ਸਿਆਸਤ ਦੀ ਭੇਟ ਚੜੇ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦਾ ਮੁਹਾਲੀ ’ਚ ਅੰਤਿਮ ਸਸਕਾਰ

ਨਿਰਮਲ ਭੰਗੂ ਦੀ ਬੇਟੀ ਬਰਿੰਦਰ ਕੌਰ ਨੇ ਆਪਣੇ ਪਿਤਾ ਦੀ ਚਿਤਾ ਨੂੰ ਅੱਗ ਲਾਈ

ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਵਿੱਚ ਨਿਰਮਲ ਭੰਗੂ ਦਾ ਵੱਡਾ ਯੋਗਦਾਨ ਰਿਹੈ

ਨਬਜ਼-ਏ-ਪੰਜਾਬ, ਮੁਹਾਲੀ, 28 ਅਗਸਤ:
ਗੰਧਲੀ ਸਿਆਸਤ ਦੀ ਭੇਟ ਚੜੇ ਪਰਲਜ਼ ਗਰੁੱਪ ਦੇ ਐਮਡੀ ਅਤੇ ਰੀਅਲ ਅਸਟੇਟ ਦੇ ਉੱਘੇ ਕਾਰੋਬਾਰੀ ਨਿਰਮਲ ਸਿੰਘ ਭੰਗੂ ਦਾ ਅੱਜ ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਭੰਗੂ ਦੀ ਬੇਟੀ ਬਰਿੰਦਰ ਕੌਰ ਨੇ ਆਪਣੇ ਪਿਤਾ ਦੀ ਚਿਤਾ ਨੂੰ ਅੱਗ ਲਾਈ। ਇਸ ਮੌਕੇ ਸਾਬਕਾ ਸੰਸਦ ਮੈਂਬਰ ਜਗਜੀਤ ਸਿੰਘ ਬਰਾੜ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਆਈਜੀ ਰਣਬੀਰ ਸਿੰਘ ਖੱਟੜਾ, ਉੱਘੇ ਖੇਡ ਪ੍ਰਮੋਟਰਜ਼ ਨਰਿੰਦਰ ਸਿੰਘ ਕੰਗ, ਗਿਲਕੋਵੈੱਲੀ ਦੇ ਐਮਡੀ ਅਤੇ ਅਕਾਲੀ ਆਗੂ ਰਣਜੀਤ ਸਿੰਘ ਗਿੱਲ, ਅਕਾਲੀ ਦਲ ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ‘ਆਪ’ ਕੌਂਸਲਰ ਸਰਬਜੀਤ ਸਿੰਘ ਸਮਾਣਾ, ਨਿਰਮਲ ਭੰਗੂ ਦੇ ਜੱਦੀ ਪਿੰਡ ਅਟਾਰੀ (ਚਮਕੌਰ ਸਾਹਿਬ) ਦੇ ਸਰਪੰਚ ਅਮਰ ਸਿੰਘ, ਨੰਬਰਦਾਰ ਜਸਵੀਰ ਸਿੰਘ, ਸੁਖਵਿੰਦਰ ਸਿੰਘ, ਰਬਾਬ ਮਿਊਜ਼ਿਕ ਦੇ ਐਮਡੀ ਅਸ਼ਵਨੀ ਸ਼ਰਮਾ, ਸਟੇਟ ਐਵਾਰਡੀ ਫੂਲਰਾਜ ਸਿੰਘ, ਜਥੇਦਾਰ ਅਮਰੀਕ ਸਿੰਘ ਮੁਹਾਲੀ, ਰਾਜਾ ਕੰਵਰਜੋਤ ਸਿੰਘ, ਬਾਬਾ ਅਮਰਾਓ ਸਿੰਘ ਅਗੀਠਾ ਸਾਹਿਬ ਵਾਲੇ ਅਤੇ ਪਰਿਵਾਰਕ ਮੈਂਬਰ, ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਰਾਜਸਥਾਨ ਤੇ ਆਂਧਰਾ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਦੇ ਕਈ ਨਿਵੇਸ਼ਕ ਵੀ ਮੌਜੂਦ ਸਨ।
ਕਾਬਿਲੇਗੌਰ ਨਿਰਮਲ ਸਿੰਘ ਭੰਗੂ ਵੱਖ-ਵੱਖ ਸੂਬਿਆਂ ਦੇ ਨਿਵੇਸ਼ਕਾਂ ਨਾਲ ਕਥਿਤ ਤੌਰ ’ਤੇ 45 ਹਜ਼ਾਰ ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿੱਚ ਨਾਮਜ਼ਦ ਸਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਸਨ। ਬੀਤੀ 25 ਅਗਸਤ ਨੂੰ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਤੁਰੰਤ ਤਿਹਾੜ ਜੇਲ੍ਹ ਦਿੱਲੀ ਦੇ ਹਸਪਤਾਲ ਵਿੱਚ ਚੈੱਕਅਪ ਲਈ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦੀ ਤਬੀਅਤ ਹੋਰ ਜ਼ਿਆਦਾ ਵਿਗੜ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਨਿਵੇਸ਼ਕਾਂ ਨਾਲ ਠੱਗੀ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ 2016 ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਦੋਂ ਤੋਂ ਹੀ ਉਹ ਜੇਲ੍ਹ ਵਿੱਚ ਸਨ। ਭੰਗੂ ਦੀ ਪਤਨੀ ਪ੍ਰੇਮ ਕੌਰ ਵੀ ਜੇਲ੍ਹ ਵਿੱਚ ਹੈ। ਸਾਲ 2011 ਵਿੱਚ ਉਸ ਦੇ ਬੇਟੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉੱਚ ਅਦਾਲਤ ਨੇ ਉਨ੍ਹਾਂ ਦੀ ਤਮਾਮ ਜਾਇਦਾਦ ਕੁਰਕ ਕਰਕੇ ਨਿਵੇਸ਼ਕਾਂ ਦਾ ਇੱਕ-ਇੱਕ ਪੈਸਾ ਵਾਪਸ ਕਰਨ ਦੇ ਵਹੀ ਆਦੇਸ਼ ਦਿੱਤੇ ਸਨ। ਭੰਗੂ ਦਾ ਪਰਿਵਾਰ ਵੀ ਇਹ ਗੱਲ ਕਹਿ ਰਿਹਾ ਹੈ ਕਿ ਨਿਵੇਸ਼ਕਾਂ ਦੀ ਪਾਈ-ਪਾਈ ਦਾ ਹਿਸਾਬ ਕੀਤਾ ਜਾਵੇਗਾ।

ਉਧਰ, ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਵਿੱਚ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦਾ ਵੱਡਾ ਯੋਗਦਾਨ ਰਿਹਾ ਹੈ। ਪਿਛਲੀ ਅਕਾਲੀ ਸਰਕਾਰ ਸਮੇਂ ਉਸ ਨੇ ਕਬੱਡੀ ਕੱਪ ਟੂਰਨਾਮੈਂਟਾਂ ਲਈ ਕਰੀਬ 35 ਕਰੋੜ ਰੁਪਏ ਦਾ ਵਿੱਤੀ ਸਹਿਯੋਗ ਦਿੱਤਾ ਹੈ। ਇਹ ਸਾਰੇ ਮੈਚ ਪਰਲਜ਼ ਗਰੁੱਪ ਵੱਲੋਂ ਸਪਾਂਸਰ ਕੀਤੇ ਜਾਂਦੇ ਸਨ। ਇਸ ਤੋਂ ਇਲਾਵਾ ਉਹ ਸਭਿਆਚਾਰਕ ਸਰਗਰਮੀਆਂ ਅਤੇ ਹੋਰ ਸਮਾਜ ਸੇਵੀ ਕੰਮਾਂ ਲਈ ਦਿਲ ਖੋਲ੍ਹ ਕੇ ਫੰਡ ਦਿੰਦੇ ਸਨ। ਕਬੱਡੀ ਕੱਪ ਰਾਹੀਂ ਬਾਦਲ ਪਰਿਵਾਰ ਨੂੰ ਚਮਕਾਉਣ ਕਾਰਨ ਉਹ ਸਿਆਸੀ ਵਿਰੋਧੀਆਂ ਦੀ ਅੱਖਾਂ ਵਿੱਚ ਰੜਕਣ ਲੱਗ ਪਿਆ ਸੀ। ਆਖ਼ਰਕਾਰ ਉਹ ਸਿਆਸਤ ਦੀ ਭੇਟ ਚੜ੍ਹ ਗਿਆ ਅਤੇ ਇਸੇ ਦੌਰਾਨ ਨਿਵੇਸ਼ਕਾਂ ਨਾਲ ਧੋਖਾਧੜੀ ਦੇ ਗੰਭੀਰ ਦੋਸ਼ ਲੱਗਣ ਕਾਰਨ ਉਨ੍ਹਾਂ ਵਿਰੁੱਧ ਕਾਨੂੰਨੀ ਸ਼ਿਕੰਜਾ ਕੱਸ ਦਿੱਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…