀਆਂ ਨੂੰ ‘ਕੋਵੀਸ਼ੀਲਡ’ ਵੈਕਸੀਨ ਦਾ ਟੀਕਾ ਲਗਾਇਆ ਜਾ ਰਿਹਾ ਹੈ। ਮੁਹਾਲੀ ਦੀ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਸੱਤ ਸਰਕਾਰੀ ਸਿਹਤ ਸੰਸਥਾਵਾਂ ਅਤੇ 29 ਪ੍ਰਾਈਵੇਟ ਹਸਪਤਾਲਾਂ ਵਿੱਚ ਟੀਕਾਕਰਨ ਮੁਹਿੰਮ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 911 ਸੀਨੀਅਰ ਨਾਗਰਿਕਾਂ ਅਤੇ 45 ਤੋਂ 60 ਸਾਲ ਵਿਚਲੇ 178 ਮਰੀਜ਼ਾਂ, 131 ਹੈਲਥ ਕੇਅਰ ਵਰਕਰਾਂ ਅਤੇ 128 ਫ਼ਰੰਟ ਲਾਈਨ ਵਰਕਰਾਂ ਨੂੰ ਟੀਕਾ ਲਾਇਆ ਗਿਆ। ਇਸ ਤੋਂ ਇਲਾਵਾ 114 ਹੈਲਥ ਕੇਅਰ ਵਰਕਰਾਂ ਅਤੇ 32 ਫਰੰਟ ਲਾਈਨ ਵਰਕਰਾਂ ਨੂੰ ਦੂਜੀ ਖ਼ਰਾਕ ਦਿੱਤੀ ਗਈ ਹੈ। ਹੁਣ ਤੱਕ ਕੁੱਲ 2899 ਸੀਨੀਅਰ ਸਿਟੀਜ਼ਨਾਂ ਅਤੇ 470 ਕਿਸੇ ਨਾ ਕਿਸੇ ਬੀਮਾਰੀ ਵਾਲੇ ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 5965 ਹੈਲਥ ਕੇਅਰ ਵਰਕਰਾਂ ਅਤੇ 4320 ਫਰੰਟ ਲਾਈਨ ਵਰਕਰਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ। 2810 ਹੈਲਥ ਕੇਅਰ ਵਰਕਰਾਂ ਅਤੇ 69 ਫਰੰਟ ਲਾਈਨ ਵਰਕਰਾਂ ਨੂੰ ਦੂਜੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।
ਸਿਵਲ ਸਰਜਨ ਨੇ ਕਿਹਾ ਕਿ ਹੁਣ ਤਕ ਕਿਸੇ ਵੀ ਸਿਹਤ ਕਾਮੇ ਅੰਦਰ ਟੀਕੇ ਦਾ ਮਾੜਾ ਅਸਰ ਦੇਖਣ ਨੂੰ ਨਹੀਂ ਮਿਲਿਆ ਅਤੇ ਟੀਕੇ ਲਾਉਣ ਦਾ ਕੰਮ ਸਿਖਲਾਈ ਪ੍ਰਾਪਤ ਸਟਾਫ਼ ਵੱਲੋਂ ਮਾਹਰ ਡਾਕਟਰਾਂ ਦੀ ਸਿੱਧੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਕਰੋਨਾਵਾਇਰਸ’ ਤੋਂ ਬਚਾਅ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਇਸ ਬੀਮਾਰੀ ਦਾ ਟੀਕਾ ਬਣ ਗਿਆ ਹੈ ਪਰ ਹਾਲੇ ਵੀ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਫ਼ਵਾਹਾਂ ਵੱਲ ਧਿਆਨ ਨਾ ਦੇ ਕੇ ਹਰ ਕਿਸੇ ਨੂੰ ਇਹ ਟੀਕਾ ਲਗਵਾਉਣਾ ਚਾਹੀਦਾ ਹੈ ਕਿਉਂਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਵੈਕਸੀਨ ਨੂੰ ਮਾਨਤਾ ਦਿੱਤੀ ਹੈ ਅਤੇ ਕਿਹਾ ਹੈ ਕਿ ਕਰੋਨਾ ਤੋਂ ਬਚਾਅ ਲਈ ਹਰ ਕੋਈ ਇਹ ਟੀਕਾ ਜ਼ਰੂਰ ਲਗਵਾਏ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕੱਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰੱਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫਾਸਲਾ ਰੱਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।