ਸਰਬੱਤ ਖਾਲਸਾ ਰੋਕਣ ਲਈ ਪੱਬਾਂ ਬਾਰ ਸੰਗਤਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾਖਲੇ ‘ਤੇ ਲਾਈ ਰੋਕ ਰੈਪਿਡ ਐਕਸ਼ਨ ਫੋਰਸ ਤੇ ਦੰਗਾ ਰੋਕੂ ਵਾਹਨ ਸ਼ਹਿਰ ਵਿੱਚ ਕਈ ਥਾਈ ਤੈਨਾਤ।

ਨਿਊਜ਼ ਡੈਸਕ
ਮੁਹਾਲੀ, 7 ਦਸੰਬਰ
ਤਲਵੰਡੀ ਸਾਬੋ, 7 ਦਸੰਬਰ- ਸਰੱਬਤ ਖਾਲਸਾ ਧਿਰਾਂ ਵੱਲੋਂ ਸਥਾਨਕ ਨੱਤ ਰੋਡ ‘ਤੇ ਬੀਤੀ ਛੇ ਦਸੰਬਰ ਤੋਂ ਸਰਬੱਤ ਖਾਲਸਾ ਸੰਬੰਧੀ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਪਾਏ ਜਾ ਰਹੇ ਵਿਘਨ ਦੇ ਬਾਵਜੂਦ ਲਗਾਤਾਰ ਜਾਰੀ ਹਨ। ਭਾਵੇਂ ਕਿ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਨਿਭਾਅ ਰਹੇ ਪਾਠੀ ਸਿੰਘਾਂ ਅਤੇ ਸੇਵਾਦਾਰਾਂ ਲਈ ਪ੍ਰਸ਼ਾਸ਼ਨ ਵੱਲੋਂ ਲੰਗਰ ਪਾਣੀ ਆਦਿ ਵੀ ਪੁੰਚਣ ਵੀ ਨਹੀਂ ਦਿੱਤਾ ਜਾ ਰਿਹਾ। ਲੰਗਰ ਪਾਣੀ ‘ਤੇ ਰੋਕ ਦੇ ਚਲਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਵਾਲਾ ਦੀ ਸਿਹਤ ਅਚਾਨਕ ਸ਼ੂਗਰ ਵਧ ਜਾਣ ਕਾਰਨ ਕਾਫੀ ਖਰਾਬ ਹੋ ਗਈ ਸੀ, ਜਿੰਨ੍ਹਾਂ ਨੂੰ ਪ੍ਰਸ਼ਾਸ਼ਨ ਵੱਲੋਂ ਦਵਾਈ ਦਿਵਾ ਦਿੱਤੀ ਗਈ ਸੀ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ ਇਨਸਾਫ ਅਤੇ ਹੋਰ ਸਿੱਖ ਮਸਲਿਆਂ ‘ਤੇ ਵਿਚਾਰ ਕਰਨ ਲਈ ਜਿੱਥੇ ਸਰਬੱਤ ਖਾਲਸਾ ਆਗੂਆਂ ਵੱਲੋਂ ਅੱਠ ਦਸੰਬਰ ਨੂੰ ਸੁਭਾ ਦਸ ਵਜੇ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਨੱਤ ਰੋਡ ਤਲਵੰਡੀ ਸਾਬੋ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰੀ ਭਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ ਉੱਥੇ ਦੂਸਰੇ ਪਾਸੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੂਬੇ ਵਿੱਚ ਸ਼ਾਂਤੀ ਕਾਇਮ ਰੱਖਣ ਦੇ ਨਾਮ ‘ਤੇ ਤਲਵੰਡੀ ਸਾਬੋ ‘ਚ ਦਾਖਿਲ ਹੋਣ ਦੇ ਰਸਤਿਆਂ ਨੂੰ ਹੀ ਸਿਰਫ ਹਰ ਪਾਸਿਆਂ ਤੋਂ ਪੂਰੀ ਤਰ੍ਹਾਂ ਨਾਕੇਬੰਦੀ ਕਰਕੇ ਸੀਲ ਨਹੀਂ ਕੀਤਾ ਹੋਇਆ ਸਗੋਂ ਸਰੱਬਤ ਖਾਲਸਾ ਵਾਲੀ ਜਿਸ ਥਾਂ ‘ਤੇ ਸ੍ਰੀ ਅਖੰਡ ਪਾਠ ਪ੍ਰਕਾਸ਼ ਹਨ ਦੀ ਵੀ ਘੇਰਾਬੰਦੀ ਵਧਾ ਕੇ ਦਾਇਰਾ ਤੰਗ ਕੀਤਾ ਹੋਇਆ ਹੈ।
ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਕਿ ਸਰਬੱਤ ਖਾਲਸਾ ਦੇ ਹਮਾਇਤੀਆਂ ਦੇ ਇੱਕਠੇ ਹੋਣ ਦੇ ਡਰੋਂ ਅੱਜ ਪ੍ਰਸ਼ਾਸ਼ਨ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਅੰਦਰ ਵੀ ਸਿੱਖ ਸੰਗਤਾਂ ਦੇ ਦਾਖਲੇ ‘ਤੇ ਰੋਕ ਲਾ ਦਿੱਤੀ ਹੈ। ਇਸ ਸੰਬੰਧੀ ਖੁਲਾਸਾ ਕਰਦਿਆਂ ਤਖਤ ਸਾਹਿਬ ਦੇ ਆਸ ਪਾਸ ਗੁਰਦੁਆਰਾ ਕੰਪਲੈਕਸ ਵਿੱਚ ਦੁਕਾਨਾਂ ਕਰਦੇ ਕੁੱਝ ਸਿੱਖ ਦੁਕਾਨਦਾਰਾਂ ਨੇ ਆਪਣਾ ਨਾਮ ਗੁਪਤ ਰਖਦਿਆਂ ਕਿਹਾ ਕਿ ਪ੍ਰਸ਼ਾਸ਼ਨ ਦੀ ਉਕਤ ਸਿੱਖੀ ਵਿਰੋਧੀ ਕਾਰਵਾਈ ਕਾਰਨ ਜਿੱਥੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉੱਥੇ ਆਪਣੀਆਂ ਦੁਕਾਨਾਂ ‘ਤੇ ਜਾਣ ਲਈ ਵੀ ਹੋਰ ਰਸਤਿਆਂ ਦੀ ਵਰਤੋਂ ਕਰਨੀ ਪੈ ਰਹੀ ਹੈ। ਤਖਤ ਸਾਹਿਬ ਦੇ ਨਾਲ ਨਾਲ ਹੋਰਨਾਂ ਗੁਰਦੁਆਰਾ ਸਾਹਿਬਾਨ ਦੇ ਨੇੜੇ ਵੀ ਸਖਤ ਸੁਰੱਖਿਆ ਪ੍ਰਬੰਧ ਦੇਖਣ ਨੂੰ ਮਿਲੇ। ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੀ ਤਖਤ ਸਾਹਿਬ ਨੇੜਲੀ ਰਿਹਾਇਸ਼ ‘ਤੇ ਵੀ ਵੱਡੀ ਗਿਣਤੀ ਵਿੱਚ ਪੁਲਿਸ ਦੀ ਤੈਨਾਤੀ ਦੇਖਣ ਨੂੰ ਮਿਲੀ। ਭਾਵੇਂ ਬੀਤੀ ਰਾਤ ਆਸ਼ੰਕਾ ਪ੍ਰਗਟਾਈ ਜਾ ਰਹੀ ਸੀ ਕਿ ਪੁਲਿਸ ਪ੍ਰਸ਼ਾਸਨ ਦੇਰ ਰਾਤ ਪਾਲਕੀ ਸਾਹਿਬ ਨੂੰ ਲੈ ਜਾ ਸਕਦਾ ਹੈ ਪ੍ਰੰਤੂ ਅਜਿਹੀ ਕੋਈ ਕਾਰਵਾਈ ਨਹੀਂ ਵਾਪਰੀ।
ਸਰਬੱਤ ਖਾਲਸਾ ਆਗੂਆਂ ਦੀ ਚੱਲ ਰਹੀ ਫੜੋ-ਫੜੀ ਕਾਰਨ ਬਹੁਤੇ ਆਗੂ ਰੂ-ਪੋਸ਼ ਹੋ ਗਏ ਹਨ ਪ੍ਰੰਤੂ ਕਿਸੇ ਵੇਲੇ ਵੀ ਕਿਸੇ ਪਾਸਿਓਂ ਸਿੱਖ ਸੰਗਤਾਂ ਦੀ ਸੰਭਾਵੀ ਆਮਦ ਹੋਣ ‘ਤੇ ਹਲਾਤਾਂ ਨੂੰ ਕਾਬੂ ਕਰਨ ਅਤੇ ਸੰਗਤਾਂ ਨੂੰ ਸਰਬੱਤ ਖਾਲਸਾ ਵਾਲੀ ਜਗ੍ਹਾ ‘ਤੇ ਜਾਣੋਂ ਰੋਕਣ ਲਈ ਰੈਪਿਡ ਐਕਸ਼ਨ ਫੋਰਸ ਅੱਗ ਬੁਝਾਊ ਗੱਡੀਆਂ, ਪਾਣੀ ਦੀਆਂ ਬੁਛਾੜਾਂ ਵਾਲੀਆਂ ਗੱਡੀਆਂ ਅਤੇ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਤੋਂ ਇਲਾਵਾ ਅਰਧ ਸੈਨਿਕ ਬਲ ਆਦਿ ਤਾਇਨਾਤ ਕਰਕੇ ਪ੍ਰਸ਼ਾਸ਼ਨ ਵੱਲੋਂ ਹਰ ਹਾਲਤ ਵਿੱਚ ਸਰਬੱਤ ਖਾਲਸਾ ਠੁੱਸ ਕਰਨ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤਾਂ ਦੇ ਦਾਖਲੇ ‘ਤੇ ਲਾਈ ਰੋਕ ਸੰਬੰਧੀ ਜਦੋਂ ਸ੍ਰੀ ਮੋਹਰੀ ਲਾਲ ਡੀ ਐੱਸ ਪੀ ਤਲਵੰਡੀ ਸਾਬੋ ਤੋਂ ਮੋਬਾਈਲ ‘ਤੇ ਪੱਖ ਜਾਣਿਆ ਗਿਆ ਤਾਂ ਉਹਨਾਂ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਮੈਂ ਹੁਣੇ ਮੀਟਿੰਗ ‘ਚੋਂ ਬਾਹਰ ਨਿਲਕਿਆਂ ਹਾਂ ਜਾ ਕੇ ਪਤਾ ਲੱਗੇਗਾ।
ਸਰਬੱਤ ਖਾਲਸਾ ‘ਤੇ ਲਗਾਈ ਜਾ ਰਹੀ ਰੋਕ ਅਤੇ ਆਰੰਭ ਹੋ ਚੁੱਕੇ ਸ੍ਰੀ ਅਖੰਡ ਪਾਠ ਸਾਹਿਬ ਵਿੱਚ ਪ੍ਰਸ਼ਾਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਵਿਘਨ ਪਾਉਣ ਵਰਗੀਆਂ ਕਾਰਵਾਈਆਂ ਦੇ ਸੰਬੰਧ ਵਿੱਚ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਿੱਥੇ ਪੰਜਾਬ ਸਰਕਾਰ ਪੰਜਾਬ ਦਾ ਮਾਹੌਲ ਖਰਾਬ ਕਰਕੇ ਵਿਧਾਨ ਸਭਾ ਚੋਣਾਂ ਅੱਗੇ ਪਾਉਣੀਆਂ ਚਾਹੁੰਦੀ ਹੈ ਅਤੇ ਆਪਣੀ ਹਾਰ ਤੋਂ ਬਚਣ ਦਾ ਉਪਰਾਲਾ ਕਰ ਰਹੀ ਹੈ ਉੱਥੇ ਇਸ ਬਹਾਨੇ ਮਾਹੌਲ ਕਰਕੇ ਉਸਦਾ ਠੀਕਰਾ ਵੀ ਸਰਬੱਤ ਖਾਲਸਾ ਧਿਰਾਂ ਦੇ ਸਿਰ ਭੰਨਣਾ ਚਾਹੁੰਦੀ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…