ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਆਂਢੀ ਰਾਜਾਂ ਤੋਂ ਝੋਨੇ ਦੀ ਗੈਰਕਾਨੂੰਨੀ ਆਮਦ ’ਤੇ ਸਖ਼ਤ ਨਿਗਰਾਨੀ ਰੱਖਣ ਦੇ ਹੁਕਮ

ਮੁਹਾਲੀ ਪੁਲੀਸ ਨੂੰ ਵਿਸ਼ੇਸ਼ ਅੰਤਰਰਾਜੀ ਸਰਹੱਦੀ ਨਾਕੇ ਲਗਾਉਣ ਲਈ ਕਿਹਾ

ਨਬਜ਼-ਏ-ਪੰਜਾਬ, ਮੁਹਾਲੀ, 29 ਸਤੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀਆਂ ਅਨਾਜ ਮੰਡੀਆਂ ਵਿੱਚ ਗੁਆਂਢੀ ਰਾਜਾਂ ਤੋਂ ਝੋਨੇ ਦੀ ਗੈਰ-ਕਾਨੂੰਨੀ ਆਮਦ ਨੂੰ ਰੋਕਣ ਲਈ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਪੁਲੀਸ ਨੂੰ ਸਖ਼ਤ ਚੌਕਸੀ ਰੱਖਣ ਅਤੇ ਝਰਮੜੀ ਬੈਰੀਅਰ, ਬੱਸ ਸਟੈਂਡ ਹੰਡੇਸਰਾ, ਸਿਸਵਾਂ ਟੀ-ਪੁਆਇੰਟ, ਸੇਖੋਂ ਬੈਂਕੁਇੰਟ ਢਕੋਲੀ, ਬੇਹੜਾ ਮੋੜ ਡੇਰਾਬੱਸੀ, ਰਾਮਗੜ੍ਹ-ਦਫ਼ਰਪੁਰ ਰੋਡ ਮੁਬਾਰਕਪੁਰ ਵਿਖੇ ਵਿਸ਼ੇਸ਼ ਅੰਤਰਰਾਜੀ ਸਰਹੱਦੀ ਨਾਕੇ ਲਗਾਉਣ ਲਈ ਕਿਹਾ ਹੈ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਮੰਡੀ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਦੇ ਸਕੱਤਰਾਂ ਨੂੰ ਮੰਡੀਆਂ ਵਿੱਚ ਹੋਰਨਾਂ ਸੂਬਿਆਂ ਤੋਂ ਝੋਨੇ ਦੀ ਆਮਦ ’ਤੇ ਤਿੱਖੀ ਨਜ਼ਰ ਰੱਖਣ ਦੇ ਹੁਕਮ ਵੀ ਦਿੱਤੇ ਹਨ।
ਡੀਸੀ ਆਸ਼ਿਕਾ ਜੈਨ ਦੀ ਜਾਣਕਾਰੀ ਅਨੁਸਾਰ ਹਰਿਆਣਾ ਦੀ ਸਰਹੱਦ ਨਾਲ ਲੱਗਦੀਆਂ ਮੰਡੀਆਂ ਵਿੱਚ ਬਾਹਰੋਂ ਵੱਡੀ ਮਾਤਰਾ ਵਿੱਚ ਫ਼ਸਲ ਆਉਣ ਦੇ ਖ਼ਦਸ਼ੇ ਕਾਰਨ ਮੁਹਾਲੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਲੋੜੀਂਦੀ ਥਾਂ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸਥਾਨਕ ਕਮਿਸ਼ਨ ਏਜੰਟਾਂ ਜਾਂ ਹੋਰ ਪ੍ਰਬੰਧਾਂ ਰਾਹੀਂ ਦੂਜੇ ਰਾਜਾਂ ਤੋਂ ਫ਼ਸਲ ਦੀ ਆਮਦ ਕਾਰਨ ਖ਼ਰੀਦ ਪ੍ਰਕਿਰਿਆ ਵਿੱਚ ਰੁਕਾਵਟ ਬਣਦੀ ਹੈ। ਜਦੋਂਕਿ ਸਿਵਲ ਪ੍ਰਸ਼ਾਸਨ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡਾਂ ਤੋਂ ਜਿਣਸ ਦੀ ਅਨੁਮਾਨਿਤ ਆਮਦ ਲਈ ਪ੍ਰਬੰਧ ਕਰਦਾ ਹੈ ਪਰ ਇਨ੍ਹਾਂ ਮੰਡੀਆਂ ਵਿੱਚ ਗੁਆਂਢੀ ਰਾਜਾਂ ਤੋਂ ਫ਼ਸਲ ਦੀ ਗੈਰ-ਕਾਨੂੰਨੀ ਵਿਕਰੀ ਕਾਰਨ ਪ੍ਰਬੰਧਾਂ ਵਿੱਚ ਮੁਸ਼ਕਲ ਆਉਂਦੀ ਹੈ।
ਡਿਪਟੀ ਕਮਿਸ਼ਨਰ ਨੇ ਪੁਲੀਸ ਅਫ਼ਸਰਾਂ ਨੂੰ ਗੁਆਂਢੀ ਸੂਬਿਆਂ ਨਾਲ ਲਗਦੀਆਂ ਹੱਦਾਂ ’ਤੇ ਵਿਸ਼ੇਸ਼ ਅੰਤਰਰਾਜੀ ਸਰਹੱਦੀ ਚੌਕੀਆਂ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ‘ਹੋਰ ਰਾਜ ਦੀ ਫ਼ਸਲ’ ਮੁਹਾਲੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਵਿੱਕਰੀ ਲਈ ਨਾ ਆ ਸਕੇ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹਾ ਪੁਲੀਸ ਨੂੰ ਸਾਉਣੀ ਦੇ ਮੰਡੀਕਰਨ ਸੀਜ਼ਨ ਦੇ ਮੱਦੇਨਜ਼ਰ ਮੰਡੀਆਂ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਜ਼ਿਲ੍ਹੇ ਵਿੱਚ ਝੋਨੇ ਦੀ ਖ਼ਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਡੀਸੀ ਨੇ ਦੱਸਿਆ ਕਿ ਝੋਨੇ ਦੀ ਖ਼ਰੀਦ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਪਿੰਡ ਭਾਗੋਮਾਜਰਾ, ਸਨੇਟਾ, ਖਰੜ, ਰੁੜਕੀ, ਦਾਊਂ ਮਾਜਰਾ, ਕੁਰਾਲੀ, ਖਿਜਰਾਬਾਦ, ਡੇਰਾਬੱਸੀ, ਅਮਲਾਲਾ, ਸਮਗੌਲੀ, ਲਾਲੜੂ, ਟਿਵਾਣਾ, ਤਸੰਬਲੀ, ਜਰੋਟ ਅਤੇ ਬਨੂੜ ਵਿਖੇ ਖਰੀਦ ਕੇਂਦਰ ਬਣਾਏ ਗਏ ਹਨ। ਪਿਛਲੇ ਸਾਲ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 2,15,220 ਮੀਟਰਿਕ ਟਨ ਝੋਨੇ ਦੀ ਆਮਦ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 1 ਅਕਤੂਬਰ ਤੋਂ ਮੰਡੀਆਂ ਵਿੱਚ ਸਰਕਾਰੀ ਖ਼ਰੀਦ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਖਰੀਦੀ ਗਈ ਫ਼ਸਲ ਦੀ ਅਦਾਇਗੀ ਅਤੇ ਲਿਫ਼ਟਿੰਗ ਦਾ ਵੀ ਭਰੋਸਾ ਦਿੰਦਿਆਂ ਕਿਹਾ ਕਿ ਲੇਬਰ ਅਤੇ ਢੋਆ-ਢੁਆਈ ਲਈ ਟੈਂਡਰ ਪ੍ਰਕਿਰਿਆ ਪਹਿਲਾਂ ਹੀ ਮੁਕੰਮਲ ਕਰ ਲਈ ਗਈ ਹੈ ਅਤੇ ਬਾਰਦਾਨੇ ਦੀ ਵੀ ਵਿਵਸਥਾ ਕੀਤੀ ਗਈ ਹੈ।
ਸ੍ਰੀਮਤੀ ਜੈਨ ਨੇ ਖ਼ਰੀਦ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਮਿਸ਼ਨ ਏਜੰਟਾਂ, ਰਾਈਸ ਮਿੱਲਰਾਂ ਅਤੇ ਖ਼ਰੀਦ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ’ਤੇ ਜ਼ੋਰ ਦਿੰਦਿਆਂ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਬਿਜਲੀ-ਪਾਣੀ ਅਤੇ ਸਫ਼ਾਈ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…