ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਲਿੰਕ ਸੜਕਾਂ ਦੀ ਮੁਰੰਮਤ ਕਰੇ ਪੰਜਾਬ ਸਰਕਾਰ

ਤੇਲ ਦੀਆਂ ਕੀਮਤਾਂ ਵਧਾਉਣ, ਡੀਏਪੀ ਖਾਦ, ਲਿੰਕ ਸੜਕਾਂ ਅਤੇ ਫੈਕਟਰੀਆਂ ਦੇ ਪ੍ਰਦੂਸ਼ਣ ’ਤੇ ਕੀਤੀ ਚਰਚਾ

ਕਿਸਾਨ ਯੂਨੀਅਨ (ਲੱਖੋਵਾਲ) ਦੀ ਪਿੰਡ ਚੱਪੜਚਿੜੀ ਵਿੱਚ ਹੋਈ ਮੀਟਿੰਗ, ਹਰਿੰਦਰ ਲੱਖੋਵਾਲ ਵੀ ਪਹੁੰਚੇ

ਨਬਜ਼-ਏ-ਪੰਜਾਬ, ਮੁਹਾਲੀ, 12 ਸਤੰਬਰ:
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਵਿਸ਼ੇਸ਼ ਮੀਟਿੰਗ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਫਤਿਹ-ਏ-ਜੰਗ ਚੱਪੜਚਿੜੀ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਵੀ ਸ਼ਿਰਕਤ ਕੀਤੀ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਅਤੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਬਿਜਲੀ ਦਰਾਂ ’ਚ ਵਾਧਾ, ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਾਉਣ, ਡੀਏਪੀ ਖਾਦ, ਪਿੰਡਾਂ ਦੀਆਂ ਖਸਤਾ ਹਾਲਤ ਲਿੰਕ ਸੜਕਾਂ ਅਤੇ ਫੈਕਟਰੀਆਂ ਦੇ ਪ੍ਰਦੂਸ਼ਣ ਆਦਿ ਮੁੱਦਿਆਂ ’ਤੇ ਚਰਚਾ ਕੀਤੀ ਗਈ।
ਇਸ ਮੌਕੇ ਬੋਲਦਿਆਂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਜ਼ਿਆਦਾਤਰ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਬਹੁਤ ਖਸਤਾ ਬਣੀ ਹੋਈ ਹੈ ਅਤੇ ਡੂੰਘੇ ਖੱਡਿਆਂ ਕਾਰਨ ਬਰਸਾਤ ਦੇ ਦਿਨਾਂ ਵਿੱਚ ਵਾਹਨ ਲੈ ਕੇ ਆਉਣਾ ਜਾਣਾ ਕਾਫ਼ੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਲਿਹਾਜ਼ਾ ਲਿੰਕ ਸੜਕਾਂ ਦੀ ਫੌਰੀ ਮੁਰੰਮਤ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਫ਼ਸਲ ਲੈ ਕੇ ਮੰਡੀਆਂ ਵਿੱਚ ਆਉਣ ਸਮੇਂ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਲਾਂਡਰਾਂ ਅਤੇ ਚੱਪੜਚਿੜੀ ਸੜਕ ਦਾ ਕਾਫ਼ੀ ਬੁਰਾ ਹਾਲ ਹੈ। ਪੈਦਲ ਚੱਲਣਾ ਵੀ ਖ਼ਤਰੇ ਤੋਂ ਘੱਟ ਨਹੀਂ ਹੈ।
ਕਿਸਾਨਾਂ ਨੇ ਮੁਹਾਲੀ ਅਤੇ ਡੇਰਾਬੱਸੀ ਦੇ ਉਦਯੋਗਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਦਯੋਗਿਕ ਘਰਾਣਿਆਂ ਨੂੰ ਸਰਕਾਰ ਕੁੱਝ ਨਹੀਂ ਕਹਿੰਦੀ ਜਦੋਂਕਿ ਕਿਸਾਨਾਂ ਨੂੰ ਪ੍ਰਦੂਸ਼ਣ ਲਈ ਝੂਠਾ ਬਦਨਾਮ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਫੈਕਟਰੀਆਂ ਵਿੱਚ ਬਾਹਰਲੇ ਬੰਦਿਆਂ ਦੀ ਥਾਂ ਲੋਕਲ ਏਰੀਆ ਦੇ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇ। ਮੀਟਿੰਗ ਵਿੱਚ ਕਿਸਾਨਾਂ ਨੇ ਡੀਏਪੀ ਖਾਦ ਦਾ ਮੁੱਦਾਂ ਵੀ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ। ਉਨ੍ਹਾਂ ਕਿਹਾ ਕਿ ਆਲੂਆਂ ਅਤੇ ਹੋਰ ਸਬਜ਼ੀਆਂ ਦੀ ਬਿਜਾਈ ਦਾ ਸਮਾਂ ਨੇੜੇ ਆ ਗਿਆ ਹੈ ਪ੍ਰੰਤੂ ਅਜੇ ਤਾਈਂ ਸੁਸਾਇਟੀਆਂ ਵਿੱਚ ਡੀਪੀਏ ਖਾਦ ਹੀ ਨਹੀਂ ਆਈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਡੀਏਪੀ ਖਾਦ ਸਮੇਂ ਸਿਰ ਮਿਲਣੀ ਯਕੀਨੀ ਬਣਾਇਆ ਜਾਵੇ। ਕਿਸਾਨਾਂ ਨੇ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਲਗਾਉਣ ਦੀ ਥਾਂ ਇਸ ਨੂੰ ਜੀਐਸਟੀ ਨਾਲ ਜੋੜਨ ਦੀ ਮੰਗ ਕੀਤੀ। ਕਿਸਾਨਾਂ ਨੇ ਉਪਰੋਕਤ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਨਿੱਜੀ ਦਖ਼ਲ ਦੇਣ ਦੀ ਗੁਹਾਰ ਲਗਾਈ ਹੈ।
ਮੀਟਿੰਗ ਵਿੱਚ ਮੁਹਾਲੀ ਬਲਾਕ ਦੇ ਪ੍ਰਧਾਨ ਦਰਸ਼ਨ ਸਿੰਘ, ਜਸਪਾਲ ਸਿੰਘ ਲਾਂਡਰਾਂ, ਮਨਪ੍ਰੀਤ ਸਿੰਘ ਅਮਰਾਲਾ, ਖਰੜ ਬਲਾਕ ਦੇ ਪ੍ਰਧਾਨ ਗੁਰਮੀਤ ਸਿੰਘ ਖੂਨੀਮਾਜਰਾ, ਜਨਰਲ ਸਕੱਤਰ ਸੋਨੀ ਰਸਨਹੇੜੀ, ਕਿਰਪਾਲ ਸਿੰਘ ਮਗਰ, ਗੁਰਜੰਟ ਸਿੰਘ, ਰਣਜੀਤ ਸਿੰਘ ਬਜਹੇੜੀ, ਸੁਰਿੰਦਰ ਸਿੰਘ ਮਹਿਮਦਪੁਰ, ਚਰਨਜੀਤ ਸਿੰਘ ਸਿੰਬਲ ਮਾਜਰਾ, ਕੁਲਵੰਤ ਸਿੰਘ ਚਿੱਲਾ, ਸਰਬਜੀਤ ਸਿੰਘ ਲਹਿਰਾ, ਕੁਲਵੰਤ ਸਿੰਘ ਰੁੜਕੀ, ਜਸਵੀਰ ਸਿੰਘ ਨੰਗਲ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…