ਬੰਦੀ ਸਿੰਘਾਂ ਦੀ ਰਿਹਾਈ: ਕੌਮੀ ਇਨਸਾਫ਼ ਮੋਰਚੇ ਦੇ ਕਾਫ਼ਲੇ ਨੂੰ ਮੁਹਾਲੀ ਵਿੱਚ ਰੋਕਿਆ

ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਮੌਕੇ ’ਤੇ ਪਹੁੰਚ ਕੇ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ

ਪੰਜਾਬ ਸਰਕਾਰ ਨੂੰ ਇੱਕ ਮਹੀਨੇ ਦਾ ਅਲਟੀਮੇਟਮ, ਮੰਗਾਂ ਨਾ ਮੰਨਣ ’ਤੇ ਵੱਡਾ ਐਕਸ਼ਨ ਕਰਨ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 1 ਅਕਤੂਬਰ:
ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦਾ ਮਾਮਲਾ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ ’ਤੇ ਕੌਮੀ ਇਨਸਾਫ਼ ਮੋਰਚਾ ਮੁਹਾਲੀ-ਚੰਡੀਗੜ੍ਹ, ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਵੱਲੋਂ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪਿਛਲੇ ਸਾਲ 7 ਜਨਵਰੀ ਨੂੰ ਸ਼ੁਰੂ ਕੀਤਾ ਲੜੀਵਾਰ ਧਰਨਾ (ਪੱਕਾ ਮੋਰਚਾ) ਜਾਰੀ ਹੈ। ਅੱਜ ਇਨਸਾਫ਼ ਪਸੰਦ ਲੋਕਾਂ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸ਼ਾਲ ਮਾਰਚ ਕੀਤਾ ਅਤੇ ਚੰਡੀਗੜ੍ਹ ਵੱਲ ਕੂਚ ਕਰਨ ਦਾ ਯਤਨ ਕੀਤਾ ਲੇਕਿਨ ਮੁਹਾਲੀ ਪੁਲੀਸ ਨੇ ਵਾਈਪੀਐਸ ਚੌਂਕ ਨੇੜੇ ਜ਼ਬਰਦਸਤ ਬੈਰੀਕੇਟਿੰਗ ਕਰਕੇ ਸਿੱਖਾਂ ਦੇ ਕਾਫ਼ਲੇ ਨੂੰ ਅੱਗੇ ਵਧਣ ਤੋਂ ਰੋਕ ਲਿਆ। ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੌਕੇ ’ਤੇ ਪਹੁੰਚ ਕੇ ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਪੂਰੀ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ।
ਉਨ੍ਹਾਂ ਕਿਹਾ ਕਿ ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਦੀ ਪੱਕੀ ਰਿਹਾਈ ਦੀ ਕੋਸ਼ਿਸ਼ ਜਾਵੇਗੀ, ਜੋ ਹੁਣ ਸ਼ਰਤੀਆਂ ਜ਼ਮਾਨਤ ’ਤੇ ਹਨ। ਇੰਜ ਹੀ ਜਲਦੀ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਪੈਰੋਲ (ਛੁੱਟੀ) ਦਿੱਤੀ ਜਾਵੇਗੀ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਬਾਬਤ ਸੁਪਰੀਮ ਕੋਰਟ ਦੇ ਨੋਟਿਸ ਸਬੰਧੀਂ ਹਾਂ-ਪੱਖੀ ਰਿਪੋਰਟ ਭੇਜਣ। ਜਿਸ ਅਨੁਸਾਰ ਜਥੇਦਾਰ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਭੇਜਣ ’ਤੇ ਕੋਈ ਇਤਰਾਜ਼ ਨਹੀਂ ਹੋਵੇਗਾ।
ਇਸ ਮੌਕੇ ਕੌਮੀ ਇਨਸਾਫ਼ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਦੌਰਾਨ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਜਲਦੀ ਹੀ ਵੱਡਾ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਵੇਗਾ। ਬੰਦੀ ਸਿੰਘ ਰਿਹਾਈ ਮਾਰਚ ਵਿੱਚ ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਸਮੇਤ ਵੱਖ-ਵੱਖ ਪੰਥਕ ਆਗੂਆਂ ਬਾਪੂ ਤਰਸੇਮ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਰੇਸ਼ਮ ਸਿੰਘ ਵਡਾਲੀ, ਭਾਈ ਜਸਵਿੰਦਰ ਸਿੰਘ ਰਾਜਪੁਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਪਾਲ, ਭਾਈ ਇੰਦਰਵੀਰ ਸਿੰਘ, ਵਕੀਲ ਗੁਰਸ਼ਰਨ ਸਿੰਘ ਧਾਲੀਵਾਲ, ਬਾਪੂ ਗੁਰਚਰਨ ਸਿੰਘ, ਭਾਈ ਅਮਰਪ੍ਰੀਤ ਸਿੰਘ, ਭਾਈ ਕਰਨੈਲ ਸਿੰਘ ਪੰਜੋਲੀ, ਭਾਈ ਮਹਿੰਦਰ ਪਾਲ ਸਿੰਘ, ਭਾਈ ਅਵਤਾਰ ਸਿੰਘ ਮਹਿਮਾ, ਭਾਈ ਸੁਖਦੇਵ ਸਿੰਘ ਸੁੱਖਾ ਕੰਸਾਲਾ, ਭਾਈ ਗੁਰਦੀਪ ਸਿੰਘ ਬਠਿੰਡਾ ਹਾਜ਼ਰ ਸਨ। ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਚੇਅਰਮੈਨ ਅਤੇ ਗੁਰਦੁਆਰਾ ਗੁਰਸਾਗਰ ਸਾਹਿਬ ਦੇ ਬਾਨੀ ਸੰਤ ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲੇ, ਬਾਬਾ ਤੇਜੇਸਵਰ ਪ੍ਰਤਾਪ ਸਿੰਘ, ਸੰਤ ਬਾਬਾ ਸਰੂਪ ਸਿੰਘ, ਸੰਤ ਬਾਬਾ ਗੁਰਮੇਲ ਸਿੰਘ, ਸੰਤ ਬਾਬਾ ਅਮਰਾਓ ਸਿੰਘ ਲੰਬਿਆਂ ਵਾਲੇ, ਬਸਪਾ ਦਿੇ ਕੌਮੀ ਸਕੱਤਰ ਭਾਈ ਜਗਜੀਤ ਸਿੰਘ ਛੜਬੜ ਸਮੇਤ ਹੋਰਨਾਂ ਮਹਾਪੁਰਸ਼ਾਂ ਨੇ ਵੀ ਸ਼ਮੂਲੀਅਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…