ਸਰਕਾਰੀ ਕੰਨਿਆਂ ਸਕੂਲ ਸੋਹਾਣਾ ਵਿੱਚ ਡੇਂਗੂ ਦਾ ਲਾਰਵਾ ਦੇਖ ਕੇ ਦੰਗ ਰਹਿ ਗਏ ਸਿਹਤ ਮੰਤਰੀ

ਸਿਹਤ ਮੰਤਰੀ ਨੇ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨਾਲ ਜੁੜ ਕੇ ਡੇਂਗੂ ਖ਼ਿਲਾਫ਼ ਜਾਗਰੂਕਤਾ ਦਾ ਬਿਗੁਲ ਵਜਾਇਆ

ਵਿਦਿਆਰਥੀਆਂ ਨੂੰ ਮਾਪਿਆਂ ਦੀ ਮਦਦ ਨਾਲ ਹਰ ਸ਼ੁੱਕਰਵਾਰ ਨੂੰ ਆਪਣੇ ਘਰਾਂ ਵਿੱਚ ਡਰਾਈ ਡੇਅ ਦੀ ਮੁਹਿੰਮ ਚਲਾਉਣ ਲਈ ਪ੍ਰੇਰਿਆ

ਸਿਹਤ ਮੰਤਰੀ ਨੇ ਡੇਂਗੂ ਦੇ ਲਾਰਵੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੋਹਾਣਾ ਖੇਤਰ ਦੇ ਸਲੱਮ ਏਰੀਆ ਦਾ ਵੀ ਕੀਤਾ ਦੌਰਾ

ਨਬਜ਼-ਏ-ਪੰਜਾਬ, ਮੁਹਾਲੀ, 27 ਸਤੰਬਰ:
ਇੱਥੋਂ ਦੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਵਿਖੇ ਵੱਡੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਦੇਖ ਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੰਗ ਰਹਿ ਗਏ। ਉਹ ‘ਹਰ ਸ਼ੁੱਕਰਵਾਰ-ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਅੱਜ ਵਿਦਿਆਰਥੀਆਂ ਨੂੰ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਦੀ ਰੋਕਥਾਮ ਬਾਰੇ ਜਾਗਰੂਕ ਕਰਨ ਲਈ ਪ੍ਰਾਰਥਨਾ ਸਭਾ ਵਿੱਚ ਸਕੂਲ ਪਹੁੰਚੇ ਸਨ। ਮੰਤਰੀ ਨੇ ਖ਼ੁਦ ਡੇਂਗੂ ਲਾਰਵੇ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਇਸ ਵਾਰ ਡੇਂਗੂ ਪੀੜਤਾਂ ਦੀ ਗਿਣਤੀ ਵੱਧ ਕੇ 264 ਤੱਕ ਪਹੁੰਚ ਗਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਡੇਂਗੂ ਦਾ ਲਾਰਵਾ ਵਧਿਆ ਹੈ। ਉਨ੍ਹਾਂ ਦੱਸਿਆ ਕਿ ਸੋਹਾਣਾ ਸਕੂਲ ਵਿੱਚ ਬਹੁਤ ਸਾਰੀਆਂ ਥਾਵਾਂ ’ਤੇ ਡੇਂਗੂ ਦਾ ਲਾਰਵਾ ਮਿਲਿਆ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਵੀ ਹੋਈ ਹੈ। ਮੰਤਰੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਡੇਂਗੂ ਦੇ ਲਾਰਵੇ ਦੀ ਪਛਾਣ ਬਾਰੇ ਦੱਸਦਿਆਂ ਸਾਵਧਾਨ ਰਹਿਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ‘‘ਸ਼ੁੱਕਰਵਾਰ ਡਰਾਈ ਡੇਅ’’ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਸਿਹਤ ਮੰਤਰੀ ਅਤੇ ਵਿਭਾਗ ਦੀਆਂ ਟੀਮਾਂ ਨੇ ਸਕੂਲ ਨੇੜਲੇ ਗੰਦੇ ਪਾਣੀ ਦੇ ਟੋਭੇ ਅਤੇ ਆਸਪਾਸ ਇਲਾਕੇ ਵਿੱਚ ਡੇਂਗੂ ਦਾ ਲਾਰਵਾ ਚੈੱਕ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਡੇਂਗੂ ਲਾਰਵੇ ਨੂੰ ਨਸ਼ਟ ਕਰਨ ਵਿੱਚ ਮਾਪਿਆਂ ਦੀ ਮਦਦ ਕਰਨ ਅਤੇ ਕੂਲਰਾਂ, ਫਰਿੱਜਾਂ ਦੀਆਂ ਟਰੇਆਂ, ਫੁੱਲਾਂ ਦੇ ਗਮਲਿਆਂ ਅਤੇ ਹੋਰ ਬਰਤਨਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ਼ ਕਰਕੇ ਡੇਂਗੂ ਦੇ ਲਾਰਵੇ ਨੂੰ ਨਸ਼ਟ ਕੀਤਾ ਜਾਵੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਸਕੂਲਾਂ ਵਿੱਚ ਜਾ ਕੇ ਅੱਠਵੀਂ ਤੋਂ ਉੱਪਰਲੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਿਹਤ ਸਿੱਖਿਆ, ਫਸਟ ਏਡ, ਲਾਈਫ਼ ਸਕਿੱਲਜ਼, ਨਿੱਜੀ ਸਫ਼ਾਈ ਅਤੇ ਨੱਕ ਤੋਂ ਖੂਨ ਵਗਣ ਸਬੰਧੀ ਸਮੱਸਿਆਵਾਂ ਬਾਰੇ ਜਾਗਰੂਕ ਕਰਨਾ ਸ਼ੁਰੂ ਕਰੇਗਾ ਤਾਂ ਜੋ ਉਹ ਦੂਜਿਆਂ ਦੀ ਸਹਾਇਤਾ ਕਰਨ ਦੇ ਨਾਲ-ਨਾਲ ਸਿਹਤ ਸਬੰਧੀ ਇਨ੍ਹਾਂ ਮੁਸ਼ਕਲਾਂ ਨੂੰ ਆਪਣੇ ਤੌਰ ’ਤੇ ਹੱਲ ਕਰ ਸਕਣ। ਉਨ੍ਹਾਂ ਕਿਹਾ ਕਿ ਡੇਂਗੂ ਮਰੀਜ਼ਾਂ ਦੀ ਦੇਖਭਾਲ ਲਈ ਬਲੱਡ ਬੈਂਕ, ਬਲੱਡ ਕੰਪੋਨੈਂਟ ਅਤੇ ਬੈੱਡਾਂ ਦੇ ਸਾਰੇ ਪ੍ਰਬੰਧ ਹਨ ਪਰ ਇਸ ਤੋਂ ਬਚਾਅ ਹੀ ਸਭ ਤੋਂ ਵਧੀਆ ਇਲਾਜ ਹੈ। ਉਨ੍ਹਾਂ ਕਿਹਾ ਕਿ ਗੰਭੀਰ ਡੇਂਗੂ ਬੁਖਾਰ ਘਾਤਕ ਬਣ ਸਕਦਾ ਹੈ।

ਮੰਤਰੀ ਨੇ ਮੌਕੇ ’ਤੇ ਹੀ ਏਡੀਸੀ ਦਮਨਜੀਤ ਮਾਨ ਨੂੰ ਕਿਹਾ ਕਿ ਪਿੰਡ ਦੇ ਛੱਪੜ ਦਾ ਨਵੀਨੀਕਰਨ ਕਰਕੇ ਇਸ ਨੂੰ ਫਿਟਨੈਸ ਸੈਂਟਰ ਵਜੋਂ ਵਿਕਸਤ ਕੀਤਾ ਜਾਵੇ ਅਤੇ ਆਲੇ-ਦੁਆਲੇ ਵਾਕਿੰਗ ਟਰੈਕ ਬਣਾਇਆ ਜਾਵੇ। ਇਸ ਮੌਕੇ ਡਾਇਰੈਕਟਰ (ਪਰਿਵਾਰ ਭਲਾਈ) ਡਾ. ਜਸਮਿੰਦਰ, ਏਡੀਸੀ ਦਮਨਜੀਤ ਸਿੰਘ ਮਾਨ, ਐਸਡੀਐਮ ਦਮਨਜੀਤ ਕੌਰ, ਸੰਯੁਕਤ ਕਮਿਸ਼ਨਰ ਦੀਪਾਂਕਰ ਗਰਗ, ਸਟੇਟ ਪ੍ਰੋਗਰਾਮ ਅਫ਼ਸਰ ਡਾ. ਅਰਸ਼ਦੀਪ ਕੌਰ, ਡੀਆਈਓ ਡਾ. ਗਿਰੀਸ਼ ਡੋਗਰਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਬਰਾੜ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸਰੀਰ ਦੀ ਕਸਰਤ: ਸੀਐਮ ਦੀ ਯੋਗਸ਼ਾਲਾ ਕਰ ਰਹੀ ਹੈ ਪੁਰਾਣੇ ਰੋਗਾਂ ਦਾ ਨਿਵਾਰਣ

ਸਰੀਰ ਦੀ ਕਸਰਤ: ਸੀਐਮ ਦੀ ਯੋਗਸ਼ਾਲਾ ਕਰ ਰਹੀ ਹੈ ਪੁਰਾਣੇ ਰੋਗਾਂ ਦਾ ਨਿਵਾਰਣ ਮੁਹਾਲੀ ਦੇ ਸੈਕਟਰ-68, 69, 70 …