ਆਪ ਦੇ ਨਾਰਾਜ਼ ਵਾਲੰਟੀਅਰਾਂ ਵੱਲੋਂ ਡਾ. ਗਾਂਧੀ ਦੇ ਪੰਜਾਬ ਫਰੰਟ ਨਾਲ ਮਿਲ ਕੇ ਕੰਮ ਕਰਨ ਦਾ ਐਲਾਨ

ਕੇਜਰੀਵਾਲ ਤੇ ਦਿੱਲੀ ਦੇ ਕੌਮੀ ਆਗੂਆਂ ’ਤੇ ਲਗਾਇਆ ਤਾਨਾਸ਼ਾਹੀ ਰਵੱਈਆ ਅਪਨਾਉਣ ਦਾ ਦੋਸ਼

ਨਿਊਜ਼ ਡੈਸਕ
ਮੁਹਾਲੀ, 7 ਦਸੰਬਰ
ਆਮ ਆਦਮੀ ਪਾਰਟੀ (ਆਪ) ਵਿੱਚ ਟਿਕਟਾਂ ਦੀ ਗਲਤ ਵੰਡ ਤੋਂ ਬਾਅਦ ਆਇਆ ਤੂਫ਼ਾਨ ਹੁਣ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਇੱਥੇ ਆਪ ਦੇ ਦਰਜਨਾਂ ਕਾਰਕੁੰਨਾਂ ਨੇ ਬਗਾਵਤੀ ਸੁਰਾਂ ਉੱਚੀਆਂ ਕਰਦੇ ਹੋਏ ਐਲਾਨ ਕੀਤਾ ਕਿ ਪੰਜਾਬ ਵਿੱਚ ਆਪ ਦੀ ਰਾਸ਼ਟਰੀ ਲੀਡਰਸ਼ਿਪ ਪਾਰਟੀ ਨੂੰ ਵੱਡੇ ਪੱਧਰ ’ਤੇ ਖ਼ੋਰਾ ਲਗਾਉਣ ’ਤੇ ਉਤਾਰੂ ਹੋਈ ਪਈ ਹੈ ਲੇਕਿਨ ਇਹ ਸਾਰਾ ਕੁੱਝ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸ਼ਾਇਦ ਨਜ਼ਰ ਨਹੀਂ ਆ ਰਿਹਾ ਹੈ ਜਾਂ ਇਹ ਕਹਿ ਲਓ ਕੀ ਉਹ ਸਭ ਕੁੱਝ ਜਾਣਦੇ ਹੋਏ ਵੀ ਅੱਖਾਂ ਬੰਦ ਕਰਕੇ ਬੈਠੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ (ਕਿਸਾਨ ਵਿੰਗ) ਖੰਡੂਰ ਸਾਹਿਬ ਦੇ ਜ਼ੋਨ ਇੰਚਾਰਜ ਡਾ. ਹਰਿੰਦਰ ਸਿੰਘ, ਗੁਪਤੇਸ਼ਵਰ ਸਿੰਘ, ਲੀਗਲ ਸੈਲ ਦੇ ਸੈਕਟਰ ਇੰਚਾਰਜ ਕਾਬਲ ਸਿੰਘ, ਨਵਾਂ ਸ਼ਹਿਰ ਦੇ ਸੈਕਟਰ ਇੰਚਾਰਜ ਮਨਜੀਤ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਇੰਚਾਰਜ ਬਲਜੀਤ ਸਿੰਘ, ਟਰੇਡ ਵਿੰਗ ਲੁਧਿਆਣਾ ਦੇ ਸੈਕਟਰ ਇੰਚਾਰਜ ਰਾਜੀਵ ਅਰੋੜਾ ਅਤੇ ਕਈ ਹੋਰਨਾਂ ਨੇ ਆਪ ਨੂੰ ਆਖਰੀ ਫਤਹਿ ਬੁਲਾਉਂਦਿਆਂ ਅੱਜ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਵਾਲੇ ਪੰਜਾਬ ਫਰੰਟ ਨਾਲ ਜੁੜ ਕੇ ਪੰਜਾਬ ਦੇ ਭਲੇ ਲਈ ਕੰਮ ਕਰਨ ਦਾ ਐਲਾਨ ਕੀਤਾ ਹੈ।
ਇੱਥੋਂ ਦੇ ਪਿੰਡ ਕੁੰਭੜਾ ਸਥਿਤ ਰਵੀਦਾਸ ਭਵਨ ਵਿੱਚ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਸੂਬਾਈ ਕਨਵੀਨਰ ਪ੍ਰੋ. ਮਨਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਹਾਜ਼ਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਦਿੱਲੀ ਕਮੇਟੀ ਦੇ ਆਗੂਆਂ ’ਤੇ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਆਪਣੇ ਮਿਸ਼ਨ ਤੋਂ ਭਟਕ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਸ਼ਿਆਂ ਤੇ ਬੇਰੁਜ਼ਗਾਰੀ ਦਾ ਖ਼ਾਤਮਾ ਅਤੇ ਆਮ ਲੋਕਾਂ ਦੀ ਸੁਣਵਾਈ ਅਤੇ ਭ੍ਰਿਸ਼ਟਾਚਾਰੀ ਨਿਜ਼ਾਮ ਬਦਲਣ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਸ੍ਰੀ ਕੇਜਰੀਵਾਲ ਦਾ ਲੜ ਫੜਿਆ ਸੀ ਲੇਕਿਨ ਆਪ ਵਿੱਚ ਹੁਣ ਸਰਮਾਏਦਾਰੀ ਭਾਰੂ ਹੋ ਗਈ ਹੈ। ਉਨ੍ਹਾਂ ਆਪ ਆਗੂਆਂ ’ਤੇ ਵਾਲੰਟੀਅਰਾਂ ਵਿੱਚ ਵੰਡੀਆਂ ਪਾਉਣ ਦਾ ਵੀ ਦੋਸ਼ ਲਾਇਆ ਹੈ।
ਇਸ ਮੌਕੇ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਗਠਨ ਕਰਨ ਵੇਲੇ ਕੇਜਰੀਵਾਲ ਤੇ ਸਾਥੀਆਂ ਨੇ ਪ੍ਰਣ ਕੀਤਾ ਸੀ ਕਿ ਉਹ ਲਾਲ ਬੱਤੀ ਲਕਚਰ ਤੋਂ ਦੂਰ ਰਹਿਣਗੇ ਅਤੇ ਮੋਟੀਆਂ ਤਨਖ਼ਾਹਾਂ ਅਤੇ ਸਰਕਾਰੀ ਕੋਠੀਆਂ ਦਾ ਤਿਆਗ ਕਰਨਗੇ ਪ੍ਰੰਤੂ ਦਿੱਲੀ ਵਿੱਚ 21 ਮੁੱਖ ਸੰਸਦੀ ਸਕੱਤਰ ਦੀ ਟੀਮ ਤੋਂ ਇਲਾਵਾ ਵਿਧਾਇਕਾਂ ਦੀ ਤਨਖ਼ਾਹ 5 ਗੁਣਾ ਵਧਾ ਕੇ ਸਰਕਾਰੀ ਖ਼ਜਾਨੇ ਨੂੰ ਦੋਵੇਂ ਹੱਥੀ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੀ ਰਾਜਨੀਤੀ ’ਤੇ ਧਾੜਵੀਆਂ ਵਾਂਗ ਹਮਲਾ ਬੋਲ ਕੇ ਕਬਜ਼ਾ ਕਰਨ ਦੀ ਨੀਅਤ ਨਾਲ ਹੋਛੀ ਰਾਜਨੀਤੀ ’ਤੇ ਉਤਰ ਆਏ ਹਨ।
ਇਸ ਮੌਕੇ ਪੰਜਾਬ ਫਰੰਟ ਵਿੱਚ ਭਾਈਵਾਲ ਤੇ ਡੈਮੋਕ੍ਰੇਟਿਵ ਸਵਰਾਜ ਪਾਰਟੀ ਦੇ ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ, ਪ੍ਰੋ. ਪ੍ਰੀਤਮ ਸਿੰਘ, ਪ੍ਰੇਮ ਸਿੰਘ ਗੁਰਦਾਸਪੁਰੀ, ਮਾ. ਗੁਰਚਰਨ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਬਚਨ ਸਿੰਘ, ਸ਼ੀਤਲ ਸਿੰਘ, ਅਵਤਾਰ ਸਿੰਘ, ਜਸ਼ਨਦੀਪ ਸਿੰਘ ਤੇ ਹੋਰ ਵਰਕਰ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…