ਪਾਵਰਕੌਮ ਠੇਕਾ ਮੁਲਾਜ਼ਮਾਂ ਵੱਲੋਂ ਮੁਹਾਲੀ ਵਿੱਚ ਪਰਿਵਾਰਾਂ ਸਮੇਤ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ

ਵਿੱਤ ਮੰਤਰੀ, ਬਿਜਲੀ ਮੰਤਰੀ ਤੇ ਕਿਰਤ ਮੰਤਰੀ ਅਤੇ ਉੱਚ ਅਫ਼ਸਰਾਂ ਨਾਲ 27 ਸਤੰਬਰ ਨੂੰ ਨਹੀਂ ਹੋਈ ਮੀਟਿੰਗ

ਠੇਕਾ ਮੁਲਾਜ਼ਮਾਂ ਨੂੰ ਸ਼ਾਂਤ ਕਰਨ ਲਈ ਹੁਣ 21 ਅਕਤੂਬਰ ਨੂੰ ਸੱਦੀ ਪੈਨਲ ਮੀਟਿੰਗ

ਨਬਜ਼-ਏ-ਪੰਜਾਬ, ਮੁਹਾਲੀ, 29 ਸਤੰਬਰ:
ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਪੰਜਾਬ ਦੀ ‘ਆਪ’ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੀ ਟਾਲਮਟੋਲ ਨੀਤੀਆਂ ਤੋਂ ਤੰਗ ਆ ਕੇ ਆਪਣੇ ਪਰਿਵਾਰਾਂ ਸਮੇਤ ਮੁਹਾਲੀ ਵਿੱਚ ਸੂਬਾ ਪੱਧਰਾ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਅੱਜ ਇੱਥੇ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਅਤੇ ਸਹਾਇਕ ਸਕੱਤਰ ਟੇਕ ਚੰਦ ਦੀ ਪ੍ਰਧਾਨਗੀ ਹੇਠ ਸੂਬਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ।
ਸੂਬਾ ਜਰਨਲ ਸਕੱਤਰ ਰਾਜੇਸ਼ ਕੁਮਾਰ, ਸਰਕਲ ਪ੍ਰਧਾਨ ਸੁਖਪਾਲ ਸਿੰਘ ਅਤੇ ਸੁਖਚੈਨ ਸਿੰਘ ਨੇ ਦੱਸਿਆ ਕਿ ਪਾਵਰਕੌਮ ਠੇਕਾ ਮੁਲਾਜ਼ਮਾਂ ਨੇ ਬੀਤੀ 16 ਅਗਸਤ ਨੂੰ ਆਪਣੇ ਪਰਿਵਾਰਾਂ ਸਮੇਤ ਖਰੜ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਇਸ ਦੌਰਾਨ ਆਊਟਸੋਰਸਿੰਗ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਲ ਕਰਨ, ਘੱਟੋ-ਘੱਟ ਗੁਜ਼ਾਰੇ ਯੋਗ ਤਨਖ਼ਾਹ ਨਿਸ਼ਚਿਤ ਕਰਨ, ਕਰੰਟ ਲੱਗਣ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਾਮਿਆਂ ਦੇ ਵਾਰਸਾਂ ਨੂੰ ਇੱਕ ਕਰੋੜ ਰੁਪਏ ਜਾਰੀ ਕਰਨ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਪੱਕੀ ਨੌਕਰੀ ਦਾ ਪ੍ਰਬੰਧ ਕਰਨ ਸਮੇਤ ਹੋਰ ਜਾਇਜ਼ ਮੰਗਾਂ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ 28 ਅਗਸਤ ਨੂੰ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ ਪਰ ਉਸ ਮੀਟਿੰਗ ਵਿੱਚ ਬਿਜਲੀ ਮੰਤਰੀ ਗੈਰ ਹਾਜ਼ਰ ਹੋਣ ਕਾਰਨ ਕੋਈ ਗੱਲਬਾਤ ਸਿਰੇ ਨਹੀਂ ਚੜ ਸਕੀ। ਇਸ ਮਗਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 6 ਸਤੰਬਰ ਦਾ ਸਮਾਂ ਦਿੱਤਾ ਪ੍ਰੰਤੂ ਦੂਜੀ ਵਾਰ ਵੀ ਮੀਟਿੰਗ ਨਹੀਂ ਹੋਈ, ਫਿਰ 16 ਸਤੰਬਰ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਪ੍ਰੰਤੂ ਇੱਕ ਦਿਨ ਪਹਿਲਾਂ ਮੀਟਿੰਗ ਰੱਦ ਕਰ ਦਿੱਤੀ। ਇਸ ਤਰ੍ਹਾਂ ਦੁਖੀ ਹੋ ਕੇ 17 ਸਤੰਬਰ ਨੂੰ ਫਿਰ ਤੋਂ ਵਿੱਤ ਮੰਤਰੀ ਅਤੇ ਬਿਜਲੀ ਮੰਤਰੀ ਅਤੇ ਕਿਰਤ ਮੰਤਰੀ ਖ਼ਿਲਾਫ਼ ਖਰੜ ਵਿੱਚ ਪਰਿਵਾਰਾਂ ਸਣੇ ਧਰਨਾ ਦਿੱਤਾ ਗਿਆ ਅਤੇ ਧਰਨੇ ਵਿੱਚ ਪਹੁੰਚ ਰਹੇ ਕਈ ਕਰਮਚਾਰੀਆਂ ਨੂੰ ਫੜ ਕੇ ਜੇਲ੍ਹ ਵਿੱਚ ਡੱਕਿਆ ਗਿਆ।
ਇਸ ਦੌਰਾਨ ਪੰਜਾਬ ਸਰਕਾਰ ਦੇ ਡਿਪਟੀ ਸਕੱਤਰ ਨਵਰਾਜ ਸਿੰਘ ਬਰਾੜ ਅਤੇ ਪਾਵਰਕੌਮ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ। ਜਿਨ੍ਹਾਂ ਨੇ ਬੀਤੀ 27 ਸਤੰਬਰ ਨੂੰ ਵਿੱਤ ਮੰਤਰੀ, ਬਿਜਲੀ ਮੰਤਰੀ ਅਤੇ ਅਤੇ ਕਿਰਤ ਮੰਤਰੀ ਸਮੇਤ ਉੱਚ ਅਧਿਕਾਰੀਆਂ ਨਾਲ ਜਥੇਬੰਦੀ ਆਗੂਆਂ ਦੀ ਪੈਨਲ ਮੀਟਿੰਗ ਫਿਕਸ ਕਰਵਾਈ ਗਈ ਸੀ ਪਰ ਹੁਣ ਸਰਕਾਰ ਨੇ ਪੰਚਾਇਤੀ ਚੋਣਾਂ ਦਾ ਹਵਾਲਾ ਦੇ ਕੇ 27 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵੀ 21 ਅਕਤੂਬਰ ਤੱਕ ਅੱਗੇ ਪਾ ਦਿੱਤੀ ਹੈ। ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਕਿਹਾ ਕਿ ਜੇਕਰ 21 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਠੇਕਾ ਕਾਮਿਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤਾਂ 23 ਅਕਤੂਬਰ ਨੂੰ ਮੁਹਾਲੀ ਵਿੱਚ ਪਰਿਵਾਰਾਂ ਸਮੇਤ ਸੂਬਾ ਰੋਸ ਧਰਨਾ ਦਿੱਤਾ ਜਾਵੇਗਾ। ਫ਼ੀਲਡ ਵਿੱਚ ਆਉਣ ਸਮੇਂ ਮੁੱਖ ਮੰਤਰੀ ਸਮੇਤ ਬਿਜਲੀ ਮੰਤਰੀ, ਵਿੱਤ ਮੰਤਰੀ ਅਤੇ ਕਿਰਤ ਮੰਤਰੀ ਸਮੇਤ ਪਾਵਰਕੌਮ ਦੇ ਚੇਅਰਮੈਨ ਅਤੇ ਡਾਇਰੈਕਟਰ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…