ਪੰਚਾਇਤ ਚੋਣਾਂ: ਖ਼ਬਰ ਦਾ ਅਸਰ: ਛੁੱਟੀ ਵਾਲੇ ਦਿਨ ਵੀ ਅਧਿਕਾਰੀ ਦਫ਼ਤਰ ਬੈਠੇ, ਐਨਸੀਓ ਜਾਰੀ ਕੀਤੀਆਂ

ਤਤਕਾਲੀ ਸਰਪੰਚਾਂ ਤੋਂ ਵੀ ਗਰਾਂਟਾਂ ਦੇ ਹਿਸਾਬ ਕਿਤਾਬ ਸਬੰਧੀ ਲਿਆ ਜਾ ਰਿਹਾ ਹਲਫ਼ਨਾਮਾ

500-500 ਰੁਪਏ ਵਿੱਚ ਦਿੱਤੀ ਜਾ ਰਹੀ ਹੈ ਵੋਟਰ ਸੂਚੀ, ਅਧਿਕਾਰੀ ਵੱਧ ਪੈਸੇ ਵਸੂਲੀ ਦੀ ਗੱਲ ਕਬੂਲੀ

ਨਬਜ਼-ਏ-ਪੰਜਾਬ, ਮੁਹਾਲੀ, 2 ਅਕਤੂਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪੰਚਾਇਤ ਚੋਣਾਂ ਨੂੰ ਲੈ ਕੇ ਜਿੱਥੇ ਪਿੰਡਾਂ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ, ਉੱਥੇ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਨੂੰ ਐਨਓਸੀ ਲੈਣ ਲਈ ਕਾਫ਼ੀ ਖੱਜਲ-ਖੁਆਰ ਹੋਣਾ ਪੈਣਾ ਰਿਹਾ ਹੈ। ਪੀੜਤ ਲੋਕ ਪੰਜਾਬ ਸਰਕਾਰ ’ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾ ਰਹੇ ਹਨ।
ਇਸ ਸਬੰਧੀ ‘ਨਬਜ਼-ਏ-ਪੰਜਾਬ’ ਵਿੱਚ ‘ਪੰਚਾਇਤ ਚੋਣਾਂ ਵਿੱਚ ਲੋਕਾਂ ਦੀ ਖੱਜਲ-ਖੁਆਰੀ ਸਬੰਧੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਅੱਜ ਸਰਕਾਰੀ ਛੁੱਟੀ ਵਾਲੇ ਦਿਨ ਵੀ ਬੀਡੀਪੀਓ ਦਾ ਦਫ਼ਤਰ ਆਮ ਦਿਲਾਂ ਵਾਂਗ ਖੁੱਲ੍ਹਾ ਰਿਹਾ ਹੈ ਅਤੇ ਚੋਣਾਂ ਲੜਨ ਦੇ ਚਾਹਵਾਨ ਵਿਅਕਤੀਆਂ ਨੂੰ ਐਨਸੀਓ ਜਾਰੀ ਕੀਤੀਆਂ ਗਈਆਂ ਜਦੋਂਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਲੋਕ ਐਨਸੀਓ ਲੈਣ ਲਈ ਖੱਜਲ-ਖੁਆਰ ਹੋ ਰਹੇ ਸਨ। ਚੱਪੜਚਿੜੀ ਕਲਾਂ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਅਤੇ ਸਰਪੰਚੀ ਦੀ ਉਮੀਦਵਾਰ ਪਰਮਜੀਤ ਕੌਰ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਐਨਸੀਓ ਮਿਲ ਗਈ ਹੈ। ਇਸੇ ਤਰ੍ਹਾਂ ਕਈ ਹੋਰਨਾਂ ਵਿਅਕਤੀਆਂ ਨੇ ਵੀ ਐਨਸੀਓ ਮਿਲਣ ਦੀ ਪੁਸ਼ਟੀ ਕੀਤੀ।
ਪਿੰਡ ਕੰਬਾਲਾ ਦੇ ਤਤਕਾਲੀ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਕਾਫ਼ੀ ਖੱਜਲ-ਖੁਆਰੀ ਤੋਂ ਬਾਅਦ ਅੱਜ ਐਨਸੀਓ ਮਿਲੀ ਹੈ। ਵੋਟਰ ਸੂਚੀ ਦੇ ਵੀ 500-500 ਰੁਪਏ ਵਸੂਲੇ ਜਾ ਰਹੇ ਹਨ, ਜਦੋਂਕਿ ਸੂਚੀਆਂ ਮੁਫ਼ਤ ਮਿਲਣੀਆਂ ਚਾਹੀਦੀਆਂ ਹਨ। ਗਰੀਬਾਂ ਨੂੰ ਬਿਜਲੀ-ਪਾਣੀ ਮੁਫ਼ਤ ਸਹੂਲਤ ਹੈ ਪ੍ਰੰਤੂ ਇਸ ਦਾ ਸਰਟੀਫਿਕੇਟ ਮੰਗਿਆਂ ਜਾ ਰਿਹਾ ਹੈ। ਜਾਤੀ ਸਰਟੀਫਿਕੇਟ ਨੂੰ ਦੁਬਾਰਾ ਰਿਨਿਊ ਕਰਵਾ ਕੇ ਲਿਆਉਣ ਲਈ ਕਿਹਾ ਜਾ ਰਿਹਾ ਹੈ। ਇਹ ਧੱਕਾ ਨਹੀਂ ਤਾਂ ਹੋਰ ਕੀ ਹੈ। ਪਿੰਡ ਬਲੌਂਗੀ ਦੇ 13 ਵਾਰਡਾਂ ਦੀ ਵੋਟਰ ਸੂਚੀ 6500 ਰੁਪਏ ਵਿੱਚ ਮਿਲ ਰਹੀ ਹੈ।
ਦਵਿੰਦਰ ਸਿੰਘ ਪਿੰਡ ਪੱਤੋਂ ਨੇ ਕਿਹਾ ਕਿ ਉਸ ਨੇ ਪਿੰਡ ਪੱਤੋਂ ਦੀ ਸ਼ਾਮਲਾਤ ਠੇਕੇ ’ਤੇ ਲਈ ਹੋਈ ਹੈ ਅਤੇ ਉਹ ਪੰਚੀ ਦੀ ਚੋਣ ਲੜਨਾ ਚਾਹੁੰਦਾ ਹੈ ਪ੍ਰੰਤੂ ਅਧਿਕਾਰੀ ਨੇ ਉਸ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਉਸ ਨੇ ਸ਼ਾਮਲਾਤ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਪੀੜਤ ਨੌਜਵਾਨ ਨੇ ਕਿਹਾ ਕਿ ਉਸ ਨੇ ਸ਼ਾਮਲਾਤ ਜ਼ਮੀਨ ਠੇਕੇ ’ਤੇ ਲਈ ਨਾ ਕਿ ਨਾਜਾਇਜ਼ ਕਬਜ਼ਾ ਕੀਤਾ ਹੈ। ਜਦੋਂਕਿ ਜਿਨ੍ਹਾਂ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਹ ਚੋਣਾਂ ਲੜ ਰਹੇ ਹਨ, ਉਨ੍ਹਾਂ ’ਤੇ ਕੋਈ ਰੋਕ ਟੋਕ ਨਹੀਂ ਹੈ। ਇੱਕ ਹੋਰ ਪੀੜਤ ਨੇ ਦੱਸਿਆ ਕਿ ਉਸ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਉਸ ਦੀ ਘਰਵਾਲੀ ਸਰਪੰਚ ਹੈ, ਉਹ ਪੰਚੀ ਦੀ ਚੋਣ ਨਹੀਂ ਲੜ ਸਕਦਾ। ਇੱਥੇ ਕਾਨੂੰਨ ਹੀ ਵੱਖੋ-ਵੱਖਰੇ ਬਣਾਏ ਗਏ ਹਨ। ਚੱਪੜਚਿੜੀ ਖੁਰਦ ਦੀ ਤਤਕਾਲੀ ਸਰਪੰਚ ਰਾਜਵੀਰ ਕੌਰ ਨੇ ਦੱਸਿਆ ਕਿ ਉਸ ਨੂੰ ਵੀ ਹਾਲੇ ਤੱਕ ਐਨਓਸੀ ਨਹੀਂ ਮਿਲੀ। ਅਧਿਕਾਰੀ ਵੱਲੋਂ ਤਤਕਾਲੀ ਸਰਪੰਚਾਂ ਤੋਂ ਵੀ ਗਰਾਂਟਾਂ ਸਬੰਧੀ ਹਲਫ਼ਨਾਮਾ ਲਿਆ ਜਾ ਰਿਹਾ ਹੈ।
ਉਧਰ, ਹਾਲਾਂਕਿ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਬਣਾਉਣ ਲਈ ਬਿਨਾਂ ਪਾਰਟੀ ਚੋਣ ਨਿਸ਼ਾਨ ਤੋਂ ਆਜ਼ਾਦ ਪੰਚਾਇਤ ਚੋਣਾਂ ਲੜਨ ਦੀ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਇਸ ਦੇ ਬਾਵਜੂਦ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਸਿੱਧੀ ਦਖ਼ਲ-ਅੰਦਾਜ਼ੀ ਆਮ ਦੇਖੀ ਜਾ ਸਕਦੀ ਹੈ। ਸਿਆਸੀ ਪਾਰਟੀਆਂ ਦੇ ਆਗੂ ਪੰਚਾਇਤ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ ਅਤੇ ਆਪਣੇ ਵਰਕਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਰਹੇ ਹਨ।
ਉਧਰ, ਸੂਚਨਾ ਮਿਲਦੇ ਹੀ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਬੀਡੀਪੀਓ ਦਫ਼ਤਰ ਪਹੁੰਚ ਗਏ। ਉਨ੍ਹਾਂ ਨੇ ਪੀੜਤਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਬੀਡੀਪੀਓ ਨਾਲ ਗੱਲ ਕਰਕੇ ਲੋਕਾਂ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀ ਆਮ ਆਦਮੀ ਪਾਰਟੀ ਦੇ ਹੱਥ ਠੋਕਾ ਬਣ ਕੇ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਨੂੰ ਪੰਚਾਇਤ ਚੋਣਾਂ ਲੜਨ ਤੋਂ ਰੋਕਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਮਹਿਜ਼ ਦੋ ਦਿਨ ਬਾਕੀ ਬਚੇ ਹਨ। ਜੇਕਰ ਅਧਿਕਾਰੀ ਇਸੇ ਤਰ੍ਹਾਂ ਖੱਜਲ-ਖੁਆਰ ਕਰਦੇ ਰਹੇ ਤਾਂ ਵੱਡੀ ਗਿਣਤੀ ਵਿੱਚ ਲੋਕ ਚੋਣਾਂ ਵਿੱਚ ਹਿੱਸਾ ਲੈਣ ਤੋਂ ਵਾਂਝੇ ਰਹਿਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਧੱਕੇਸ਼ਾਹੀ ਕਰਕੇ ਪੰਚਾਇਤ ਚੋਣਾਂ ਜਿੱਤਣਾ ਚਾਹੁੰਦੀ ਹੈ।
ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਉਕਤ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਛੁੱਟੀ ਵਾਲੇ ਦਿਨ ਵੀ ਦਫ਼ਤਰ ਖੋਲ੍ਹ ਕੇ ਬੈਠੇ ਹਨ ਅਤੇ ਚੋਣਾਂ ਲੜਨ ਦੇ ਚਾਹਵਾਨ ਵਿਅਕਤੀਆਂ ਨੂੰ ਐਨਸੀਓ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਬਲਬੀਰ ਸਿੱਧੂ ਪਿੰਡ ਰੁੜਕਾ ਦੇ ਸਰਪੰਚ ਦੀ ਸਿਫ਼ਾਰਸ਼ ਕਰ ਰਹੇ ਸਨ। ਜਿਸ ਵਿਰੁੱਧ ਵਿਭਾਗੀ ਜਾਂਚ ਚਨ ਰਹੀ ਹੈ। ਉਸ ਨੂੰ ਕਾਨੂੰਨ ਮੁਤਾਬਕ ਐਨਓਸੀ ਨਹੀਂ ਦਿੱਤੀ ਜਾ ਸਕਦੀ ਸੀ ਪਰ ਸਰਪੰਚ ਦੇ ਬੇਟੇ ਨੂੰ ਐਨਸੀਓ ਜ਼ਰੂਰ ਦੇ ਦਿੱਤੀ ਗਈ ਹੈ। ਅਧਿਕਾਰੀ ਨੇ ਮੰਨਿਆ ਕਿ ਅੱਜ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਵੋਟਰ ਸੂਚੀ 500-500 ਰੁਪਏ ਵਿੱਚ ਦਿੱਤੀ ਜਾ ਰਹੀ ਹੈ। ਇਹ ਉਨ੍ਹਾਂ ਦੇ ਦਫ਼ਤਰ ਦਾ ਕੰਮ ਨਹੀਂ ਹੈ, ਕੋਈ ਪ੍ਰਾਈਵੇਟ ਵਿਅਕਤੀ ਬਾਹਰ ਵੱਧ ਪੈਸੇ ਵਸੂਲ ਰਿਹਾ ਸੀ। ਜਿਸ ਨੂੰ ਇੱਥੋਂ ਭਜਾ ਦਿੱਤਾ ਹੈ। ਅਧਿਕਾਰੀ ਨੇ ਪੱਖਪਾਤ ਦੇ ਦੋਸ਼ਾਂ ਨੂੰ ਵੀ ਝੂਠ ਦਾ ਪੁਲੰਦਾ ਦੱਸਿਆ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…