ਈ-ਨਿਲਾਮੀ ਨੂੰ ਵੱਡਾ ਹੁਲਾਰਾ: ਗਮਾਡਾ\ਪੁੱਡਾ ਵਿਕਾਸ ਅਥਾਰਟੀਆਂ ਨੇ ਕਮਾਏ 2945 ਕਰੋੜ ਰੁਪਏ

ਵੱਖ-ਵੱਖ ਜਾਇਦਾਦਾਂ ਦੀ ਈ-ਨਿਲਾਮੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ

ਮੁੱਖ ਮੰਤਰੀ ਵੱਲੋਂ ਗਮਾਡਾ\ਪੁੱਡਾ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ

ਨਬਜ਼-ਏ-ਪੰਜਾਬ, ਮੁਹਾਲੀ, 17 ਸਤੰਬਰ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਦੀਆਂ ਲੋਕ-ਪੱਖੀ ਅਤੇ ਵਿਕਾਸ ਮੁਖੀ ਨੀਤੀਆਂ ਸਦਕਾ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁੱਡਾ) ਅਤੇ ਹੋਰ ਖੇਤਰੀ ਵਿਕਾਸ ਅਥਾਰਟੀਆਂ ਨੇ ਵੱਖ-ਵੱਖ ਜਾਇਦਾਦਾਂ ਦੀ ਈ-ਨਿਲਾਮੀ ਰਾਹੀਂ 2954 ਕਰੋੜ ਰੁਪਏ ਕਮਾਏ ਹਨ। ਜਿਨ੍ਹਾਂ ’ਚੋਂ ਪੁੱਡਾ ਨੂੰ 224.11 ਕਰੋੜ ਰੁਪਏ ਅਤੇ ਗਮਾਡਾ ਨੂੰ 2505.45 ਕਰੋੜ ਰੁਪਏ ਦੀ ਆਮਦਨ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੁੱਡਾ\ਗਮਾਡਾ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਰਾ ਪੈਸਾ ਮੁਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ’ਤੇ ਖ਼ਰਚਿਆਂ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਪੁੱਡਾ ਨੂੰ ਓਯੂਵੀਜੀਐਲ ਦੀਆਂ 162 ਜਾਇਦਾਦਾਂ ਦੀ ਨਿਲਾਮੀ ਪ੍ਰਾਪਤ ਹੋਈ। ਗਮਾਡਾ ਨੇ ਮੁਹਾਲੀ ਦੇ ਸੈਕਟਰ-62 ਵਿੱਚ ਦੋ ਕਮਰਸ਼ੀਅਲ ਥਾਵਾਂ, ਈਕੋ-ਸਿਟੀ-1 ਅਤੇ ਐਰੋਸਿਟੀ ਵਿੱਚ ਇਕ-ਇਕ ਰਕਬਾ (ਚੰਕ), ਸੈਕਟਰ-66 ਵਿੱਚ ਤਿੰਨ ਗਰੁੱਪ ਹਾਊਸਿੰਗ ਥਾਵਾਂ, ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ 16 ਐਸਸੀਓ ਅਤੇ 12 ਬੂਥਾਂ ਦੀ ਸਫਲ ਨਿਲਾਮੀ ਕਰਵਾਈ। ਮੁਹਾਲੀ ਵਿੱਚ ਸਭ ਤੋਂ ਮਹਿੰਗੀ ਜ਼ਮੀਨ ਸੈਕਟਰ-62 ਵਿੱਚ ਵਿਕੀ ਹੈ। ਇੱਥੋਂ ਵਿਕਾਸ ਅਥਾਰਟੀ ਨੂੰ ਇੱਕ ਕਮਰਸ਼ੀਅਲ ਸਾਈਟ ਤੋਂ 527.11 ਕਰੋੜ ਰੁਪਏ ਦੀ ਆਮਦਨ ਹੋਈ ਹੈ, ਜੋ ਕਿ ਆਪਣੇ ਆਪ ਵਿੱਚ ਰਿਕਾਰਡ ਹੈ। ਪੁੱਡਾ ਦੀ ਇਸ ਨਿਲਾਮੀ ਨਾਲ ਮੁਹਾਲੀ ਸਮੇਤ ਆਸਪਾਸ ਇਲਾਕਿਆਂ ਵਿੱਚ ਪ੍ਰਾਪਰਟੀ ਅਤੇ ਰੀਅਲ ਅਸਟੇਟ ਦੇ ਕਾਰੋਬਾਰ ਵਿੱਚ ਉਛਾਲ ਆਵੇਗਾ।
ਇਸੇ ਤਰ੍ਹਾਂ ਗਲਾਡਾ ਨੇ 32 ਜਾਇਦਾਦਾਂ ਦੀ ਨਿਲਾਮੀ ਕਰਵਾਈ। ਬਠਿੰਡਾ ਵਿਕਾਸ ਅਥਾਰਟੀ (ਬੀਡੀਏ) ਨੇ 23 ਜਾਇਦਾਦਾਂ ਦੀ ਨਿਲਾਮੀ ਕਰਵਾਈ। ਅੰਮ੍ਰਿਤਸਰ ਵਿਕਾਸ ਅਥਾਰਟੀ (ਏਡੀਏ) ਅਤੇ ਜਲੰਧਰ ਵਿਕਾਸ ਅਥਾਰਟੀ (ਜੇਡੀਏ) ਨੇ ਕ੍ਰਮਵਾਰ 34 ਅਤੇ 22 ਜਾਇਦਾਦਾਂ ਦੀ ਨਿਲਾਮੀ ਕਰਵਾਈ ਅਤੇ ਪਟਿਆਲਾ ਵਿਕਾਸ ਅਥਾਰਟੀ (ਪੀਡੀਏ) ਨੇ 17 ਜਾਇਦਾਦਾਂ ਦੀ ਨਿਲਾਮੀ ਕਰਵਾਈ। ਸਫਲ ਬੋਲੀਕਾਰਾਂ ਨੂੰ ਕੁੱਲ ਕੀਮਤ ਦੀ 10 ਫੀਸਦੀ ਰਾਸ਼ੀ ਜਮ੍ਹਾਂ ਕਰਵਾਉਣ ‘ਤੇ ਸਬੰਧਤ ਜਗ੍ਹਾ ਅਲਾਟ ਕੀਤੀ ਜਾਵੇਗੀ ਅਤੇ ਕੁੱਲ ਕੀਮਤ ਦੀ 25 ਫੀਸਦੀ ਰਾਸ਼ੀ ਦੀ ਅਦਾਇਗੀ ਕਰਨ ਮਗਰੋਂ ਕਬਜ਼ਾ ਸੌਂਪਿਆ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਈ-ਨਿਲਾਮੀ 6 ਸਤੰਬਰ ਨੂੰ ਸ਼ੁਰੂ ਹੋਈ ਸੀ, ਜਿਸ ਵਿੱਚ ਗਰੁੱਪ ਹਾਊਸਿੰਗ, ਮਲਟੀਪਲੈਕਸ, ਵਪਾਰਕ ਥਾਵਾਂ, ਰਿਹਾਇਸ਼ੀ ਪਲਾਟ, ਐਸਸੀਓ, ਬੂਥ, ਦੁਕਾਨਾਂ, ਐਸਸੀਐਫ਼ ਅਤੇ ਹੋਰ ਜਾਇਦਾਦਾਂ ਸ਼ਾਮਲ ਸਨ। ਇਸ ਸ਼ਾਨਦਾਰ ਸਫਲਤਾ ਲਈ ਪੁੱਡਾ\ਗਮਾਡਾ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਮਕਾਨ ਉਸਾਰੀ ਤੇ ਸ਼ਹਿਰ ਵਿਕਾਸ ਵਿਭਾਗ ਹੇਠ ਕਾਰਜਸ਼ੀਲ ਵਿਕਾਸ ਅਥਾਰਟੀਆਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਆਪਣੀਆਂ ਸੁਪਨਮਈ ਜਾਇਦਾਦਾਂ ਖਰੀਦਣ ਦਾ ਮੌਕਾ ਦਿੱਤਾ।
ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਜਾਇਦਾਦਾਂ ਦੀ ਨਿਲਾਮੀ ਪ੍ਰਤੀ ਆਮ ਲੋਕਾਂ ਖਾਸ ਕਰਕੇ ਰਿਹਾਇਸ਼ੀ ਪਲਾਟ ਦੇ ਇੱਛੁਕ ਜਾਂ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੇ ਵੱਡਾ ਉਤਸ਼ਾਹ ਦਿਖਾਇਆ। ਈ-ਨਿਲਾਮੀ ਦੇ ਸ਼ਾਨਦਾਰ ਨਤੀਜਿਆਂ ਨੇ ਸੂਬਾ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਉੱਤੇ ਮੋਹਰ ਲਾਈ ਹੈ। ਈ-ਨਿਲਾਮੀ ਰਾਹੀਂ ਕਮਾਇਆ ਇਕ-ਇਕ ਪੈਸਾ ਵਿਕਾਸ ਪ੍ਰਾਜੈਕਟਾਂ ਉਤੇ ਖ਼ਰਚ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਆਲ੍ਹਾ ਦਰਜੇ ਦੀਆਂ ਸਹੂਲਤਾਂ ਦਿੱਤੀਆਂ ਜਾ ਸਕਣ। ਉਨ੍ਹਾਂ ਨੇ ਈ-ਨਿਲਾਮੀ ਕਰਵਾਉਣ ਵਿੱਚ ਸ਼ਾਮਲ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਅਧਿਕਾਰੀ ਤੇ ਕਰਮਚਾਰੀ ਨੇ ਆਪਣੇ ਡਿਊਟੀ ਪੇਸ਼ੇਵਾਰਾਨਾ ਅਤੇ ਜ਼ਿੰਮੇਵਾਰੀ ਨਾਲ ਨਿਭਾਈ ਹੈ ਤਾਂ ਕਿ ਇਸ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…