Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ 95 ਫੀਸਦੀ ਬਿਜਲੀ ਸਪਲਾਈ ਬਹਾਲ, 32 ’ਚੋਂ 27 ਜਲਘਰ ਕਾਰਜਸ਼ੀਲ ਪਾਣੀ ਕਾਰਨ ਟੁੱਟੀਆਂ 7 ਸੜਕਾਂ ਦੀ ਮੁਰੰਮਤ ਤੋਂ ਪਹਿਲਾਂ ਭਵਿੱਖ ਲਈ ਬਰਸਾਤੀ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ’ਤੇ ਜ਼ੋਰ ਡੀਸੀ ਆਸ਼ਿਕਾ ਜੈਨ ਨੇ ਹੜ੍ਹਾਂ ਤੋਂ ਬਾਅਦ ਜ਼ਰੂਰੀ ਸੇਵਾਵਾਂ ਮੁੜ ਸ਼ੁਰੂ ਕਰਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਨਬਜ਼-ਏ-ਪੰਜਾਬ, ਮੁਹਾਲੀ, 12 ਜੁਲਾਈ: ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪਿਛਲੇ ਤਿੰਨ ਦਿਨ ਲਗਾਤਾਰ ਹੋਈ ਭਾਰੀ ਬਾਰਸ਼ ਕਾਰਨ ਪ੍ਰਭਾਵਿਤ ਹੋਈ ਬਿਜਲੀ, ਜਲ ਸਪਲਾਈ ਅਤੇ ਸੜਕੀ ਸੰਪਰਕ ਵਰਗੀਆਂ ਜ਼ਰੂਰੀ ਸੇਵਾਵਾਂ ਦੀ ਬਹਾਲੀ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਹੁਣ ਤੱਕ 95 ਫੀਸਦੀ ਬਿਜਲੀ ਸਪਲਾਈ ਮੁੜ ਸ਼ੁਰੂ ਹੋ ਚੁੱਕੀ ਹੈ। ਹੜ੍ਹਾਂ ਵਰਗੇ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਤੋਂ ਬਾਅਦ ਬਚਾਅ ਕਾਰਜਾਂ ਲਈ ਚੁੱਕੇ ਗਏ ਕਦਮਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਕਾਰਨ ਕਰੀਬ 32 ਜਲ ਸਪਲਾਈ ਘਰ ਬੰਦ ਹੋਣ ਦੀ ਸੂਚਨਾ ਮਿਲੀ ਸੀ, ਜਿਨ੍ਹਾਂ ’ਚੋਂ ਹੁਣ 27 ਜਲਘਰ ਚਾਲੂ ਕਰ ਦਿੱਤੇ ਗਏ ਹਨ ਜਦੋਂਕਿ ਬਾਕੀ ਪੰਜ ਵੀਰਵਾਰ ਸ਼ਾਮ ਤੱਕ ਕੰਮ ਸ਼ੁਰੂ ਕਰ ਦੇਣਗੇ। ਪਾਣੀ ਦੇ ਤੇਜ਼ ਵਹਾਅ ਕਾਰਨ ਨੁਕਸਾਨੀਆਂ ਗਈਆਂ ਸੱਤ ਪ੍ਰਮੁੱਖ ਸੜਕਾਂ ’ਤੇ ਹਾਲੇ ਕੰਮ ਸ਼ੁਰੂ ਕੀਤਾ ਜਾਣਾ ਹੈ। ਪੀ.ਡਬਲਿਊ.ਡੀ ਵਿਭਾਗ ਪਾਣੀ ਘਟਣ ਤੋਂ ਤੁਰੰਤ ਇਨ੍ਹਾਂ ਨੂੰ ਮੁੜ ਚਾਲੂ ਕਰਨ ਲਈ ਯਤਨਸ਼ੀਲ ਹੈ। ਮੀਟਿੰਗ ਵਿੱਚ ਹਾਜ਼ਰ ਪੀ.ਡਬਲਿਊ.ਡੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਸੜਕਾਂ ਦੀ ਆਵਾਜਾਈ ਬਹਾਲੀ ਕੀਤੀ ਜਾਣੀ ਹੈ, ਉਨ੍ਹਾਂ ਵਿੱਚ ਚੱਪੜਚਿੜੀ ਤੋਂ ਮੁਹਾਲੀ ਪਹੁੰਚ ਸੜਕ, ਖਰੜ-ਚੰਡੀਗੜ੍ਹ ਮੁੱਖ ਸੜਕ ਤੋਂ ਬੜਮਾਜਰਾ, ਕੰਬਾਲਾ, ਰੁੜਕਾ, ਧਰਮਗੜ੍ਹ ਤੋਂ ਕੰਡਾਲਾ, ਕਰੌਂਦੀਵਾਲਾ-ਬਗਿੰਦੀ, ਮੀਆਂਪੁਰ ਚੰਗਰ, ਮੀਆਂਪੁਰ ਤੋਂ ਤਾਰਾਪੁਰ ਅਤੇ ਬਨੂੜ-ਤੇਪਲਾ ਤੋਂ ਲਹਿਲੀ ਨੂੰ ਜਾਣ ਵਾਲੀਆਂ ਸੜਕਾਂ ਸ਼ਾਮਲ ਹਨ। ਡੀਸੀ ਨੇ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਪਾਣੀ ਦੇ ਕੁਦਰਤੀ ਵਹਾਅ ਨੂੰ ਯਕੀਨੀ ਬਣਾਉਣ, ਜਿਸ ਨਾਲ ਭਵਿੱਖ ਵਿੱਚ ਸੜਕ ਦਾ ਨੁਕਸਾਨ/ਪਾੜ ਪੈਣਾ ਰੁਕ ਸਕੇ। ਬਰਸਾਤੀ ਨਾਲਿਆਂ/ਚੋਅ ਦੇ ਕੁਦਰਤੀ ਵਹਿਣ ਅਲੋਪ ਹੋ ਗਏ ਹਨ ਅਤੇ ਹੜ੍ਹ ਦੇ ਪਾਣੀ ਨੇ ਕੁਦਰਤੀ ਤੌਰ ’ਤੇ ਇਸ ਵਹਾਅ ਨੂੰ ਮੁੜ ਸੁਰਜੀਤ ਕੀਤਾ ਹੈ। ਇਸ ਲਈ ਸਾਨੂੰ ਕੁਦਰਤੀ ਵਹਾਅ ਨੂੰ ਮੁੜ ਸੁਰਜੀਤ ਕਰਨ ਅਤੇ ਭਵਿੱਖ ਵਿੱਚ ਸੜਕ ਨਿਰਮਾਣ ਵੱਲ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਮੰਡੀ ਬੋਰਡ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਲਿੰਕ ਸੜਕਾਂ ’ਤੇ ਪਾੜ ਪੈ ਗਏ ਹਨ, ਉਨ੍ਹਾਂ ਦੀ ਮਗਨਰੇਗਾ ਫੰਡਾਂ ਨਾਲ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਨੁਕਸਾਨੀਆਂ ਸੜਕਾਂ ਦੀ ਮੁਰੰਮਤ ਕਰਨ ਸਮੇਂ ਪਾਣੀ ਨਿਕਾਸੀ ਲਈ ਪਾਈਪਾਂ ਪਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਭਵਿੱਖ ਵਿੱਚ ਮੁੜ ਅਜਿਹੀ ਨੌਬਤ ਨਾ ਆਵੇ। ਉਨ੍ਹਾਂ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਰਾਹਤ ਕਾਰਜਾਂ ਲਈ ਮੁਹਾਲੀ ਜ਼ਿਲ੍ਹੇ ਨੂੰ ਇੱਕ ਕਰੋੜ ਦੇ ਫੰਡ ਅਲਾਟ ਕੀਤੇ ਗਏ ਹਨ। ਉਨ੍ਹਾਂ ਸਮੂਹ ਵਿਭਾਗਾਂ ਨੂੰ ਕਿਹਾ ਕਿ ਉਹ ਆਪਣੀਆਂ ਜਾਇਜ਼ ਤੇ ਠੋਸ ਤਜ਼ਵੀਜਾਂ ਤੁਰੰਤ ਭੇਜਣ ਤਾਂ ਜੋ ਫੰਡਾਂ ਦੀ ਸਹੀ ਤੇ ਪਾਰਦਰਸ਼ੀ ਵਰਤੋਂ ਕੀਤੀ ਜਾ ਸਕੇ। ਮੀਟਿੰਗ ਵਿੱਚ ਏਡੀਸੀ (ਜਨਰਲ) ਪਰਮਦੀਪ ਸਿੰਘ, ਏਡੀਸੀ (ਪੇਂਡੂ ਵਿਕਾਸ) ਅਮਿਤ ਬੈਂਬੀ, ਪਾਵਰਕੌਮ ਦੇ ਨਿਗਰਾਨ ਇੰਜੀਨੀਅਰ ਸਤਵਿੰਦਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸੁਗੰਧ ਸੰਧੂ ਅਤੇ ਸ਼ਿਵਪ੍ਰੀਤ ਸਿੰਘ, ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਮਨਦੀਪ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ