ਹੈਲਪਿੰਗ ਹੈਪਲੈਸ ਸੰਸਥਾ ਨੇ ਮਲੇਸ਼ੀਆ ਜੇਲ੍ਹ ’ਚ ਫਸੇ ਨੌਜਵਾਨ ਨੂੰ ਰਿਹਾਅ ਕਰਵਾਇਆ

ਭਾਜਪਾ ਆਗੂ ਬੀਬੀ ਰਾਮੂਵਾਲੀਆ ਨੇ ਵਿਲਕਦੀ ਮਾਂ ਨਾਲ ਮਿਲਾਇਆ ਪੁੱਤ

ਨਬਜ਼-ਏ-ਪੰਜਾਬ, ਮੁਹਾਲੀ, 25 ਸਤੰਬਰ:
ਵਿਦੇਸ਼ੀ ਮੁਲਕਾਂ ਵਿੱਚ ਰੁਜ਼ਗਾਰ ਦੀ ਭਾਲ ਗਏ ਭਾਰਤੀਆਂ ਦੀ ਮਦਦ ਲਈ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈਸ ਨੇ ਮਲੇਸ਼ੀਆ ਦੀ ਜੇਲ੍ਹ ਵਿੱਚ ਫਸੇ ਮਨੀ ਕੁਮਾਰ ਨੂੰ ਰਿਹਾਅ ਕਰਵਾ ਕੇ ਉਸ ਦੀ ਵਿਲਕਦੀ ਮਾਂ ਨਾਲ ਮਿਲਾਇਆ। ਉਹ ਵਰਕ ਪਰਮਿੰਟ ’ਤੇ ਮਲੇਸ਼ੀਆ ਗਿਆ ਸੀ। ਸੰਸਥਾ ਦੀ ਪ੍ਰਧਾਨ ਅਤੇ ਭਾਜਪਾ ਕੇਂਦਰੀ ਕਮੇਟੀ ਦੀ ਸੀਨੀਅਰ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਧਿਆਨ ਵਿੱਚ ਮਲੇਸ਼ੀਆ ਦੀ ਜੇਲ੍ਹ ਵਿੱਚ ਬੰਦ ਪੰਜਾਬੀ ਨੌਜਵਾਨ ਮਨੀ ਕੁਮਾਰ (ਜ਼ਿਲ੍ਹਾ ਹੁਸ਼ਿਆਰਪੁਰ) ਦਾ ਮਾਮਲਾ ਆਇਆ ਸੀ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਪੀੜਤ ਮਨੀ ਕੁਮਾਰ ਦੇ ਕੋਲ ਜੋ ਵਰਕ ਪਰਮਿਟ ਸੀ, ਉਹ ਉਸਾਰੀ ਦਾ ਸੀ ਲੇਕਿਨ ਮਲੇਸ਼ੀਆ ਵਿੱਚ ਜਾ ਕੇ ਉਹ ਉੱਥੇ ਕੋਈ ਹੋਰ ਕੰਮ ਕਰਨ ਲੱਗ ਪਿਆ, ਜਿਸ ਕਾਰਨ ਮਲੇਸ਼ੀਆ ਦੀ ਪੁਲੀਸ ਨੇ ਉਸ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਉਨ੍ਹਾਂ ਦੀ ਸੰਸਥਾ ਨੇ ਇਸ ਸਬੰਧੀ ਪੀੜਤ ਮਾਪਿਆਂ ਦੀ ਅਪੀਲ ’ਤੇ ਕਾਰਵਾਈ ਕਰਦਿਆਂ ਮਹਿਜ਼ 20 ਕੁ ਦਿਨਾਂ ਦੇ ਅੰਦਰ-ਅੰਦਰ ਨੌਜਵਾਨ ਨੂੰ ਸਹੀ ਸਲਾਮਤ ਵਾਪਸ ਭਾਰਤ ਲਿਆਂਦਾ ਅਤੇ ਉਸ ਨੂੰ ਪਰਿਵਾਰ ਨਾਲ ਮਿਲਾਇਆ ਗਿਆ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਨੌਜਵਾਨਾਂ ਨੂੰ ਵਿੱਦਿਅਕ ਯੋਗਤਾ ਮੁਤਾਬਕ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਭਾਸ਼ਣ ਤਾਂ ਲੰਮੇ ਚੌੜੇ ਦਿੰਦੇ ਹਨ ਪ੍ਰੰਤੂ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਅਨੇਕਾਂ ਪੰਜਾਬੀ ਨੌਜਵਾਨਾਂ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਰੁਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਗਏ ਨੌਜਵਾਨ ਨੂੰ ਜਦੋਂ ਕੋਈ ਕੰਮ ਨਹੀਂ ਮਿਲਦਾ ਤਾਂ ਉਹ ਮਜਬੂਰੀ ਵੱਸ ਹੋਰ ਕੰਮ ਕਰਦੇ ਹਨ। ਜਿਸ ਕਾਰਨ ਪੁਲੀਸ ਫੜ ਕੇ ਉਨ੍ਹਾਂ ਨੂੰ ਬੇਗਾਨੇ ਮੁਲਕ ਵਿੱਚ ਜੇਲ੍ਹ ਵਿੱਚ ਬੰਦ ਕਰ ਦਿੰਦੀ ਹੈ। ਅਜਿਹੇ ਹੋਰ ਵੀ ਬਹੁਤ ਸਾਰੇ ਪੀੜਤ ਨੌਜਵਾਨ ਜੇਲ੍ਹਾਂ ਵਿੱਚ ਬੰਦ ਹਨ ਜਾਂ ਸੇਠਾਂ ਨੇ ਬੰਦੀ ਬਣਾਇਆ ਹੋਇਆ ਹੈ। ਜਿਨ੍ਹਾਂ ਤੋਂ ਜਬਰੀ ਕੰਮ ਕਰਵਾ ਕੇ ਉਨ੍ਹਾਂ ਨੂੰ ਮਿਹਨਤ ਦੇ ਪੈਸੇ ਵੀ ਨਹੀਂ ਦਿੱਤੇ ਜਾਂਦੇ ਹਨ ਪ੍ਰੰਤੂ ਹੁਣ ਤੱਕ ‘ਆਪ’ ਸਰਕਾਰ ਨੇ ਕਿਸੇ ਪੀੜਤ ਨੌਜਵਾਨ ਦੀ ਬਾਂਹ ਨਹੀਂ ਫੜੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੰਸਥਾ ਹੈਲਪਿੰਗ ਹੈਪਲੈਸ ਸੈਂਕੜੇ ਨੌਜਵਾਨਾਂ ਨੂੰ ਵਿਦੇਸ਼ਾਂ ’ਚੋਂ ਭਾਰਤ ਲਿਆ ਚੁੱਕੀ ਹੈ।

Load More Related Articles
Load More By Nabaz-e-Punjab
Load More In General News

Check Also

ਪੀੜਤ ਦੁਕਾਨਦਾਰਾਂ ਵੱਲੋਂ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਤੋਂ ਬਾਅਦ ਮੁਰੰਮਤ ਕੰਮ ਸ਼ੁਰੂ ਹੋਏ

ਪੀੜਤ ਦੁਕਾਨਦਾਰਾਂ ਵੱਲੋਂ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਤੋਂ ਬਾਅਦ ਮੁਰੰਮਤ ਕੰਮ ਸ਼ੁਰੂ ਹੋਏ ਮਾਰਕੀਟ ਦੇ ਮੁੱਖ …