ਮੁੱਖ ਮੰਤਰੀ ਭਗਵੰਤ ਮਾਨ, ਐਮਪੀ ਮਾਲਵਿੰਦਰ ਕੰਗ ਤੇ ਵਿਧਾਇਕ ਕੁਲਵੰਤ ਸਿੰਘ ਦੇ ਪੁਤਲੇ ਸਾੜੇ

ਪੰਜਾਬ ਸਰਕਾਰ ਤੇ ਮੁੱਖ ਮੰਤਰੀ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼, ਬਜਟ ਸੈਸ਼ਨ ਵਿੱਚ ਕੀਤੇ ਐਲਾਨ ਫੌਕੇ ਨਿਕਲੇ

ਜੇਕਰ ਸਰਕਾਰ ਨੇ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਆਉਂਦੇ ਦਿਨਾਂ ਵਿੱਚ ਕੀਤੇ ਜਾਣਗੇ ਗੁਪਤ ਐਕਸ਼ਨ

ਨਬਜ਼-ਏ-ਪੰਜਾਬ, ਮੁਹਾਲੀ, 3 ਅਕਤੂਬਰ:
ਐਸਸੀ/ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਜ਼-7 ਸਥਿਤ ਲਾਲ ਬੱਤੀ ਚੌਂਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਪੁਤਲੇ ਸਾੜ ਕੇ ਪੰਜਾਬ ਸਰਕਾਰ ਦਾ ਜ਼ਬਰਦਸਤ ਪਿੱਟ ਸਿਆਪਾ ਕੀਤਾ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਗੱਲ ਭਾਵੇਂ ਜਾਅਲੀ ਐਸਸੀ ਸਰਟੀਫਿਕੇਟ ਦੀ ਜਾਂਚ ਦੀ ਹੋਵੇ, ਜਾਂ ਪੁਲੀਸ ਵਧੀਕੀਆਂ ਅਤੇ ਝੂਠੇ ਪਰਚਿਆਂ ਦੀ ਪੰਜਾਬ ਸਰਕਾਰ ਅਤੇ ਪੁਲੀਸ ਕਿਸੇ ਵੀ ਮਸਲੇ ਨੂੰ ਲੈ ਕੇ ਆਪਣੇ ਵਾਅਦਿਆਂ ’ਤੇ ਖਰਾ ਨਹੀਂ ਉੱਤਰੀ। ਜਿਸ ਕਾਰਨ ਪੀੜਤ ਲੋਕਾਂ ਨੂੰ ਅੱਜ ਦੁਬਾਰਾ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੇ ਵੀ ਧਰਨੇ ਪ੍ਰਦਰਸ਼ਨ ਕੀਤੇ ਗਏ ਹਨ, ਹਰ ਵਾਰੀ ਕੋਈ ਨਾ ਕੋਈ ਅਧਿਕਾਰੀ ਮੰਗ ਪੱਤਰ ਲੈ ਕੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੰਦੇ ਹਨ ਪਰ ਹੁਣ ਤੱਕ ਇਨਸਾਫ਼ ਨਹੀਂ ਮਿਲਿਆ।
ਬਲਵਿੰਦਰ ਕੁੰਭੜਾ, ਲਖਵੀਰ ਸਿੰਘ ਬੌਬੀ ਅਤੇ ਸਫ਼ਾਈ ਕਰਮਚਾਰੀਆਂ ਦੇ ਆਗੂ ਰਿਸ਼ੀ ਰਾਜ ਮਹਾਰ ਨੇ ਕਿਹਾ ਕਿ ਬਜਟ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਸੀ ਕਿ ਜਾਅਲੀ ਜਾਤੀ ਸਰਟੀਫਿਕੇਟਾਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀਆਂ ਅਤੇ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਵਿੱਚ ਲਿਆਂਦੀ ਜਾਵੇਗੀ ਪਰ ਹੁਣ ਤੱਕ ਕਾਰਵਾਈ ਨਹੀਂ ਹੋਈ। ਪਬਲਿਕ ਪਖਾਨਿਆਂ ਦੇ ਕਰੀਬ 200 ਕਰਮਚਾਰੀਆਂ ਨੂੰ ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਹਟਾ ਦਿੱਤਾ। ਉਨ੍ਹਾਂ ਨੂੰ ਪਿਛਲੇ ਪੰਜ ਮਹੀਨਿਆਂ ਦੀ ਤਨਖ਼ਾਹ ਵੀ ਨਹੀਂ ਦਿੱਤੀ। ਪੀੜਤ ਵਿਅਕਤੀ ਮੁੱਖ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਮੇਅਰ ਤੇ ਕਮਿਸ਼ਨਰ ਦਾ ਬੂਹਾ ਖੜਕਾ ਚੁੱਕੇ ਹਨ ਲੇਕਿਨ ਕਿਸੇ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪੰਚਾਇਤੀ ਚੋਣਾਂ ਵਿੱਚ ਪਿੰਡ ਪਿੰਡ ਜਾ ਕੇ ਸਰਕਾਰ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾਵੇਗਾ।
ਇਸ ਮੌਕੇ ਹਰਚੰਦ ਸਿੰਘ ਜਖਵਾਲੀ, ਬਲਵੀਰ ਸਿੰਘ ਜਲੰਧਰ, ਦਿਲਬਾਗ ਟਾਂਕ, ਹਰਨੇਕ ਸਿੰਘ ਮਲੋਆ, ਹਰਵਿੰਦਰ ਸਿੰਘ ਨਰੜੂ, ਪ੍ਰਿੰਸੀਪਲ ਬਨਵਾਰੀ ਲਾਲ, ਜੈ ਸਿੰਘ ਬਾੜਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਕੁਲਵੀਰ ਸਿੰਘ, ਨਿਰਮਲ ਸਿੰਘ, ਮੋਹਨ ਲਾਲ, ਜਸਪਾਲ ਸਿੰਘ, ਰਾਜੇਸ਼ ਸਿੰਘ, ਮਾਂਗੇ ਲਾਲ, ਪੰਕਜ ਚੌਧਰੀ, ਦਿਲਬਰ ਖਾਨ, ਤਰਸੇਮ ਖਾਨ, ਨੰਬਰਦਾਰ ਬਲਵਿੰਦਰ ਸਿੰਘ, ਸੰਗਮ ਕੁਮਾਰ ਬਾਲਮੀਕਿ, ਪ੍ਰਧਾਨ ਦੌਲਤ ਰਾਮ, ਰਾਹੁਲ, ਸੁਰਜੀਤ ਸਿੰਘ ਜਖਵਾਲੀ, ਰਣਜੀਤ ਕੌਰ, ਅੰਜੂ ਬਾਲਾ, ਜੈ ਦੀਪ, ਪਰਮਿੰਦਰ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਰੀਨਾ, ਵਿਸ਼ਾਲ, ਦਲਵੀਰ ਅਤੇ ਟੋਨੀ ਕੁੰਭੜਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…