ਪੰਜਾਬ ਸਰਕਾਰ ਦੀ ਬੇਰੁਖ਼ੀ ਕਾਰਨ ਵੈਟਰਨਰੀ ਡਾਕਟਰਾਂ ਨੇ ਹੁਣ ਵਿਦੇਸ਼ਾਂ ਵੱਲ ਕੀਤਾ ਰੁੱਖ

ਵੱਡੀ ਗਿਣਤੀ ਵੈਟਰਨਰੀ ਅਫ਼ਸਰ ਨੌਕਰੀ ਛੱਡ ਕੇ ਵਿਦੇਸ਼ਾਂ ’ਚ ਮਾਰ ਚੁੱਕੇ ਨੇ ਉਡਾਰੀ: ਡਾ. ਵਾਲੀਆ

ਪੰਜਾਬ ਰਾਜ ਵੈਟਰਨਰੀ ਕੌਂਸਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਈ ਪੇਅ-ਪੈਰਟੀ ਬਹਾਲ ਕਰਨ ਦੀ ਗੁਹਾਰ

ਨਬਜ਼-ਏ-ਪੰਜਾਬ, ਮੁਹਾਲੀ, 21 ਸਤੰਬਰ:
ਪੰਜਾਬ ਸਰਕਾਰ ਵੱਲੋਂ ਲਗਾਤਾਰ ਵੈਟਰਨਰੀ ਡਾਕਟਰਾਂ ਨੂੰ ਅਣਗੌਲਿਆ ਕੀਤੇ ਜਾਣ ਕਾਰਨ ਪਸ਼ੂ ਪਾਲਣ ਵਿਭਾਗ ਵਿੱਚ ਤਾਇਨਾਤ ਵੱਡੀ ਗਿਣਤੀ ਵੈਟਰਨਰੀ ਅਫ਼ਸਰਾਂ ਨੇ ਨੌਕਰੀਆਂ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਉਡਾਰੀ ਮਾਰ ਚੁੱਕੇ ਹਨ ਅਤੇ ਬਾਕੀ ਡਾਕਟਰਾਂ ਨੇ ਵੀ ਆਪਣਾ ਰੁੱਖ ਬਾਹਰਲੇ ਦੇਸ਼ਾਂ ਵੱਲ ਕੀਤਾ ਹੋਇਆ ਹੈ। ਜਦੋਂਕਿ ਪੰਜਾਬ ਦੀ ‘ਆਪ’ ਸਰਕਾਰ ਨੌਜਵਾਨਾਂ ਨੂੰ ਭਰਮਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ ਅਤੇ ਬਾਹਰਲੇ ਦੇਸ਼ਾਂ ਤੋਂ ਇੱਥੇ ਆ ਕੇ ਸੈਟਲ ਹੋਣ ਬਾਰੇ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ।
ਪੰਜਾਬ ਰਾਜ ਵੈਟਰਨਰੀ ਕੌਂਸਲ ਦੇ ਮੈਂਬਰ ਨੇ ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਇਸ ਦਾ ਵੱਡਾ ਕਾਰਨ ਪਿਛਲੀ ਕਾਂਗਰਸ ਸਰਕਾਰ ਦੇ ਆਖ਼ਰੀ ਸਮੇਂ ਦੌਰਾਨ ਨਵੇਂ ਭਰਤੀ ਹੋਏ ਵੈਟਰਨਰੀ ਅਫ਼ਸਰਾਂ ਦਾ ਮੁੱਢਲਾ ਤਨਖ਼ਾਹ ਸਕੇਲ 56,100/ ਰੁਪਏ ਤੋਂ ਘਟਾ ਕੇ 47,600 ਰੁਪਏ ਕਰਨਾ ਅਤੇ ਪਹਿਲਾਂ 4-9-14 ਸਾਲਾਂ ਦੀ ਨੌਕਰੀ ਉਪਰੰਤ ਮਿਲਦਾ ਡਾਇਨੈਮਿਕ ਅਸ਼ੋਰਡ ਕੈਰੀਅਰ ਪ੍ਰੋਗੈਰਸ਼ਨ ਸਕੀਮ (ਡੀਏਸੀਪੀ) ਅਧੀਨ ਤਰੱਕੀ ਸਕੇਲ ਬਹਾਲ ਕਰਨ ਬਾਰੇ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਹੀ ਨਹੀਂ ਆਪ ਲੀਡਰਸ਼ਿਪ ਅਤੇ ਮੌਜੂਦ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਵਾਅਦੇ ਕੀਤੇ ਗਏ ਸਨ, ਜੋ ਹੁਣ ਤੱਕ ਵਫ਼ਾ ਨਹੀਂ ਹੋਏ। ਪਸ਼ੂ ਹਸਪਤਾਲਾਂ ਵਿੱਚ ਸਟਾਫ਼ ਅਤੇ ਦਵਾਈਆਂ ਦੀ ਵੱਡੀ ਘਾਟ ਹੈ। ਜਿਸ ਕਾਰਨ ਪਸ਼ੂ ਪਾਲਕਾਂ ਅਤੇ ਜਾਨਵਰਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਦੇ ਪੰਜਵੇਂ ਤਨਖ਼ਾਹ-ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਰਾਜ ਦੇ ਕੁੱਲ 11 ਕੈਟਾਗਰੀ ਦੇ ਕਲਾਸ ‘ਏ’ ਅਫ਼ਸਰਾਂ, ਜਿਨ੍ਹਾਂ ਵਿੱਚ ਵੈਟਰਨਰੀ ਅਫ਼ਸਰ ਵੀ ਸ਼ਾਮਲ ਹਨ, ਨੂੰ 4-9-14 ਸਾਲ ਦੀ ਨੌਕਰੀ ਉਪਰੰਤ ਬਣਦਾ ਸਕੇਲ ਨਹੀਂ ਦਿੱਤਾ ਗਿਆ। ਇਸ ਸਬੰਧੀ ਛੇਵੇਂ ਤਨਖ਼ਾਹ-ਕਮਿਸ਼ਨਰ ਦੇ ਲਾਗੂ ਹੋਣ ਮਗਰੋਂ ਵੀ ਸਰਕਾਰ ਨੇ ਫ਼ੈਸਲਾ ਲੈਣ ਤੋਂ ਹੱਥ ਪਿੱਛੇ ਖਿੱਚ ਲਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਨਵੀਂ ਪੈਨਸ਼ਨ ਸਕੀਮ ਦੀ ਥਾਂ ’ਤੇ ਮੁਲਾਜ਼ਮਾਂ ਦੀ ਮੰਗ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਇਸ ਫ਼ੈਸਲੇ ਨੂੰ ਅਮਲੀ ਜਾਮਾ ਨਾ ਪਹਿਨਾਉਣ ਲਈ ਸਰਕਾਰ ਦੀ ਨੀਤੀ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਡਾ. ਵਾਲੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਜੋ ਖ਼ੁਦ ਕਿਸਾਨ ਪਰਿਵਾਰ ਅਤੇ ਪੇਂਡੂ ਪਿਛੋਕੜ ਨਾਲ ਸਬੰਧ ਰੱਖਦੇ ਹਨ, ਵੱਲੋਂ ਵੈਟਰਨਰੀ ਅਫ਼ਸਰਾਂ ਦੀ ਇੱਕੋ-ਇੱਕ ਮੰਗ ਮੈਡੀਕਲ ਅਫ਼ਸਰਾਂ ਦੇ ਬਰਾਬਰ ਤਨਖ਼ਾਹ ਦੇਣ ਦੀ ਮੰਗ ਪੂਰੀ ਕਰਨ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਵੈਟਰਨਰੀ ਡਾਕਟਰ ਤਨ, ਮਨ, ਧੰਨ ਨਾਲ ਪੇਂਡੂ ਅਰਥਚਾਰੇ ਨੂੰ ਬਿਹਤਰ ਬਣਾਉਣ ਲਈ ਆਪਣਾ ਯੋਗਦਾਨ ਪਾ ਸਕਣ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …