ਦੰਗਾ ਪੀੜਤ ਪਰਿਵਾਰਾਂ 27 ਘੰਟੇ ਬਾਅਦ ਕੋਈ ਵੀ ਮੰਗ ਪੁਰੀ ਕਰਵਾਏ ਬਿਨਾਂ ਘਰਾਂ ਨੂੰ ਪਰਤੇ, ਧਰਨਾ ਚੁੱਕਿਆਂ

ਨਿਊਜ਼ ਡੈਸਕ
ਮੁਹਾਲੀ, 7 ਦਸੰਬਰ
ਨਵੰਬਰ 1984 ਸਿੱਖ ਕਤਲੇਆਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁਗਰੀ ਅਤੇ ਬੀਬੀ ਗੁਰਦੀਪ ਕੌਰ ਦੀ ਪ੍ਰਧਾਨਗੀ ਹੇਠ ਬੀਤੇ ਕੱਲ੍ਹ ਤੋਂ ਸਿੱਖ ਦੰਗਿਆਂ ਲਈ ਜ਼ਿੰਮੇਵਾਰ ਕਾਂਗਰਸ ਆਗੂਆਂ ਨੂੰ ਸਖ਼ਤ ਕਾਨੂੰਨੀ ਸਜਾਵਾਂ ਅਤੇ ਪੀੜਤ ਪਰਿਵਾਰਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਖਾਤਰ ਠੰਢ ਵਿੱਚ ਧਰਨੇ ’ਤੇ ਪ੍ਰਦਰਸ਼ਨਕਾਰੀ ਦੰਗਾ ਪੀੜਤ ਅੱਜ ਦਿਨ ਚੜ੍ਹਦੇ ਹੀ ਅਧਿਕਾਰੀਆਂ ਦੇ ਝੂਠੇ ਲਾਰਿਆਂ ਦਾ ਸ਼ਿਕਾਰ ਹੋ ਗਏ। ਇਸ ਤਰ੍ਹਾਂ 27 ਘੰਟਿਆਂ ਤੋਂ ਬਾਅਦ ਪੀੜਤ ਪਵਿਰਾਰ ਬੁੱਧਵਾਰ ਨੂੰ ਬਾਅਦ ਦੁਪਹਿਰ ਕਰੀਬ 3 ਵਜੇ ਧਰਨਾ ਸਮਾਪਤ ਕਰਕੇ ਆਪਣੇ ਘਰਾਂ ਨੂੰ ਪਰਤ ਗਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦੰਗਾ ਪੀੜਤ ਪਰਿਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਸਿੱਧੀ ਗੱਲ ਕਰਨ ’ਤੇ ਅੜੇ ਹੋਏ ਸੀ।
ਇਸ ਸਬੰਧੀ ਪੁੱਛੇ ਜਾਣ ’ਤੇ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁਗਰੀ ਨੇ ਕਿਹਾ ਕਿ ਉਹ ਅਧਿਕਾਰੀਆਂ ਦੇ ਝੂਠੇ ਲਾਰਿਆਂ ਵਿੱਚ ਨਹੀਂ ਆਏ ਹਨ ਸਗੋਂ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਫੋਨ ’ਤੇ ਸਿੱਧੀ ਗੱਲ ਹੋਈ ਹੈ। ਸ੍ਰੀ ਬਾਦਲ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੰਦਿਆਂ ਫੋਨ ’ਤੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਦੰਗਾ ਪੀੜਤ ਪਰਿਵਾਰਾਂ ਦੇ ਪੈਂਡਿੰਗ ਪਏ ਸਾਰੇ ਕੇਸਾਂ ਦਾ ਨਿਪਟਾਰਾ ਕਰਕੇ ਰਿਪੋਰਟ ਮੁੱਖ ਮੰਤਰੀ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਦੰਗਾ ਪੀੜਤ ਪਰਿਵਾਰਾਂ ਦੇ ਵਫ਼ਦ ਦੀ ਮੀਟਿੰਗ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਐਸ.ਕੇ. ਸੰਧੂ ਅਤੇ ਵਿੱਤ ਕਮਿਸ਼ਨਰ (ਮਾਲ) ਕਰਮਬੀਰ ਸਿੰਘ ਸਿੱਧੂ ਨਾਲ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਹੈ। ਲੰਮਾ ਚਿਰ ਚਲੀ ਇਸ ਮੀਟਿੰਗ ਵਿੱਚ ਦੰਗਾ ਪੀੜਤਾਂ ਦੇ ਲਾਲ ਕਾਰਡ ਬਣਾਉਣ, ਮਕਾਨਾਂ ਦੇ ਕੇਸ ਅਤੇ ਬਾਕੀ ਰਹਿੰਦੇ ਪਰਿਵਾਰਾਂ ਨੂੰ ਤੁਰੰਤ 2-2 ਲੱਖ ਰੁਪਏ ਫੌਰੀ ਵਿੱਤੀ ਸਹਾਇਤਾ ਦੇਣ ਦੇ ਮੁੱਦੇ ’ਤੇ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਹਫ਼ਤੇ ਤੱਕ ਸਰਕਾਰ ਨੇ ਆਪਣਾ ਵਾਅਦਾ ਪੁਰਾ ਨਹੀਂ ਕੀਤਾ ਤਾਂ ਦੰਗਾ ਪੀੜਤ ਪਰਿਵਾਰਾਂ ਵੱਲੋਂ ਮੁੜ ਵੱਡੇ ਪੱਧਰ ’ਤੇ ਇਨਸਾਫ਼ ਪ੍ਰਾਪਤੀ ਲਈ ਸੰਘਰਸ਼ ਵਿੱਢਿਆ ਜਾਵੇਗਾ।
ਉਧਰ, ਦੰਗਾ ਪੀੜਤਾਂ ਦੇ ਸੰਘਰਸ਼ ਦੀ ਹਮਾਇਤ ਕਰਨ ਵਾਲੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਧਰਨਾ ਚੁੱਕਣ ’ਤੇ ਤਿੱਖੀ ਪ੍ਰਤੀਕ੍ਰਮ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਬਿਨਾਂ ਮੰਗਾਂ ਮਨਵਾਏ ਹੀ ਘਰਾਂ ਨੂੰ ਵਾਪਸ ਪਰਤਣਾ ਤਾਂ ਠੰਢ ਵਿੱਚ ਪੁਰੀ ਰਾਤ ਸੜਕ ’ਤੇ ਕਿਉਂ ਬਿਤਾਈ। ਉਨ੍ਹਾਂ ਕਿਹਾ ਕਿ ਬੀਤੇ ਕੱਲ ਵੀ ਅਧਿਕਾਰੀ ਇਹ ਗੱਲ ਕਹਿ ਰਹੇ ਸੀ ਜੋ ਗੱਲਾਂ ਅੱਜ ਕੀਤੀਆਂ ਹਨ। ਫਿਰ ਬਜ਼ੁਰਗਾਂ ਤੇ ਬੱਚਿਆਂ ਨੂੰ ਠੰਢ ਵਿੱਚ ਪ੍ਰੇਸ਼ਾਨ ਕਰਨ ਦੀ ਕੀ ਤੁਕ ਬਣਦੀ ਸੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਦੰਗਾ ਪੀੜਤ ਪਰਿਵਾਰਾਂ ਦੀ ਸੁਸਾਇਟੀ ਪ੍ਰਤੀ ਬੇਭਰੋਸਗੀ ਵਧੇਗੀ। ਉਨ੍ਹਾਂ ਐਲਾਨ ਕੀਤਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਤੱਕ ਚੁੱਪ ਕਰਕੇ ਨਹੀਂ ਬੈਠੇਗੀ। ਸਗੋਂ ਦੋਸ਼ੀਆਂ ਦੇ ਖ਼ਿਲਾਫ਼ ਮੂਹਰੇ ਹੋ ਕੇ ਪਹਿਲਾਂ ਵਾਂਗ ਕਾਨੂੰਨੀ ਲੜਾਈ ਲੜੀ ਜਾਵੇਗੀ। ਉਨ੍ਹਾਂ ਮੁੜ ਦੁਹਰਾਇਆ ਕਿ ਅਕਾਲੀ ਦਲ-ਭਾਜਪਾ ਅਤੇ ਕਾਂਗਰਸੀ ਵਿੱਚ ਅੰਦਰਖਾਤੇ ਸਿਆਸੀ ਸਾਂਝ ਹੋਣ ਕਰਕੇ ਹੁਣ ਤੱਕ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਕਾਂਗਰਸ ਆਗੂਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਨਹੀਂ ਮਿਲ ਸਕੀਆਂ ਹਨ। ਜਿਸ ਕਾਰਨ ਪੀੜਤ ਪਰਿਵਾਰ 3 ਦਹਾਕਿਆਂ ਤੋਂ ਇਨਸਾਫ਼ ਲਈ ਸੜਕਾਂ ’ਤੇ ਭਟਕ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਹੁਕਮਰਾਨ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਗੰਭੀਰ ਨਹੀਂ ਹਨ। ਉਨ੍ਹਾਂ ਸਾਫ਼ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਨਹੀਂ ਮਿਲ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…