ਬੂਸਟਰ ਪੰਪਾਂ ਨੂੰ ਚਲਾਉਣ ਲਈ ਰੱਖੇ ਜਨਰੇਟਰਾਂ ’ਚ ਤੇਲ ਕੋਟੇ ਦੇ ਪੈਸੇ ਕਿੱਥੇ? ਡਿਪਟੀ ਮੇਅਰ ਨੇ ਚੁੱਕੇ ਸਵਾਲ

ਜਲ ਸਪਲਾਈ ਵਿਭਾਗ ਦੇ ਅਧਿਕਾਰੀ ਕਹਿੰਦੇ ਜਨਰੇਟਰ ਚਲਾਉਣ ਲਈ ਤੇਲ ਦੇ ਪੈਸੇ ਨਹੀਂ

ਬਿਜਲੀ ਕੱਟ ਦੌਰਾਨ ਲੋਕਾਂ ਨੂੰ ਨਹੀਂ ਮਿਲਦਾ ਪੀਣ ਵਾਲਾ ਪਾਣੀ: ਕੁਲਜੀਤ ਬੇਦੀ

ਨਬਜ਼-ਏ-ਪੰਜਾਬ, ਮੁਹਾਲੀ, 29 ਅਗਸਤ:
ਪਾਣੀ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ ਹੈ ਪ੍ਰੰਤੂ ਸੂਬਾ ਸਰਕਾਰ, ਨਗਰ ਨਿਗਮ ਅਤੇ ਜਲ ਸਪਲਾਈ ਵਿਭਾਗ ਇਹ ਅਹਿਮ ਬੁਨਿਆਦੀ ਲੋੜ ਪੂਰੀ ਕਰਨ ਤੋਂ ਭੱਜਦੇ ਨਜ਼ਰ ਆ ਰਹੇ ਹਨ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਕਰੋੜਾਂ ਰੁਪਏ ਖ਼ਰਚ ਕੇ ਸ਼ਹਿਰ ਵਿੱਚ ਬੂਸਟਰ ਪੰਪ ਲਗਾਏ ਗਏ ਸਨ ਅਤੇ ਇਨ੍ਹਾਂ ਲਈ ਆਧੁਨਿਕ ਜਨਰੇਟਰ ਖ਼ਰੀਦੇ ਗਏ ਸਨ ਤਾਂ ਜੋ ਬਿਜਲੀ ਕੱਟ ਦੌਰਾਨ ਪਾਣੀ ਦੀ ਸਪਲਾਈ ਵਿੱਚ ਕੋਈ ਵਿਘਨ ਨਾ ਪਵੇ ਪ੍ਰੰਤੂ ਲੋੜ ਪੈਣ ’ਤੇ ਇਹ ਜਨਰੇਟਰ ਚੱਲਦੇ ਹੀ ਨਹੀਂ। ਚੱਲਣ ਵੀ ਕਿੱਥੋਂ ਸਰਕਾਰ ਨੇ ਇਨ੍ਹਾਂ ਜਨਰੇਟਰਾਂ ਲਈ ਤੇਲ ਦੀ ਵਿਵਸਥਾ ਹੀ ਨਹੀਂ ਕੀਤੀ।
ਡਿਪਟੀ ਮੇਅਰ ਨੇ ਕਿਹਾ ਕਿ ਸਬੰਧਤ ਵਿਭਾਗਾਂ ਦੀ ਅਣਦੇਖੀ ਦੇ ਚੱਲਦਿਆਂ ਮੌਜੂਦਾ ਸਮੇਂ ਇਹ ਜਨਰੇਟਰ ਚਿੱਟੇ ਹਾਥੀ ਬਣ ਕੇ ਰਹਿ ਗਏ ਹਨ। ਜਦੋਂ ਉਨ੍ਹਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਇਹ ਕਹਿਣਾ ਸੀ ਕਿ ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਣ ਤੋਂ ਬਾਅਦ ਵਿਭਾਗ ਕੋਲ ਪੈਸੇ ਨਹੀਂ ਬਚਦੇ ਹਨ। ਜਿਸ ਕਾਰਨ ਜਨਰੇਟਰਾਂ ਵਿੱਚ ਤੇਲ ਪਾਉਣ ਲਈ ਪੈਸੇ ਨਹੀਂ ਹਨ।
ਕੁਲਜੀਤ ਬੇਦੀ ਨੇ ਕਿਹਾ ਕਿ ਗਰਮੀ ਦੇ ਮੌਸਮ ਅਤੇ ਹੁਣ ਬਰਸਾਤੀ ਮੌਸਮ ਵਿੱਚ ਬਿਜਲੀ ਦੇ ਲਗਾਤਾਰ ਕੱਟ ਲੱਗ ਰਹੇ ਹਨ, ਜਿਸ ਕਾਰਨ ਇਨ੍ਹਾਂ ਬੂਸਟਰਾਂ ਤੋਂ ਹੋਣ ਵਾਲੀ ਪਾਣੀ ਦੀ ਸਪਲਾਈ ਪ੍ਰਭਾਵਿਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਮੁਹਾਲੀ ਵਿੱਚ ਪੰਜ ਬੂਸਟਰ ਬਣਾਏ ਗਏ ਸਨ, ਜਿਨ੍ਹਾਂ ਵਿੱਚ ਇਕੱਠਾ ਕੀਤਾ ਪਾਣੀ ਸੁਚਾਰੂ ਢੰਗ ਨਾਲ ਸਪਲਾਈ ਕੀਤਾ ਜਾਂਦਾ ਹੈ ਪ੍ਰੰਤੂ ਬੱਤੀ ਗੁੱਲ ਹੋਣ ’ਤੇ ਬੂਸਟਰ ਚਲਦੇ ਹੀ ਨਹੀਂ ਕਿਉਂਕਿ ਜਨਰੇਟਰਾਂ ਵਿੱਚ ਤੇਲ ਨਹੀਂ ਹੈ। ਉਨ੍ਹਾਂ ਪਾਵਰਕੌਮ ਤੋਂ ਮੰਗ ਕੀਤੀ ਕਿ ਫੇਜ਼-10 ਦੀ ਤਰਜ਼ ’ਤੇ ਸਾਰੇ ਬੂਸਟਰਾਂ ਨੂੰ ਹੌਟ ਲਾਈਨ ਨਾਲ ਜੋੜਿਆ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਦਾ ਕੋਈ ਬਦਲਵਾਂ ਪ੍ਰਬੰਧ ਕਰੇ ਨਹੀਂ ਤਾਂ ਸ਼ਹਿਰ ਵਾਸੀ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਗੇ। ਉਨ੍ਹਾਂ ਡੀਸੀ ਮੁਹਾਲੀ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਬੂਸਟਰ ਪੰਪਾਂ ’ਤੇ ਰੱਖੇ ਜਨਰੇਟਰ ਚਲਾਉਣ ਲਈ ਤੇਲ ਦੀ ਵਿਵਸਥਾ ਕਰਵਾਉਣ, ਕਿਉਂਕਿ ਇਹ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…