ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਜ਼ਬਰਦਸਤੀ ਲੋਕਾਂ ਦੇ ਘਰਾਂ ’ਚ ਵੜ ਕੇ ਫਰਿੱਜ ਖੋਲ੍ਹ ਕੇ ਚੀਜ਼ਾਂ ਖਾ ਪੀ ਰਹੇ ਨੇ ਬਾਂਦਰ

ਵੱਖ-ਵੱਖ ਸਰਕਾਰੀ ਵਿਭਾਗਾਂ ਨੇ ਇੱਕ ਦੂਜੇ ’ਤੇ ਦੂਜੀ ਸੁੱਟੀ ਜ਼ਿੰਮੇਵਾਰੀ

ਨਬਜ਼-ਏ-ਪੰਜਾਬ, ਮੁਹਾਲੀ, 21 ਸਤੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਬਾਂਦਰਾਂ ਦੀ ਦਹਿਸ਼ਤ ਕਾਰਨ ਲੋਕ ਕਾਫ਼ੀ ਭੈਅ-ਭੀਤ ਹਨ। ਇੱਥੋਂ ਦੇ ਸੈਕਟਰ-69 ਵਿੱਚ ਘਰਾਂ ਦੇ ਬਨੇਰਿਆਂ ’ਤੇ ਬਾਂਦਰ ਬੈਠੇ ਰਹਿੰਦੇ ਹਨ, ਜੋ ਕਈ ਵਾਰ ਘਰਦਿਆਂ ’ਤੇ ਝਪਟ ਪੈਂਦੇ ਹਨ। ਜਿਸ ਕਾਰਨ ਲੋਕਾਂ ਦਾ ਆਪਣੇ ਘਰਾਂ ਵਿੱਚ ਰਹਿਣਾ ਅਤੇ ਬਾਹਰ ਆਉਣਾ ਜਾਣਾ ਦੁੱਭਰ ਹੋਇਆ ਪਿਆ ਹੈ। ਵੱਖ-ਵੱਖ ਸਰਕਾਰੀ ਵਿਭਾਗਾਂ ਨੇ ਇਸ ਸਮੱਸਿਆ ਦਾ ਹੱਲ ਕਰਨ ਦੀ ਥਾਂ ਇੱਕ ਦੂਜੇ ਦੇ ਮੋਢਿਆਂ ’ਤੇ ਗੱਲ ਸੁੱਟ ਦਿੱਤੀ ਹੈ।
ਆਜ਼ਾਦ ਕੌਂਸਲਰ ਕੁਲਦੀਪ ਸਿੰਘ ਧਨੋਆ ਨੇ ਦੱਸਿਆ ਕਿ ਸੈਕਟਰ-69 ਵਿੱਚ ਲਗਪਗ ਇੱਕ ਮਹੀਨੇ ਤੋਂ ਬਾਂਦਰਾਂ ਨੇ ਦਹਿਸ਼ਤ ਮਚਾਈ ਹੋਈ ਹੈ, ਜੋ ਜ਼ਬਰਦਸਤੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਕੇ ਫਰਿੱਜ ਖੋਲ੍ਹ ਕੇ ਚੀਜ਼ਾਂ ਖਾ ਪੀ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਹਾਲੀ ਨਗਰ ਨਿਗਮ, ਵਣ ਅਤੇ ਜੰਗਲੀ ਜੀਵ ਵਿਭਾਗ ਸਮੇਤ ਹੋਰਨਾਂ ਅਦਾਰਿਆਂ ਨੂੰ ਇਸ ਸਮੱਸਿਆ ਬਾਰੇ ਦੱਸਿਆ ਜਾ ਚੁੱਕਾ ਹੈ ਲੇਕਿਨ ਉਕਤ ਬਾਂਦਰਾਂ ਦੀ ਦਹਿਸ਼ਤ ਤੋਂ ਬਚਾਉਣ ਦੀ ਥਾਂ ਇੱਕ ਦੂਜੇ ਵਿਭਾਗ ਦੇ ਉੱਤੇ ਜ਼ਿੰਮੇਵਾਰ ਸੁੱਟ ਕੇ ਆਪਣਾ ਪੱਲਾ ਝਾੜ ਰਹੇ ਹਨ।
ਮਹਿਲਾ ਕੌਂਸਲਰ ਨੇ ਦੱਸਿਆ ਕਿ ਇਹ ਬਾਂਦਰ ਬੱਚਿਆਂ ਅਤੇ ਬਜ਼ੁਰਗਾਂ ਦੇ ਪਿੱਛੇ ਭੱਜ ਲੈਂਦੇ ਹਨ। ਜਿਸ ਕਾਰਨ ਸੜਕ ’ਤੇ ਡਿੱਗ ਕੇ ਕਈ ਬੱਚਿਆਂ ਅਤੇ ਬਜ਼ੁਰਗਾਂ ਨੂੰ ਸੱਟਾਂ ਵੀ ਲੱਗੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਬੰਧੀ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਬਾਂਦਰਾਂ ਨੂੰ ਫੜਨ ਲਈ ਢਿੱਲਮੱਠ ਦਿਖਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਬਾਂਦਰਾਂ ਨੂੰ ਫੜ ਕੇ ਜੰਗਲੀ ਇਲਾਕੇ ਵਿੱਚ ਛਡਿਆ ਜਾਵੇ।
ਕੌਂਸਲਰ ਬੀਬੀ ਧਨੋਆ ਨੇ ਸਮੂਹ ਸੈਕਟਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਵਾਰਾ ਕੁੱਤਿਆਂ ਅਤੇ ਹੋਰ ਲਾਵਾਰਸ ਜਾਨਵਰਾਂ ਨੂੰ ਆਪਣੇ ਘਰਾਂ ਅੱਗੇ ਗਲੀ ਤੇ ਸੜਕ ਵਿੱਚ ਖਾਣਪੀਣ ਲਈ ਕੋਈ ਸਮਾਨ ਨਾ ਰੱਖਣ। ਕਿਉਂਕਿ ਇਸ ਨਾਲ ਜਿੱਥੇ ਰਿਹਾਇਸ਼ੀ ਖੇਤਰ ਵਿੱਚ ਗੰਦਗੀ ਫੈਲਦੀ ਹੈ, ਉੱਥੇ ਅਜਿਹੇ ਜਾਨਵਰ ਟੋਲੀਆਂ ਬਣ ਕੇ ਮੁਹੱਲੇ ਵਿੱਚ ਘੁੰਮਦੇ ਹਨ। ਉਨ੍ਹਾਂ ਲੋਕਾਂ ਨੂੰ ਸੁਝਾਅ ਦਿੱਤਾ ਕਿ ਆਵਾਰਾ ਕੁੱਤਿਆਂ ਅਤੇ ਲਾਵਾਰਸ ਪਸ਼ੂਆਂ ਨੂੰ ਰਿਹਾਇਸ਼ੀ ਖੇਤਰ ਦੇ ਬਾਹਰ ਖੁੱਲ੍ਹੀ ਜਗ੍ਹਾ ਵਿੱਚ ਖਾਣ ਪੀਣ ਦਾ ਸਮਾਨ ਰੱਖਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਦੀ ਬੇਰੁਖ਼ੀ ਕਾਰਨ ਵੈਟਰਨਰੀ ਡਾਕਟਰਾਂ ਨੇ ਹੁਣ ਵਿਦੇਸ਼ਾਂ ਵੱਲ ਕੀਤਾ ਰੁੱਖ

ਪੰਜਾਬ ਸਰਕਾਰ ਦੀ ਬੇਰੁਖ਼ੀ ਕਾਰਨ ਵੈਟਰਨਰੀ ਡਾਕਟਰਾਂ ਨੇ ਹੁਣ ਵਿਦੇਸ਼ਾਂ ਵੱਲ ਕੀਤਾ ਰੁੱਖ ਵੱਡੀ ਗਿਣਤੀ ਵੈਟਰਨਰੀ…