ਮੁੱਖ ਮੰਤਰੀ ਬਾਦਲ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਦੰਗਾ ਪੀੜਤਾਂ ਨੂੰ ਪੁਲੀਸ ਨੇ ਰਾਹ ਵਿੱਚ ਡੱਕਿਆਂ, ਚੱਕਾ ਜਾਮ

ਸਿੱਖ ਕਤਲੇਆਮ ਨੂੰ 32 ਸਾਲ ਬੀਤ ਜਾਣ ਦੇ ਬਾਵਜੂਦ ਪੀੜਤ ਪਰਿਵਾਰਾਂ ਨੂੰ ਹਾਲੇ ਤੱਕ ਨਹੀਂ ਮਿਲਿਆ ਇਨਸਾਫ਼, ਮਨਾਂ ’ਚ ਭਾਰੀ ਰੋਸ

ਅਮਨਦੀਪ ਸਿੰਘ ਸੋਢੀ
ਚੰਡੀਗੜ੍ਹ/ਮੁਹਾਲੀ, 6 ਦਸੰਬਰ
ਚੰਡੀਗੜ੍ਹ ਸਥਿਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਦੰਗਾ ਪੀੜਤ ਪਰਿਵਾਰਾਂ ਨੂੰ ਮੁਹਾਲੀ ਪੁਲੀਸ ਨੇ ਰਸਤੇ ਵਿੱਚ ਹੀ ਡੱਕ ਲਿਆ। ਰੋਸ ਨਾਲ ਨੱਕੋ ਨੱਕ ਭਰੇ ਪੀੜਤ ਪਰਿਵਾਰਾਂ ਨੇ ਗੁਰਦੁਆਰਾ ਸਾਹਿਬ ਫੇਜ਼-6 ਦੇ ਨੇੜੇ ਮੁੱਖ ਸੜਕ ’ਤੇ ਆਵਾਜਾਈ ਰੋਕ ਹਾਕਮਾਂ ਦਾ ਜਬਰਦਸਤ ਪਿੱਟ ਸਿਆਸਾ ਕੀਤਾ। ਦੇਰ ਸ਼ਾਮੀ ਇਹ ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਜਿਸ ਵਿੱਚ ਦੰਗਾ ਪੀੜਤ ਪਰਿਵਾਰਾਂ ਦੀਆਂ ਦੁਖਿਆਰੀ ਵਿਧਵਾ ਅੌਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੋਸ਼ ਲਾਇਆ ਕਿ ਦੇਸ਼ ਅਤੇ ਸੂਬੇ ਦੇ ਹੁਕਮਰਾਨ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਗੰਭੀਰ ਨਹੀਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਜਦੋਂ ਤੱਕ ਦੋਸ਼ੀ ਰਾਜਸੀ ਆਗੂਆਂ ਨੂੰ ਸਖ਼ਤ ਕਾਨੂੰਨੀ ਸਜਾਵਾਂ ਅਧੀਨ ਜੇਲ੍ਹ ਵਿੱਚ ਨਹੀਂ ਡੱਕਿਆਂ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਮਾਮਲੇ ਦੀ ਜਾਂਚ ਲਈ ਸਿੱਟ ਦਾ ਗਠਨ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਆਸ ਬੱਝੀ ਸੀ ਲੇਕਿਨ ਹੁਣ ਮੋਦੀ ਸਾਹਿਬ ਨੇ ਵੀ ਚੁੱਪ ਵੱਟ ਲਈ ਹੈ। ਫੈਡਰੇਸ਼ਨ ਆਗੂ ਨੇ ਦੰਗਾ ਪੀੜਤ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸੀਆਂ ਵਿੱਚ ਅੰਦਰਖਾਤੇ ਰਾਜਸੀ ਗੰਢਤੁੱਪ ਹੋਣ ਕਰਕੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਜਾਵਾਂ ਨਹੀਂ ਮਿਲ ਸਕੀਆਂ ਹਨ।
ਇਸ ਮੌਕੇ ਸੁਰਜੀਤ ਸਿੰਘ ਦੁਗਰੀ ਅਤੇ ਬੀਬੀ ਗੁਰਦੀਪ ਕੌਰ ਨੇ ਸਿੱਖ ਕਤਲੇਆਮ ਦੀ ਘਟਨਾ ਨੂੰ 32 ਸਾਲ ਬੀਤ ਗਏ ਹਨ, ਪ੍ਰੰਤੂ ਅਜੇ ਤਾਈਂ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਹਨ ਅਤੇ ਨਾ ਹੀ ਕਿਸੇ ਪਾਰਟੀ ਦੀ ਸਰਕਾਰ ਨੇ ਦੰਗਾ ਪੀੜਤਾਂ ਦੇ ਮੁੜ ਬਸੇਵੇ ਦਾ ਹੀ ਪ੍ਰਬੰਧ ਕੀਤਾ ਹੈ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਕਾਫੀ ਸਮਾਂ ਪਹਿਲਾਂ ਭਾਰਤ ਸਰਕਾਰ ਨੇ ਦੰਗਾ ਪੀੜਤ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਲਈ ਸੂਬਾ ਸਰਕਾਰ ਨੂੰ ਫੰਡ ਰਿਲੀਜ਼ ਕੀਤਾ ਸੀ ਲੇਕਿਨ ਹੁਣ ਤੱਕ ਇਹ ਪੈਸਾ ਅਸਲ ਲੋੜਵੰਦਾਂ ਤੱਕ ਨਹੀਂ ਪੁੱਜਾ ਹੈ। ਉਨ੍ਹਾਂ ਅਫ਼ਸਰਸ਼ਾਹੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਐਸ.ਕੇ. ਸੰਧੂ ਦੰਗਾ ਪੀੜਤ ਪਰਿਵਾਰਾਂ ਨੂੰ ਸਹੂਲਤਾਂ ਦੇਣ ਲਈ ਅੜਿੱਕਾ ਸਿੰਘ ਬਣੇ ਹੋਏ ਹਨ।
ਸੱਜਣ ਕੁਮਾਰ ਵਿਰੁੱਧ ਗਵਾਹੀ ਦੇਣ ਵਾਲੇ ਸੁਰਿੰਦਰ ਸਿੰਘ, ਤੇਜਿੰਦਰ ਸਿੰਘ, ਸਤਨਾਮ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਪੀੜਤ ਪਰਿਵਾਰਾਂ ਦੇ ਹੁਣ ਤੱਕ ਲਾਲ ਕਾਰਡ ਵੀ ਨਹੀਂ ਬਣੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵੇਲੇ ਬਾਦਲ ਪਰਿਵਾਰ ਵੱਲੋਂ ਇਨਸਾਫ਼ ਦਾ ਭਰੋਸਾ ਦੇ ਕੇ ਵੋਟਾਂ ਬਟੋਰੀਆਂ ਜਾਂਦੀਆਂ ਰਹੀਆਂ ਹਨ ਲੇਕਿਨ ਐਤਕੀਂ ਉਹ ਹੁਕਮਰਾਨਾਂ ਦੇ ਝੂਠੇ ਲਾਰਿਆਂ ਵਿੱਚ ਨਹੀਂ ਆਉਣਗੇ ਸਗੋਂ ਚੋਣਾਂ ਦੌਰਾਨ ਅੱਖਾਂ ਮੀਚ ਕੇ ਕਿਸੇ ਧਿਰ ਦੀ ਮਦਦ ਕਰਨ ਦੀ ਬਜਾਏ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…