ਪ੍ਰਮੁੱਖ ਸਕੱਤਰ ਨੇ ਨਾਗਰਿਕ-ਕੇਂਦਰਿਤ ਸੇਵਾਵਾਂ ਸਬੰਧੀ ਫੀਡਬੈਕ ਲੈਣ ਲਈ ਲੋਕਾਂ ਨੇ ਨਾਲ ਕੀਤੀ ਸਿੱਧੀ ਗੱਲ

ਪ੍ਰਮੁੱਖ ਸਕੱਤਰ ਤੇ ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਨੇ ਮੁਹਾਲੀ ਵਿੱਚ ਸੇਵਾ ਕੇਂਦਰ ਦਾ ਕੀਤਾ ਦੌਰਾ

ਉੱਚ ਅਧਿਕਾਰੀਆਂ ਦੀ ਟੀਮ ਨੇ ਹੈਲਪਲਾਈਨ 1076 ਰਾਹੀਂ ਪ੍ਰਦਾਨ ਕੀਤੀਆਂ ਸੇਵਾਵਾਂ ਦੀ ਸਮੀਖਿਆ ਕੀਤੀ

ਨਬਜ਼-ਏ-ਪੰਜਾਬ, ਮੁਹਾਲੀ, 25 ਸਤੰਬਰ:
ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਪਿਛਲੇ ਸਾਲ ਸੂਬੇ ਭਰ ਵਿੱਚ ਸ਼ੁਰੂ ਕੀਤੀਆਂ 43 ਨਾਗਰਿਕ ਸੇਵਾਵਾਂ ਬਾਰੇ ‘ਡੋਰ ਸਟੈਪ ਡਿਲੀਵਰੀ’ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦਾ ਜਾਇਜ਼ਾ ਲੈਣ ਲਈ ਅੱਜ ਪ੍ਰਸ਼ਾਸ਼ਨਿਕ ਸੁਧਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੇ ਸ਼ਰਮਾ ਨੇ ਵਿਭਾਗ ਦੇ ਡਾਇਰੈਕਟਰ ਗਿਰੀਸ਼ ਦਿਆਲਨ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨਾਲ ਮੁਹਾਲੀ ਵਿਖੇ ਸੇਵਾ ਕੇਂਦਰ ਦਾ ਦੌਰਾ ਕੀਤਾ ਅਤੇ ਆਪੋ-ਆਪਣੇ ਕੰਮਾਂ-ਕਾਰਾਂ ਲਈ ਸੁਵਿਧਾ ਕੇਂਦਰ ਆਏ ਲੋਕਾਂ ਨਾਲ ਸਿੱਧੀ ਗੱਲ ਕਰਕੇ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਫੀਡਬੈਕ ਲਈ। ਅਧਿਕਾਰੀਆਂ ਨੇ ਡੋਰ ਸਟੈਪ ਡਿਲੀਵਰੀ ਦੀ ਪ੍ਰਗਤੀ ਅਤੇ ਸੇਵਾ ਕੇਂਦਰਾਂ ’ਤੇ ਮਿਲਣ ਵਾਲੀਆਂ ਸੇਵਾਵਾਂ ਅਤੇ ਨਿਪਟਾਰੇ ਦੀ ਦਰ ਦਾ ਜਾਇਜ਼ਾ ਲਿਆ।
ਅਜੇ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਇਸ ਸਕੀਮ ਦਾ ਆਮ ਨਾਗਰਿਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਸਬੰਧੀ ਬਿਨੈਕਾਰ ਨੂੰ ਟੋਲ-ਫ੍ਰੀ ਨੰਬਰ 1076 ’ਤੇ ਡਾਇਲ ਕਰਨਾ ਪੈਂਦਾ ਹੈ ਤਾਂ ਜੋ ਉਹ ਸੇਵਾ ਪ੍ਰਾਪਤ ਕਰਨ ਲਈ ਸਲਾਟ ਬੁੱਕ ਕਰ ਸਕੇ ਜਿਸਦੀ ਕਿ ਉਸ ਨੂੰ 43 ਸੇਵਾਵਾਂ ਦੀ ਸੂਚੀ ’ਚੋਂ ਲੋੜ ਹੈ।
ਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਪ੍ਰਮੁੱਖ ਸਕੱਤਰ ਨੂੰ ਡਾਇਲ 1076 (ਡੋਰ ਸਟੈਪ ਡਿਲੀਵਰੀ) ਤਹਿਤ ਮੁਹਾਲੀ ਜ਼ਿਲ੍ਹੇ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ‘ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਡਾਇਲ 1076 ਤਹਿਤ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਐਸਡੀਐਮ ਦਮਨਦੀਪ ਕੌਰ ਅਤੇ ਮੁੱਖ ਮੰਤਰੀ ਫੀਲਡ ਅਫ਼ਸਰ ਦੀਪਾਂਕਰ ਗਰਗ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਪੀੜਤ ਦੁਕਾਨਦਾਰਾਂ ਵੱਲੋਂ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਤੋਂ ਬਾਅਦ ਮੁਰੰਮਤ ਕੰਮ ਸ਼ੁਰੂ ਹੋਏ

ਪੀੜਤ ਦੁਕਾਨਦਾਰਾਂ ਵੱਲੋਂ ਟੀਡੀਆਈ ਦਫ਼ਤਰ ਦੀ ਘੇਰਾਬੰਦੀ ਤੋਂ ਬਾਅਦ ਮੁਰੰਮਤ ਕੰਮ ਸ਼ੁਰੂ ਹੋਏ ਮਾਰਕੀਟ ਦੇ ਮੁੱਖ …