ਪੰਜਾਬ ਦੀਆਂ ਫਲ ਤੇ ਸਬਜ਼ੀ ਮੰਡੀਆਂ ਵਿੱਚ ਹੁਣ ਆਨਲਾਈਨ ਹੋਵੇਗੀ ਗੇਟ ਐਂਟਰੀ: ਬਰਸਟ

ਚੇਅਰਮੈਨ ਬਰਸਟ ਵੱਲੋਂ ਪੰਜਾਬ ਦੀਆਂ ਅਨਾਜ, ਫਲ ਤੇ ਸਬਜ਼ੀਆਂ ਮੰਡੀਆਂ ਦੇ ਵਿਕਾਸ ਕੰਮਾਂ ਦੀ ਸਮੀਖਿਆ

ਉੱਚ ਅਧਿਕਾਰੀਆਂ ਨੇ ਵੱਖ-ਵੱਖ ਪ੍ਰਾਜੈਕਟਾਂ ਤੇ ਫ਼ੰਡਾਂ ਬਾਰੇ ਬਰਸਟ ਨਾਲ ਜਾਣਕਾਰੀ ਸਾਂਝੀ ਕੀਤੀ

ਨਬਜ਼-ਏ-ਪੰਜਾਬ, ਮੁਹਾਲੀ, 19 ਸਤੰਬਰ:
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸੂਬੇ ਦੀਆਂ ਵੱਖ-ਵੱਖ ਅਨਾਜ ਮੰਡੀਆਂ, ਫਲ ਤੇ ਸਬਜ਼ੀ ਮੰਡੀਆਂ ਦੇ ਵਿਕਾਸ ਕਾਰਜਾਂ, ਮਾਰਕੀਟ ਕਮੇਟੀਆਂ ਅਤੇ ਈ-ਨੈਮ ਸਬੰਧੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਸਮੀਖਿਆ ਕੀਤੀ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਵੀ ਦਿੱਤੇ। ਬਰਸਟ ਨੇ ਪਟਿਆਲਾ-ਸਨੌਰ ਸੜਕ ’ਤੇ ਸਥਿਤ ਆਧੁਨਿਕ ਫਲ ਅਤੇ ਸਬਜ਼ੀ ਮੰਡੀ ਦੇ ਮੁੱਖ ਗੇਟ ਉੱਤੇ ਲਗਾਏ ਬੂਮ ਬੈਰੀਅਰ, ਸੀਸੀਟੀਵੀ ਕੈਮਰੇ ਅਤੇ ਵੇ-ਬ੍ਰਿਜ ਰਾਹੀਂ ਆਨਲਾਈਨ ਐਂਟਰੀ ਦੀ ਤਰਜ਼ ’ਤੇ ਪੰਜਾਬ ਦੀਆਂ ਹੋਰਨਾਂ ਫਲ ਅਤੇ ਸਬਜ਼ੀ ਮੰਡੀਆਂ ਵਿੱਚ ਵੀ ਆਨਲਾਈਨ ਗੇਟ ਐਂਟਰੀ ਦੇ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਮੰਡੀਆਂ ਵਿੱਚ ਸਬਜ਼ੀਆਂ ਅਤੇ ਫ਼ਲਾਂ ਦਾ ਰਿਕਾਰਡ ਰੱਖਿਆ ਜਾ ਸਕੇ।
ਬਰਸਟ ਨੇ ਕਿਹਾ ਕਿ ਮਾਰਕੀਟ ਕਮੇਟੀ ਮਹਿਤਪੁਰ ਅਤੇ ਜਲੰਧਰ ਦੀਆਂ ਮੰਡੀਆਂ ਵਿੱਚ ਏਟੀਐਮਜ਼ ਲਗਾਏ ਜਾ ਚੁੱਕੇ ਹਨ ਅਤੇ ਹੋਰਨਾਂ ਮੰਡੀਆਂ ਵਿੱਚ ਵੀ ਜਲਦੀ ਏਟੀਐਮਜ਼ ਲਗਾਏ ਜਾਣ ਤਾਂ ਕਿ ਕਿਸਾਨਾਂ ਅਤੇ ਆਮ ਲੋਕਾਂ ਨੂੰ ਖਰੀਦਦਾਰੀ ਸਮੇਂ ਪੈਸਿਆਂ ਦੇ ਲੈਣ-ਦੇਣ ਵਿੱਚ ਕੋਈ ਮੁਸ਼ਕਲ ਨਾ ਆਵੇ। ਇਸ ਨਾਲ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਵੱਖ-ਵੱਖ ਪ੍ਰਾਜੈਕਟਾਂ, ਵਿਕਾਸ ਕਾਰਜਾਂ ਸਬੰਧੀ ਅਲਾਟ ਹੋਏ ਫ਼ੰਡਾਂ ਅਤੇ ਹੋਰਨਾਂ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਚੇਅਰਮੈਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਕਾਰਜਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨ ਹਵੇਲੀ, ਸ੍ਰੀ ਆਨੰਦਪੁਰ ਸਾਹਿਬ ਦੀ ਰੈਨੋਵੇਸ਼ਨ ਦਾ ਕਾਰਜ ਲਗਪਗ ਪੂਰਾ ਹੋ ਚੁੱਕਾ ਹੈ।
ਚੇਅਰਮੈਨ ਨੇ ਆਫ਼ ਸੀਜ਼ਨ ਦੌਰਾਨ ਮੰਡੀਆਂ ਵਿੱਚ ਖਾਲੀ ਪਏ ਕਵਰ ਸ਼ੈੱਡਾਂ ਨੂੰ ਬਹੁਤ ਵਾਜਬ ਭਾਅ ’ਤੇ ਵਿਆਹ, ਸਮਾਜਿਕ ਪ੍ਰੋਗਰਾਮਾਂ ਲਈ ਕਿਰਾਏ ’ਤੇ ਦੇਣ ਸਬੰਧੀ ਆਮ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਉਹ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ ਕਿਉਂਕਿ ਗਰੀਬ ਤੇ ਮੱਧ ਵਰਗੀ ਲੋਕ ਮਹਿੰਗੇ ਪੈਲੇਸਾਂ ਦਾ ਖ਼ਰਚਾ ਚੁੱਕਣ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਸਾਰਿਆਂ ਨੂੰ ਇੱਕ ਦੂਜੇ ਨਾਲ ਤਾਲਮੇਲ ਕਰਕੇ ਕੰਮ ਕਰਨਾ ਚਾਹੀਦਾ ਹੈ।
ਮੀਟਿੰਗ ਵਿੱਚ ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ, ਮੁੱਖ ਨਿਗਰਾਨ ਜਤਿੰਦਰ ਸਿੰਘ ਭੰਗੂ, ਮੁੱਖ ਇੰਜੀਨੀਅਰ ਗੁਰਿੰਦਰ ਸਿੰਘ ਚੀਮਾ, ਜੀਐਮ ਮਨਜੀਤ ਸਿੰਘ ਸੰਧੂ ਸਮੇਤ ਹੋਰ ਉੱਚ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…