ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ’ਚ ਸੁਧਾਰ ਪਰ ਹਾਲੇ ਵੀ ਆਈਸੀਯੂ ’ਚ ਦਾਖ਼ਲ

ਫੋਰਟਿਸ ਹਸਪਤਾਲ ਨੇ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਜਾਰੀ ਕੀਤੀ ਤਾਜ਼ਾ ਜਾਣਕਾਰੀ

ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਦੀ ਸਿਹਤਯਾਬੀ ਦੀ ਕਾਮਨਾ ਕੀਤੀ

ਨਬਜ਼-ਏ-ਪੰਜਾਬ, ਮੁਹਾਲੀ, 28 ਸਤੰਬਰ:
ਮੁਹਾਲੀ ਦੇ ਸੁਪਰ ਸਪੈਸ਼ਲਿਟੀ ਫੋਰਟਿਸ ਹਸਪਤਾਲ ਵਿੱਚ ਜੇਰੇ ਇਲਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਆਉਣ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਸੁੱਖ ਦਾ ਸਾਹ ਲਿਆ ਹੈ, ਕਿਉਂਕਿ ਪੰਚਾਇਤ ਚੋਣਾਂ ਦੇ ਐਨ ਮੌਕੇ ਮੁੱਖ ਮੰਤਰੀ ਦਾ ਬਿਮਾਰ ਹੋਣ ਕਾਰਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਵਲੰਟੀਅਰ ਮਾਯੂਸ ਦੇ ਆਲਮ ਵਿੱਚ ਸਨ ਪਰ ਮਾਨ ਦੀ ਸਿਹਤ ਵਿੱਚ ਸੁਧਾਰ ਆਉਣ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਕਾਬਿਲੇਗੌਰ ਹੈ ਕਿ ਭਗਵੰਤ ਮਾਨ ਨੂੰ ਪਿਛਲੇ ਦਿਨੀਂ ਅਚਾਨਕ ਤਬੀਅਤ ਖ਼ਰਾਬ ਹੋਣ ਕਾਰਨ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਅੱਜ ਉਨ੍ਹਾਂ ਦੀ ਹਾਲਤ ਸੁਧਾਰ ਆਉਣ ਦੀ ਗੱਲ ਕਹੀ ਰਹੀ ਹੈ। ਫਿਲਹਾਲ ਹਾਲੇ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਫੋਰਟਿਸ ਹਸਪਤਾਲ ਦੇ ਮੈਡੀਕਲ ਆਈਸੀਯੂ ਵਾਰਡ, ਤੀਜੀ ਮੰਜ਼ਲ ’ਤੇ ਦਾਖ਼ਲ ਕਰਕੇ ਜਾਵੇਗਾ।
ਸਨਿੱਚਰਵਾਰ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨਾਲ ਸਬੰਧਤ ਫੋਰਟਿਸ ਹਸਪਤਾਲ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ। ਫੋਰਟਿਸ ਹਸਪਤਾਲ ਦੇ ਕਾਰਡੀਓਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ. ਆਰ.ਕੇ. ਜਸਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੀ ਜਾਂਚ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਆਪਣੇ ਕਲੀਨਿਕਲ ਮਾਪਦੰਡਾਂ ਵਿੱਚ ਮਹੱਤਵਪੂਰਨ ਸੁਧਾਰ ਦੇ ਸੰਕੇਤ ਦਿਖਾਏ ਹਨ। ਉਸ ਨੇ ਪਲਮਨਰੀ ਆਰਟਰੀ ਪ੍ਰੈੱਸ਼ਰ ਵਿੱਚ ਵਾਧੇ ਦੇ ਇਲਾਜ ਲਈ ਵੀ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਇਸ ਸਮੇਂ ਮੁੱਖ ਮੰਤਰੀ ਦਾ ਸਾਰਾ ਸਰੀਰ ਪੂਰੀ ਤਰ੍ਹਾਂ ਸਥਿਰ ਹਨ। ਜਿਵੇਂ ਕਿ ਟਰੋਪਿਕਲ ਬੁਖ਼ਾਰ ਲਈ ਦਾਖ਼ਲੇ ਦੇ ਸਮੇਂ ਸ਼ੱਕੀ ਸੀ, ਲੈਪਟੋਸਪਾਇਰੋਸਿਸ ਲਈ ਉਸ ਦੇ ਖੂਨ ਦੇ ਟੈੱਸਟ ਸਕਾਰਾਤਮਿਕ ਵਾਪਸ ਆਏ ਹਨ। ਮੁੱਖ ਮੰਤਰੀ ਨੂੰ ਪਹਿਲਾਂ ਹੀ ਢੁਕਵੀਂ ਐਂਟੀਬਾਇਓਟਿਕ ਦਵਾਈ ਦਿੱਤੀ ਜਾ ਚੁੱਕੀ ਹੈ। ਸਾਰੀਆਂ ਕਲੀਨਿਕਲ ਵਿਸ਼ੇਸ਼ਤਾਵਾਂ ਅਤੇ ਰੋਗ ਸਬੰਧੀ ਜਾਂਚਾਂ ਨੇ ਤਸੱਲੀਬਖ਼ਸ਼ ਸੁਧਾਰ ਦਿਖਾਇਆ ਹੈ।
ਬੀਤੇ ਕੱਲ੍ਹ ਫੋਰਟਿਸ ਹਸਪਤਾਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲ ਨਾਲ ਸਬੰਧਤ ਕੁਝ ਜ਼ਰੂਰੀ ਟੈੱਸਟ ਕੀਤੇ ਗਏ ਸਨ, ਜਿਨ੍ਹਾਂ ਦੇ ਨਤੀਜੇ ਆਉਣ ਤੋਂ ਬਾਅਦ ਉਪਰੋਕਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਾਕਟਰ ਮੁਤਾਬਕ ਮੁੱਖ ਮੰਤਰੀ ਦੀ ਪਲਮਨਰੀ ਆਰਟਰੀ ਵਿੱਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਦਿਲ ’ਤੇ ਦਬਾਅ ਪੈ ਗਿਆ ਹੈ, ਜਿਸ ਕਾਰਨ ਬਲੱਡ ਪ੍ਰੈੱਸ਼ਰ ਅਨਿਯਮਿਤ ਹੋ ਗਿਆ। ਫਿਲਹਾਲ ਮੁੱਖ ਮੰਤਰੀ ਦੇ ਸਰੀਰ ਦੇ ਬਾਕੀ ਸਾਰੇ ਅਹਿਮ ਅੰਗ ਪੂਰੀ ਤਰ੍ਹਾਂ ਸਟੇਬਲ ਹਨ। ਮੁੱਖ ਮੰਤਰੀ ਇਲਾਜ ਲਈ ਚੰਗਾ ਹੁੰਗਾਰਾ ਦੇ ਰਹੇ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦੀ ਹਾਲਤ ਵਿੱਚ ਜਲਦੀ ਹੋਰ ਸੁਧਾਰ ਆਏਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਵਿੱਚ ਸੋਜ਼ਿਸ਼ ਕਰਕੇ ਦਿਲ ’ਤੇ ਦਬਾਅ ਵਧ ਗਿਆ ਸੀ। ਬਲੱਡ ਪ੍ਰੈੱਸ਼ਰ ਦੀ ਵੀ ਸ਼ਿਕਾਇਤ ਸੀ। ਹਾਲਾਂਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਮੁੱਖ ਮੰਤਰੀ ਨੂੰ ਰੁਟੀਨ ਚੈੱਕਅਪ ਲਈ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਪ੍ਰੰਤੂ ਉਨ੍ਹਾਂ ਨੂੰ ਮੈਡੀਕਲ ਆਈਸੀਯੂ ਵਿੱਚ ਦਾਖ਼ਲ ਕਰਨ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਕਈ ਪ੍ਰਕਾਰ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਉਨ੍ਹਾਂ ਦੇ ਲਿਵਰ ਵਿੱਚ ਦਿੱਕਤ ਆਉਣ ਬਾਰੇ ਵੀ ਪਤਾ ਲੱਗਾ ਹੈ। ਉਂਜ ਭਗਵੰਤ ਮਾਨ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ, ਕਿਹਾ ਜਾ ਰਿਹਾ ਹੈ ਪ੍ਰੰਤੂ ਉਨ੍ਹਾਂ ਨੂੰ ਹਾਲੇ ਕੁੱਝ ਸਮਾਂ ਹੋਰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਫੋਰਟਿਸ ਵਿੱਚ ਜੇਰੇ ਇਲਾਜ ਹੋਣ ਕਾਰਨ ਹਸਪਤਾਲ ਦੇ ਅੰਦਰ ਅਤੇ ਬਾਹਰ ਮੁੱਖ ਗੇਟਾਂ ’ਤੇ ਪੁਲੀਸ ਦਾ ਸਖ਼ਤ ਪਹਿਰਾ ਹੈ। ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਹਨ, ਜੋ ਹਸਪਤਾਲ ਵਿੱਚ ਹਰੇਕ ਆਉਣ ਜਾਣ ਵਾਲੇ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਇਸੇ ਦੌਰਾਨ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਨੇ ਫੋਰਟਿਸ ਹਸਪਤਾਲ ਦਾ ਦੌਰਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਖ਼ਬਰਸਾਰ ਲਈ ਅਤੇ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਗੱਲ ਕਰਕੇ ਮਾਨ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।
ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਆਪਣੇ ਪੁਰਖਿਆਂ ਅਤੇ ਵਿਰਸੇ ਤੋਂ ਇਹ ਸਿੱਖਿਆ ਮਿਲੀ ਹੈ ਕਿ ਭਾਵੇਂ ਤੁਹਾਡਾ ਕੋਈ ਜਿੱਡਾ ਮਰਜ਼ੀ ਵੱਡਾ ਵਿਰੋਧੀ ਕਿਉਂ ਨਾ ਹੋਵੇ, ਹਮੇਸ਼ਾ ਉਸ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਨੇ ਉਸ ਨੂੰ ਨਿੱਜੀ ਤੌਰ ’ਤੇ ਜਾਣਦੇ ਹੋਏ ਅਤੇ ਉਸ ਦੇ ਪਿਛੋਕੜ ਨੂੰ ਜਾਣਨ ਦੇ ਬਾਵਜੂਦ ਉਸ (ਖਹਿਰਾ) ਨਾਲ ਬਹੁਤ ਜ਼ਿਆਦਾ ਵਧੀਕੀਆਂ ਕੀਤੀਆਂ ਹਨ। ਜੋ ਕਿਸੇ ਨਾਲ ਵੀ ਕਰਨੀਆਂ ਨਹੀਂ ਚਾਹੀਦੀਆਂ ਸਨ। ਉਸ ਨੇ ਕਿਹਾ ਕਿ ਮੈਂ ਕੋਈ ਡਰੱਗ ਮਾਫੀਆ ਨਹੀਂ ਹਾਂ, ਮੈਂ ਇੱਕ ਚੰਗੇ ਪਰਿਵਾਰ ਅਤੇ ਵਧੀਆ ਪਿਛੋਕੜ ਵਾਲਾ ਹਾਂ। ਇਹ ਸਾਰਾ ਕੁੱਝ ਭਗਵੰਤ ਮਾਨ ਚੰਗੀ ਤਰ੍ਹਾਂ ਜਾਣਦੇ ਸਨ ਕਿਉਂਕਿ ਉਨ੍ਹਾਂ ਨੇ ਇਕੱਠਿਆਂ ਪਾਰਟੀ ਵਿੱਚ ਕੰਮ ਕੀਤਾ ਹੈ। ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਮੁੱਖ ਮੰਤਰੀ ਜਲਦੀ ਠੀਕ ਹੋਣ ਅਤੇ ਆਪਣਾ ਕੰਮ ਕਾਜ ਦੁਬਾਰਾ ਆ ਕੇ ਸੰਭਾਲਣ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਦਾ ਜੋਤੀ-ਜੋਤ ਪੁਰਬ ਸ਼ਰਧਾ ਨਾਲ ਮਨਾਇਆ

ਗੁਰੂ ਨਾਨਕ ਦੇਵ ਦਾ ਜੋਤੀ-ਜੋਤ ਪੁਰਬ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਸਤੰਬਰ: ਇੱਥੋਂ ਦੇ ਇਤਿਹ…