ਸਰਕਾਰੀ ਦਾਅਵੇ ਖੋਖਲੇ: ਸੈਕਟਰ-77 ਦੇ ਸਪੈਸ਼ਲ ਪਾਰਕਾਂ ਦੀ ਹਾਲਤ ਮਾੜੀ, ਵੱਡੀ ਮਾਤਰਾ ’ਚ ਘਾਹ ਉੱਗਿਆ

ਚਾਰ-ਚੁਫੇਰੇ ਫੈਲੀਆਂ ਉੱਚੀਆਂ ਝਾੜੀਆਂ ਕਾਰਨ ਸੈਰ ਕਰਨ ਤੋਂ ਵੀ ਕਤਰਾਉਂਦੇ ਨੇ ਲੋਕ

ਨਬਜ਼-ਏ-ਪੰਜਾਬ, ਮੁਹਾਲੀ, 27 ਅਗਸਤ:
ਇੱਥੋਂ ਦੇ ਸੈਕਟਰ-77 ਵਿਚਲੇ ਸਪੈਸ਼ਲ ਪਾਰਕਾਂ ਦੀ ਹਾਲਤ ਬਹੁਤ ਮਾੜੀ ਹੈ। ਇੱਥੇ ਵੱਡੀ ਮਾਤਰਾ ਵਿੱਚ ਘਾਹ ਉੱਗਿਆ ਹੋਇਆ ਹੈ ਅਤੇ ਪਾਰਕਾਂ ਵਿੱਚ ਖੜੇ ਗੰਦੇ ਪਾਣੀ ਅਤੇ ਚਾਰ-ਚੁਫੇਰੇ ਫੈਲੀਆਂ ਝਾੜੀਆਂ ਕਾਰਨ ਸੈਕਟਰ ਵਾਸੀ ਇਨ੍ਹਾਂ ਪਾਰਕਾਂ ਵਿੱਚ ਸੈਰ ਕਰਨ ਤੋਂ ਵੀ ਕਤਰਾਉਂਦੇ ਹਨ। ਇੱਥੋਂ ਤੱਕ ਇੱਧਰੋਂ ਲੰਘਣ ਲੱਗਿਆ ਵੀ ਘਬਰਾਉਂਦੇ ਹਨ। ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਨੇ ਮੁਹਾਲੀ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਪੈਸ਼ਲ ਪਾਰਕਾਂ ਦੀ ਬਦਤਰ ਹਾਲਤ ਲਈ ਨਿਗਮ ਅਧਿਕਾਰੀਆਂ ’ਤੇ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਦੇ ਪਾਰਕਾਂ ਨੂੰ ਸੈਰਗਾਹ ਬਣਾਉਣ ਦੇ ਦਾਅਵੇ ਕਰਨ ਵਾਲਾ ਨਿਗਮ ਪ੍ਰਸ਼ਾਸਨ ਠੀਕ ਤਰੀਕੇ ਨਾਲ ਦੇਖਭਾਲ ਵੀ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪਾਰਕ ਵਿੱਚ ਓਪਨ ਏਅਰ ਜਿਮ ਲਗਾਇਆ ਗਿਆ ਸੀ ਪ੍ਰੰਤੂ ਆਲੇ ਦੁਆਲੇ ਘਾਹ ਅਤੇ ਝਾੜੀਆਂ ਉੱਗਣ ਕਾਰਨ ਉੱਥੇ ਕੋਈ ਨਹੀਂ ਜਾਂਦਾ।
ਸੈਕਟਰ ਵਾਸੀ ਦਰਸ਼ਨ ਸਿੰਘ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਕਈ ਵਾਰ ਨਿਗਮ ਦਫ਼ਤਰ ਵਿੱਚ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਅਧਿਕਾਰੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਪਾਰਕਾਂ ਵਿੱਚ, ਟਰੈਕ ਦੇ ਆਲੇ ਦੁਆਲੇ ਅਤੇ ਰਸਤੇ ਵਿੱਚ ਵੱਡੀ ਮਾਤਰਾ ਵਿੱਚ ਕਾਂਗਰਸ ਘਾਹ ਉੱਗਿਆ ਹੋਣ ਅਤੇ ਝਾੜੀਆਂ ਕਾਰਨ ਲੋਕ ਸੈਰ ਕਰਨ ਨੂੰ ਵੀ ਤਰਸ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪਾਰਕਾਂ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਲੋਕ ਬਿਨਾ ਕਿਸੇ ਡਰ ਤੋਂ ਸੈਰ ਕਰ ਸਕਣ।
ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਪਾਰਕਾਂ ਦੀ ਸਾਂਭ-ਸੰਭਾਲ ਨਾ ਕੀਤੇ ਜਾਣ ਕਾਰਨ ਇਨ੍ਹਾਂ ਪਾਰਕਾਂ ਵਿੱਚ ਚਾਰ ਤੋਂ ਪੰਜ ਫੁੱਟ ਉੱਚੀਆਂ ਝਾੜੀਆਂ ਬਣ ਗਈਆਂ ਹਨ ਅਤੇ ਬਰਸਾਤ ਕਾਰਨ ਇਹ ਪਾਰਕ ਸੱਪ ਅਤੇ ਹੋਰ ਜੰਤੂਆਂ ਦਾ ਟਿਕਾਣਾ ਬਣ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪਾਰਕ ’ਚੋਂ ਕਾਂਗਰਸ ਘਾਹ, ਝਾੜੀਆਂ ਅਤੇ ਹੋਰ ਗੰਦਗੀ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ।

ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਨਗਰ ਨਿਗਮ ਦੇ ਚੀਫ਼ ਇੰਜੀਨੀਅਰ ਨਰੇਸ਼ ਬੱਤਾ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਪਾਰਕ ਉਨ੍ਹਾਂ ਦੇ ਅਧੀਨ ਨਹੀਂ ਆਉਂਦੇ ਹਨ। ਲਿਹਾਜ਼ਾ ਐਕਸੀਅਨ ਨਾਲ ਗੱਲ ਕੀਤੀ ਜਾਵੇ। ਜਦੋਂ ਐਕਸੀਅਨ ਰਜਿੰਦਰ ਕੁਮਾਰ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਸੈਕਟਰ-77 ਵਿਚਲੇ ਸਪੈਸ਼ਲ ਪਾਰਕਾਂ ਦੀ ਮਾੜੀ ਹਾਲਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਸਾਰੇ ਪਾਰਕਾਂ ਦਾ ਰੱਖ-ਰਖਾਓ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਕਿੱਧਰੇ ਕੋਈ ਸਮੱਸਿਆ ਨਹੀਂ ਹੈ। ਪੀੜਤ ਲੋਕਾਂ ਦੀਆਂ ਸ਼ਿਕਾਇਤਾਂ ਬਾਰੇ ਉਨ੍ਹਾਂ ਕਿਹਾ ਕਿ ਭਲਕੇ ਬੁੱਧਵਾਰ ਨੂੰ ਸਬੰਧਤ ਪਾਰਕਾਂ ਦਾ ਸਰਵੇ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…