ਜ਼ੁਬਾਨੀ ਹੁਕਮਾਂ ਨਾਲ ਖਾਲੀ ਕਰਵਾਇਆ ਫੇਜ਼-3ਬੀ1, ਮੁਹਾਲੀ ਦਾ ਟੀਕਾਕਰਨ ਕੇਂਦਰ

ਬੱਚਿਆਂ ਤੇ ਗਰਭਵਤੀ ਅੌਰਤਾਂ ਦੇ ਟੀਕਾਕਰਨ ਸਮੇਤ ਮਲੇਰੀਆ ਤੇ ਡੇਂਗੂ ਦਾ ਵੀ ਹੁੰਦਾ ਸੀ ਇਲਾਜ

ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਥਾਂ ਪਹਿਲਾਂ ਮਿਲਦੀਆਂ ਸਹੂਲਤਾਂ ਖੋਹਣ ਦੇ ਰਾਹ ਪਈ: ਬੇਦੀ

ਨਬਜ਼-ਏ-ਪੰਜਾਬ, ਮੁਹਾਲੀ, 17 ਸਤੰਬਰ:
‘‘ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਦੀ ਆਪ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਸਰਕਾਰ ਨੇ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣ ਦੀ ਥਾਂ ਉਲਟਾ ਪਿਛਲੀ ਕਾਂਗਰਸ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਿਹਤ ਸਹੂਲਤਾਂ ਖੋਹਣ ਦੇ ਰਾਹ ਪੈ ਗਈ ਹੈ। ਪਹਿਲਾਂ ਜਿੱਥੇ ਫੇਜ਼-3ਬੀ1 ਦੇ ਕਮਿਊਨਿਟੀ ਹੈਲਥ ਸੈਂਟਰ ਨੂੰ ਇੱਥੋਂ ਦੁਰਦਰਾਡੇ ਪਿੰਡ ਸੰਤੇਮਾਜਰਾ ਵਿੱਚ ਸ਼ਿਫ਼ਟ ਕਰਕੇ ਇਹ ਜਗ੍ਹਾ ਲੀਵਰ ਅਤੇ ਬਾਇਲਰੀ ਇੰਸਟੀਚਿਊਟ ਨੂੰ ਦੇ ਦਿੱਤੀ ਸੀ ਪ੍ਰੰਤੂ ਅੱਜ ਇੱਕ ਖਾਲੀ ਸ਼ੈੱਡ ਵਿੱਚ ਚਲਦੇ ਟੀਕਾਕਰਨ ਕੇਂਦਰ ਨੂੰ ਵੀ ਸਰਕਾਰ ਨੇ ਖਾਲੀ ਕਰਨ ਦੇ ਜ਼ੁਬਾਨੀ ਹੁਕਮ ਚਾੜ ਦਿੱਤੇ ਹਨ।
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇੱਥੇ ਹਰੇਕ ਮਹੀਨੇ ਲਗਪਗ 400 ਤੋਂ 500 ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਸਨ ਜਦੋਂਕਿ ਮਲੇਰੀਆ ਤੇ ਡੇਂਗੂ ਦੀਆਂ ਟੀਮਾਂ ਵੀ ਇੱਥੋਂ ਹੀ ਸੰਚਾਲਿਤ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਆਪਣੇ ਜ਼ੁਬਾਨੀ ਕਲਾਮੀ ਫ਼ੈਸਲੇ ਨੂੰ ਤੁਰੰਤ ਵਾਪਸ ਲਵੇ ਅਤੇ ਟੀਕਾਕਰਨ ਕੇਂਦਰ ਇੱਥੇ ਹੀ ਰਹਿਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਫ਼ੈਸਲੇ ਤੋਂ ਹੈਰਾਨ ਹਨ ਕਿ ਕਿਵੇਂ ਜ਼ੁਬਾਨੀ ਹੁਕਮ ਕਰਕੇ ਟੈਂਪਰੇਰੀ ਸ਼ੈੱਡ ’ਚੋਂ ਸਾਰਾ ਸਮਾਨ ਚੁਕਵਾ ਦਿੱਤਾ ਹੈ। ਜਦੋਂਕਿ ਸਿਹਤ ਕਰਮਚਾਰੀਆਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਨੇ ਸਮਾਨ ਲੈ ਕੇ ਕਿੱਥੇ ਜਾਣਾ ਹੈ। ਉਨ੍ਹਾਂ ਕਿਹਾ ਕਿ ਫੇਜ਼-3ਬੀ1, ਫੇਜ਼-3ਬੀ2 ਅਤੇ ਫੇਜ਼-3ਏ ਦੇ ਲੋਕ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਲਈ ਇੱਥੇ ਆਉਂਦੇ ਸਨ, ਹੁਣ ਇਹ ਸਹੂਲਤ ਵੀ ਖੋਹੀ ਜਾ ਰਹੀ ਹੈ।
ਬੇਦੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਡਿਸਪੈਂਸਰੀ ਦੀ ਜ਼ਮੀਨ ਲੀਵਰ ਅਤੇ ਬਾਇਲਰੀ ਇੰਸਟੀਚਿਊਟ ਨੂੰ ਦੇਣ ਵਿਰੁੱਧ ਹਾਈ ਕੋਰਟ ਦਾ ਬੂਹਾ ਖੜਕਾਇਆ ਗਿਆ ਸੀ। ਜਿੱਥੇ ਕੇਸ ਸੁਣਵਾਈ ਅਧੀਨ ਹੈ ਪ੍ਰੰਤੂ ਹੁਣ ਟੀਕਾਕਰਨ ਕੇਂਦਰ ਨੂੰ ਵੀ ਖਾਲੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਇਸ ਮਾਮਲੇ ਨੂੰ ਵੀ ਅਦਾਲਤ ਵਿੱਚ ਲੈ ਕੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…