ਮੁਹਾਲੀ ਪੁਲੀਸ ਵੱਲੋਂ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼, 1.5 ਕਿੱਲੋ ਹੈਰੋਇਨ ਸਣੇ ਦੋ ਕਾਬੂ

ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਜੈਕਟਾਂ ਵਿੱਚ ਹੈਰੋਇਨ ਲੁਕਾ ਕੇ ਕਰਦੇ ਸੀ ਨਸ਼ਿਆਂ ਦੀ ਤਸਕਰੀ: ਡੀਜੀਪੀ ਗੌਰਵ ਯਾਦਵ

ਪਿਛਲੇ ਦੋ ਮਹੀਨਿਆਂ ਵਿੱਚ ਕੋਟਕਪੂਰਾ ਦੇ ਨਸ਼ਾ ਤਸਕਰ ਨਾਲ ਮਿਲੀਭੁਗਤ ਕਰਕੇ ਹੈਰੋਇਨ ਦੀਆਂ ਚਾਰ ਖੇਪਾਂ ਦੀ ਤਸਕਰੀ ਕੀਤੀ

ਮੁਲਜ਼ਮ ਸੁਖਦੀਪ ਖ਼ਿਲਾਫ਼ ਸਾਲ 2020 ਵਿੱਚ ਦਰਜ ਹੋਇਆ ਸੀ ਅਗਵਾ ਦਾ ਕੇਸ: ਐਸਐਸਪੀ ਦੀਪਕ ਪਾਰਿਕ

ਨਬਜ਼-ਏ-ਪੰਜਾਬ, ਮੁਹਾਲੀ, 4 ਅਕਤੂਬਰ:
ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਮੁਹਾਲੀ ਪੁਲੀਸ ਨੇ ਕੌਮਾਂਤਰੀ ਨਸ਼ਾ ਤਸਕਰੀ ਸਿੰਡੀਕੇਟ, ਜੋ ਪੰਜਾਬ ਵਿੱਚ ਹੈਰੋਇਨ ਦੀ ਤਸਕਰੀ ਲਈ ਵਿਸ਼ੇਸ਼ ਜੈਕਟਾਂ ਦੀ ਵਰਤੋਂ ਕਰਦਾ ਸੀ, ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਨੂੰ 500-500 ਗਰਾਮ ਹੈਰੋਇਨ ਨਾਲ ਭਰੀਆਂ ਤਿੰਨ ਹਾਫ਼ ਸਲੀਵ ਜੈਕਟਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਫਰੀਦਕੋਟ ਦੇ ਭਾਨਾ ਦੇ ਵਸਨੀਕ ਸੁਖਦੀਪ ਸਿੰਘ ਉਰਫ਼ ਰਾਜਾ ਅਤੇ ਰੋਹਤਕ ਦੇ ਅਜੈਬ ਦੇ ਰਹਿਣ ਵਾਲੇ ਕ੍ਰਿਸ਼ਨ ਵਜੋਂ ਹੋਈ ਹੈ।
ਮੁਲਜ਼ਮਾਂ ਕੋਲੋਂ 1.5 ਕਿੱਲੋਗਰਾਮ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲੀਸ ਨੇ ਹਰਿਆਣਾ ਨੰਬਰ ਦੀ ਚਿੱਟੇ ਰੰਗ ਦੀ ਹੁੰਡਈ ਅੌਰਾ ਕਾਰ ਵੀ ਜ਼ਬਤ ਕੀਤੀ ਹੈ, ਜਿਸ ਨੂੰ ਉਹ ਟੈਕਸੀ ਵਜੋਂ ਵਰਤਦੇ ਹੋਏ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਸਨ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਦਿੱਲੀ ਸਥਿਤ ਅਫ਼ਗ਼ਾਨ ਨਾਗਰਿਕ ਤੋਂ ਖਰੀਦੀ ਗਈ ਸੀ, ਜਿਸ ਨਾਲ ਇਸ ਨੈੱਟਵਰਕ ਦੇ ਕੌਮਾਂਤਰੀ ਡਰੱਗ ਮਾਫ਼ੀਆ ਨਾਲ ਸਬੰਧਾਂ ਦਾ ਪਰਦਾਫਾਸ਼ ਹੋਣ ਦੇ ਨਾਲ-ਨਾਲ ਇਹ ਸਾਹਮਣੇ ਆਇਆ ਹੈ ਕਿ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਜੈਕਟਾਂ ਵਿੱਚ ਹੈਰੋਇਨ ਲੁਕਾ ਕੇ ਤਸਕਰੀ ਕਰਦੇ ਸਨ।
ਪੁਲੀਸ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆਂ ਕਿ ਪਿਛਲੇ ਦੋ ਮਹੀਨਿਆਂ ਵਿੱਚ ਕੋਟਕਪੂਰਾ ਦੇ ਨਸ਼ਾ ਤਸਕਰ ਲਖਵਿੰਦਰ ਸਿੰਘ ਨਾਲ ਮਿਲ ਕੇ ਚਿੱਟੇ ਦੀਆਂ ਚਾਰ ਖੇਪਾਂ ਦੀ ਤਸਕਰੀ ਕੀਤੀ ਸੀ ਅਤੇ ਹਾਲ ਹੀ ਵਿੱਚ ਸਤੰਬਰ ਦੇ ਅੱਧ ਵਿੱਚ 10 ਕਿੱਲੋ ਹੈਰੋਇਨ ਖਰੀਦੀ ਸੀ, ਜੋ ਮੋਗਾ ਵਿੱਚ ਸਪਲਾਈ ਕੀਤੀ ਗਈ ਸੀ। ਐਨਡੀਪੀਐਸ ਐਕਟ ਦੇ ਘੱਟੋ-ਘੱਟ 10 ਕੇਸਾਂ ਦਾ ਸਾਹਮਣਾ ਕਰ ਰਿਹਾ ਮੁਲਜ਼ਮ ਲਖਵਿੰਦਰ ਸਿੰਘ ਇਸ ਮਾਡਿਊਲ ਦਾ ਮੁੱਖ ਸਰਗਨਾ ਦੱਸਿਆ ਜਾ ਰਿਹਾ ਹੈ, ਜੋ ਨਸ਼ੇ ਦੇ ਪੂਰੇ ਨੈੱਟਵਰਕ ਨੂੰ ਚਲਾ ਰਿਹਾ ਸੀ। ਡੀਜੀਪੀ ਨੇ ਦੱਸਿਆ ਕਿ ਫਰਾਰ ਲਖਵਿੰਦਰ ਸਿੰਘ ਨੂੰ ਫੜਨ ਲਈ ਛਾਪੇਮਾਰੀ ਕੀਤੀ ਰਹੀ ਹੈ। ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਰੂਪਨਗਰ ਰੇਂਜ ਦੇ ਡੀਆਈਜੀ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਪੁਲੀਸ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਹੈਰੋਇਨ ਸਮੇਤ ਡਰੱਗ ਸਿੰਡੀਕੇਟ ਦੇ ਦੋ ਮੈਂਬਰ ਚਿੱਟੇ ਰੰਗ ਦੀ ਹੁੰਡਈ ਅੌਰਾ ਵਿੱਚ ਦਿੱਲੀ ਤੋਂ ਮੁਹਾਲੀ ਵੱਲ ਆ ਰਹੇ ਹਨ। ਇਸ ਦੌਰਾਨ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲੀਸ ਨੇ ਦੱਪਰ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕਰ ਲਿਆ।

ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਸੁਖਦੀਪ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ, ਉਸ ਖ਼ਿਲਾਫ਼ 2020 ਵਿੱਚ ਅਗਵਾ ਦਾ ਕੇਸ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮਈ 2024 ਵਿੱਚ ਫਰੀਦਕੋਟ ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਉਹ ਜੁਲਾਈ 2024 ਵਿੱਚ ਹੈਰੋਇਨ ਦੀ ਤਸਕਰੀ ਦੇ ਇਸ ਨੈੱਟਵਰਕ ਵਿੱਚ ਸ਼ਾਮਲ ਹੋਇਆ ਸੀ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸੋਹਾਣਾ, ਮੁਹਾਲੀ ਵਿੱਚ ਕਿਰਾਏ ’ਤੇ ਰਿਹਾਇਸ਼ ਵੀ ਲਈ ਹੋਈ ਸੀ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਥਾਣਾ ਲਾਲੜੂ ਵਿਖੇ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…