ਸੀਚੇਵਾਲ ਵਿੱਚ 9ਵਾਂ ਏਕ ਓਂਕਾਰ ਨੈਸ਼ਨਲ ਗਤਕਾ ਕੱਪ ਖਾਲਸਾਈ ਜਾਹੋ-ਜਲਾਲ ਨਾਲ ਸਮਾਪਤ

ਦੇਸ਼ ਭਰ ’ਚੋਂ 21 ਸੂਬਿਆਂ ਦੇ 650 ਤੋਂ ਵੱਧ ਖਿਡਾਰੀਆਂ ਨੇ ਕੀਤੀ ਸ਼ਮੂਲੀਅਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਸੰਤ ਅਵਤਾਰ ਸਿੰਘ ਸੀਚੇਵਾਲ ਦੀ 35ਵੀ ਸਲਾਨਾ ਬਰਸੀ ਨੂੰ ਸਮਰਪਿਤ ਨਿਰਮਲ ਕੁਟੀਆ ਪਿੰਡ ਸੀਚੇਵਾਲ ਵਿੱਚ ਕਰਵਾਇਆ ਗਿਆ ਦੋ ਰੋਜ਼ਾ 9ਵਾਂ ਏਕ ਓਂਕਾਰ ਨੈਸ਼ਨਲ ਗਤਕਾ ਕੱਪ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਸਮਾਪਤ ਹੋ ਗਿਆ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਸ ਕੌਮੀ ਗਤਕਾ ਕੱਪ ਵਿੱਚ ਦੇਸ਼ ਭਰ ਦੇ 21 ਸੂਬਿਆਂ ਤੋਂ 650 ਖਿਡਾਰੀਆਂ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ। ਫਾਈਨਲ ਮੁਕਾਬਲੇ ਵਿੱਚ ਪੰਜਾਬ ਨੇ ਪਹਿਲਾਂ, ਦਿੱਲੀ ਨੇ ਦੂਜਾ ਅਤੇ ਚੰਡੀਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਸ ਵਿੱਚ ਵੱਡੀ ਗਿਣਤੀ ਵਿੱਚ ਲੜਕੀਆਂ ਨੇ ਵੀ ਭਾਗ ਲਿਆ।
ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਅਤੇ ਗਤਕਾ ਕੋਚ ਗੁਰਵਿੰਦਰ ਕੌਰ ਦੀ ਦੇਖਰੇਖ ਕਰਵਾਏ ਗਏ ਇਸ ਨੈਸ਼ਨਲ ਗਤਕਾ ਕੱਪ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਟੀਮਾਂ ਦੇ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ, ਉੱਥੇ ਨਾਲ ਹੀ ਅਜਿਹੇ ਮੁਕਾਬਲਿਆਂ ਨਾਲ ਆਉਣ ਵਾਲੇ ਭਵਿੱਖ ਵਿੱਚ ਬਿਹਤਰੀਨ ਖਿਡਾਰੀ ਤਿਆਰੀ ਕਰਨ ਲਈ ਉਨ੍ਹਾਂ ਨੂੰ ਹੋਰ ਗੁਰ ਵੀ ਦੱਸੇ ਗਏ।
ਸ੍ਰੀ ਰਜਿੰਦਰ ਸੋਹਲ ਨੇ ਦੱਸਿਆ ਕਿ ਪੰਜਾਬ ਦੀ ਵਿਰਾਸਤੀ ਖੇਡ ਗਤਕਾ ਨੂੰ ਹੁਣ ਨੈਸ਼ਨਲ ਖੇਡਾਂ ਅਤੇ ਖੇਲੋ ਇੰਡੀਆ ਵਿਚ ਵੀ ਮਾਨਤਾ ਮਿਲ ਚੁੱਕੀ ਹੈ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਆਪਣੇ ਵਿਰਸੇ ਨੂੰ ਪਿਆਰ ਕਰਨ ਵਾਲੇ ਬੱਚੇ ਗਤਕੇ ਨਾਲ ਜੁੜ ਰਹੇ ਹਨ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਉੱਦਮਾਂ ਦੇ ਚਲਦਿਆਂ ਇਨ੍ਹਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਸ ਮੌਕੇ ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮ ਵੰਡੇ। ਉਹਨਾਂ ਇਸ ਮੌਕੇ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਗਤਕੇ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਵਡਮੁੱਲੇ ਯਤਨਾਂ ਚਲਦਿਆਂ ਸਾਡੀ ਨਵੀਂ ਪੀੜੀ ਨਾ ਸਿਰਫ ਨਸ਼ਿਆਂ ਤੋਂ ਦੂਰ ਰਹਿਣ ਅਤੇ ਬਾਣੀ ਨਾਲ ਜੁੜਦੀ ਹੈ ਬਲਕਿ ਖਿਡਾਰੀਆਂ ਨੂੰ ਅਨੁਸ਼ਾਸਨਤ ਜੀਵਨ ਜਿਉਣ ਲਈ ਵੀ ਪ੍ਰੇਰਿਤ ਕਰਦੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਜਿਹੇ ਗਤਕਾ ਕੱਪ ਵੱਧ ਤੋਂ ਵੱਧ ਕਰਵਾਉਣ ਦੀ ਲੋੜ ਹੈ ਤਾਂ ਜੋ ਉੱਚ ਕੋਟੀ ਦੇ ਖਿਡਾਰੀ ਤਿਆਰ ਕੀਤੇ ਜਾ ਸਕਣ। ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਨੇ ਵੀ ਜੇਤੂ ਖਿਡਾਰੀਆਂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ।

Check Also

ਬਿਜਲੀ ਕਾਮਿਆਂ ਦੀ ਦੇਸ਼-ਵਿਆਪੀ ਹੜਤਾਲ ਲਈ ਲਾਮਬੰਦੀ ਜ਼ੋਰਾਂ ’ਤੇ, ਰੈਲੀ ਕੀਤੀ

ਬਿਜਲੀ ਕਾਮਿਆਂ ਦੀ ਦੇਸ਼-ਵਿਆਪੀ ਹੜਤਾਲ ਲਈ ਲਾਮਬੰਦੀ ਜ਼ੋਰਾਂ ’ਤੇ, ਰੈਲੀ ਕੀਤੀ ਮੁਹਾਲੀ ਸਰਕਲ ਦੇ ਦਫ਼ਤਰ ਬਾਹਰ ਰ…