ਸੀਵਰੇਜ ਤੇ ਬਰਸਾਤੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਡੀਸੀ ਨੂੰ ਮਿਲੇ ਜੇਟੀਪੀਐੱਲ ਦੇ ਵਸਨੀਕ

ਨਬਜ਼-ਏ-ਪੰਜਾਬ, ਮੁਹਾਲੀ, 11 ਸਤੰਬਰ:
ਲਾਂਡਰਾਂ-ਖਰੜ ਸੜਕ ’ਤੇ ਸਥਿਤ ਜੇਟੀਪੀਐਲ ਕਲੋਨੀ ਦੇ ਵਸਨੀਕ ਬਰਸਾਤੀ ਤੇ ਸੀਵਰੇਜ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਡਾਢੇ ਤੰਗ ਪ੍ਰੇਸ਼ਾਨ ਹਨ। ਪੀੜਤ ਵਸਨੀਕਾਂ ਨੇ ਇਸ ਸਮੱਸਿਆ ਦੇ ਹੱਲ ਲਈ ਅੱਜ ਮੁਹਾਲੀ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸੋਢੀ ਨੇ ਕਿਹਾ ਕਿ ਕਰੀਬ 90 ਏਕੜ ਵਿੱਚ ਫੈਲੀ ਇਸ ਸੁਸਾਇਟੀ ਵਿੱਚ 900 ਪਰਿਵਾਰ ਰਹਿੰਦੇ ਹਨ, ਜੋ ਬਰਸਾਤੀ ਤੇ ਸੀਵਰੇਜ ਪਾਣੀ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਨਰਕ ਭੋਗਣ ਲਈ ਮਜਬੂਰ ਹਨ। ਸੜਕ ਕਿਨਾਰੇ ਅਤੇ ਘਰਾਂ ਅੱਗੇ ਖੜੇ ਗੰਦੇ ’ਚੋਂ ਉੱਠਦੀ ਬਦਬੂ ਕਾਰਨ ਬਿਮਾਰੀ ਫੈਲਣ ਦਾ ਖ਼ਦਸ਼ਾ ਹੈ। ਬਿਜਲੀ-ਪਾਣੀ ਅਤੇ ਸੜਕਾਂ ਦਾ ਵੀ ਬੁਰਾ ਹਾਲ ਹੈ। ਉਨ੍ਹਾਂ ਡੀਸੀ ਨੂੰ ਦੱਸਿਆ ਕਿ ਲੋਕਾਂ ਨੇ ਕਰਜ਼ਾ ਚੁੱਕ ਕੇ ਅਤੇ ਉਮਰ ਭਰ ਦੀ ਕਮਾਈ ਖ਼ਰਚ ਕਰਕੇ ਇੱਥੇ ਮਕਾਨ ਅਤੇ ਫਲੈਟ ਖ਼ਰੀਦੇ ਸਨ ਪਰ ਹੁਣ ਉਹ ਖ਼ੁਦ ਨੂੰ ਠਗਿਆ ਮਹਿਸੂਸ ਕਰ ਰਹੇ ਹਨ।
ਜਸਵਿੰਦਰ ਕੌਰ, ਸੁਦਾ ਡੋਗਰਾ ਅਤੇ ਸੁਦੇਸ਼ ਕੁਮਾਰੀ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਕਲੋਨੀ ਵਿਚਲਾ ਐਸਟੀਪੀ ਪਲਾਂਟ ਵੀ ਬੰਦ ਪਿਆ ਹੈ। ਜਿਸ ਕਾਰਨ ਸੀਵਰੇਜ ਦਾ ਪਾਣੀ ਓਵਰਫ਼ਲੋ ਹੋ ਕੇ ਘਰਾਂ ਵਿੱਚ ਦਾਖ਼ਲ ਹੋ ਜਾਂਦਾ ਹੈ। ਉਨ੍ਹਾਂ ਐਸਟੀਪੀ ਪਲਾਂਟ ਤੁਰੰਤ ਚਲਾਉਣ ਦੀ ਮੰਗ ਕੀਤੀ। ਵਿਨੋਦ ਤਲਵਾਰ, ਰਾਜਨ ਸ਼ਰਮਾ, ਅਮਨਦੀਪ ਸਿੰਘ ਨੇ ਦੱਸਿਆ ਕਿ ਸੁਸਾਇਟੀ ਦਾ ਸਾਰਾ ਪਾਣੀ ਨਜ਼ਦੀਕੀ ਪਿੰਡ ਖੂਨੀਮਾਜਰਾ ਦੇ ਟੋਭੇ ਵਿੱਚ ਛੱਡਿਆ ਜਾ ਰਿਹਾ ਹੈ। ਖੂਨੀਮਾਜਰਾ ਵਿੱਚ ਬਣ ਰਹੇ ਸਰਕਾਰੀ ਐਸਟੀਪੀ ਪਲਾਂਟ ਵਿੱਚ ਜੇਟੀਪੀਐਲ ਦਾ ਸੀਵਰੇਜ ਕੁਨੈਕਸ਼ਨ ਜੋੜਿਆ ਜਾਵੇ ਅਤੇ ਸੁਸਾਇਟੀ ਨੂੰ ਖਰੜ ਨਗਰ ਕੌਂਸਲ ਅਧੀਨ ਲਿਆ ਜਾਵੇ।
ਇਸ ਮੌਕੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਪੀੜਤ ਲੋਕਾਂ ਦੇ ਵਫ਼ਦ ਨੂੰ ਬੜੀ ਸੰਜੀਦਗੀ ਨਾਲ ਸੁਣਿਆਂ ਅਤੇ ਮੌਕੇ ’ਤੇ ਹੀ ਖਰੜ ਦੇ ਕਾਰਜਸਾਧਕ ਅਫ਼ਸਰ ਨੂੰ ਮਸਲੇ ਦਾ ਹੱਲ ਲਈ ਆਖਿਆ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਗੰਦੇ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ ਅਤੇ ਬਾਕੀ ਮੁਸ਼ਕਲਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਜ਼ਿਆਦਾਤਰ ਪ੍ਰਾਈਵੇਟ ਸੁਸਾਇਟੀਆਂ ਦੇ ਵਸਨੀਕ ਅਜਿਹੀਆਂ ਸਮੱਸਿਆਵਾਂ ਨਾਲ ਜੂਝ ਹਨ, ਜਿਨ੍ਹਾਂ ਨੂੰ ਨਗਰ ਨਿਗਮ ਜਾਂ ਨਗਰ ਕੌਂਸਲਾਂ ਨੇ ਹਾਲੇ ਟੇਕ ਓਵਰ ਨਹੀਂ ਕੀਤਾ। ਜਿਸ ਕਾਰਨ ਇਨ੍ਹਾਂ ਸੁਸਾਇਟੀਆਂ ਵਿੱਚ ਵਿਕਾਸ ਏਜੰਸੀ ਨੂੰ ਫ਼ੰਡ ਖ਼ਰਚਣੇ ਅੌਖੇ ਹੁੰਦੇ ਹਨ ਪਰ ਅਜਿਹੀ ਹਾਲਤ ਵਿੱਚ ਵਸਨੀਕਾਂ ਦਾ ਕੋਈ ਕਸੂਰ ਨਹੀਂ ਹੈ। ਡੀਸੀ ਨੇ ਭਰੋਸਾ ਦਿੱਤਾ ਕਿ ਅਜਿਹੀਆਂ ਸੁਸਾਇਟੀ ਦੀ ਸੂਚੀ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…