ਪੰਚਾਇਤ ਚੋਣਾਂ: ਅਖੀਰਲੇ ਦਿਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲਿਆਂ ਦਾ ਮੇਲਾ ਲੱਗਿਆ

ਮੁਹਾਲੀ ਨਿਗਮ ਤੇ ਹੋਰਨਾਂ ਦਫ਼ਤਰਾਂ ਵਿੱਚ ਜਮ੍ਹਾ ਹੋਈ ਲੋਕਾਂ ਦੀ ਭੀੜ, ਗੇਟ ਬੰਦ ਹੋਣ ’ਤੇ ਕੰਧ ਟੱਪ ਕੇ ਅੰਦਰ ਆਏ ਲੋਕ

ਨਬਜ਼-ਏ-ਪੰਜਾਬ, ਮੁਹਾਲੀ, 4 ਅਕਤੂਬਰ:
ਗਰਾਮ ਪੰਚਾਇਤ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਦਾਖ਼ਲ ਦਾ ਅੱਜ ਅਖੀਰਲਾ ਦਿਨ ਸੀ। ਪਿਛਲੇ ਦੋ ਦਿਨ ਸਰਕਾਰੀ ਛੁੱਟੀ ਹੋਣ ਕਾਰਨ ਕਿਸੇ ਉਮੀਦਵਾਰ ਦੇ ਦਸਤਾਵੇਜ਼ ਜਮ੍ਹਾ ਨਹੀਂ ਹੋ ਸਕੇ ਲੇਕਿਨ ਅੱਜ ਸਵੇਰ ਤੋਂ ਹੀ ਮੁਹਾਲੀ ਨਗਰ ਨਿਗਮ ਅਤੇ ਹੋਰਨਾਂ ਦਫ਼ਤਰਾਂ ਵਿੱਚ ਚੋਣ ਲੜ ਰਹੇ ਵਿਅਕਤੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਮੇਲਾ ਲੱਗਿਆ ਰਿਹਾ। ਹਰ ਕੋਈ ਵਿਅਕਤੀ ਆਪਣੇ ਕਾਗਜ ਜਮ੍ਹਾ ਕਰਵਾਉਣ ਲਈ ਉਤਾਵਲਾ ਦਿਖਾਈ ਦੇ ਰਿਹਾ ਸੀ। ਬਾਅਦ ਦੁਪਹਿਰ ਤਿੰਨ ਵਜੇ ਸੁਰੱਖਿਆ ਕਰਮਚਾਰੀਆਂ ਨੇ ਮੁੱਖ ਗੇਟ ਬੰਦ ਕਰ ਦਿੱਤੇ ਲੇਕਿਨ ਇਸ ਦੇ ਬਾਵਜੂਦ ਚਾਰਦੀਵਾਰੀ ਦੇ ਬਾਹਰ ਖੜੇ ਲੋਕ ਕੰਧਾਂ ਟੱਪ ਅੰਦਰ ਆ ਵੜੇ। ਇਹੀ ਨਹੀਂ ਜਦੋਂ ਸੁਰੱਖਿਆ ਗਾਰਡ ਨੇ ਮੀਡੀਆ ਕਰਮੀਆਂ ਨੂੰ ਬਾਹਰ ਜਾਣ ਲਈ ਗੇਟ ਖੋਲ੍ਹਿਆ ਤਾਂ ਕੁੱਝ ਅਕਾਲੀ ਆਗੂ ਅਤੇ ਸਮਰਥਕ ਧੱਕੇ ਨਾਲ ਅੰਦਰ ਵੜ ਗਏ ਅਤੇ ਸੁਰੱਖਿਆ ਕਰਮੀ ਨੇ ਬੜੀ ਮੁਸ਼ਕਲ ਨਾਲ ਗੇਟ ਬੰਦ ਕੀਤਾ। ਐਂਟਰੀ ਗੇਟ ਵੀ ਲੋਕਾਂ ਨੂੰ ਪੁਲੀਸ ਨਾਲ ਬਹਿਸਦੇ ਹੋਏ ਦੇਖਿਆ ਗਿਆ।
ਉਧਰ, ਅੱਜ ਅਖੀਰਲੇ ਦਿਨ ਨਿਗਮ ਦਫ਼ਤਰ ਵਿੱਚ ਅਧਿਕਾਰੀਆਂ ਨੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਕੀਤੇ। ਅਧਿਕਾਰੀਆਂ ਕੋਲ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਉਮੀਦਵਾਰਾਂ ਨੂੰ ਵਾਰੋ-ਵਾਰੀ ਆਵਾਜ਼ ਦੇ ਕੇ ਅੰਦਰ ਸੱਦਿਆ ਜਾ ਰਿਹਾ ਸੀ ਅਤੇ ਬੜੇ ਸੁਖਾਵੇਂ ਮਾਹੌਲ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਗਿਆ। ਅੱਜ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੋਂ ਕਾਫ਼ੀ ਉਮੀਦਵਾਰ ਸੰਤੁਸ਼ਟ ਵੀ ਨਜ਼ਰ ਆਏ ਅਤੇ ਉਨ੍ਹਾਂ ਨੇ ਮੀਡੀਆ ਨਾਲ ਵੀ ਗੱਲ ਕੀਤੀ। ਜਗਰੂਪ ਸਿੰਘ ਨੇ ਦੱਸਿਆ ਕਿ ਪੰਚਾਇਤ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਸਾਰਾ ਕੁੱਝ ਠੀਕ ਹੋ ਰਿਹਾ। ਛੁੱਟੀਆਂ ਕਰਕੇ ਭੀੜ ਜਮ੍ਹਾ ਹੋ ਗਈ। ਉਨ੍ਹਾਂ ਕਿਹਾ ਕਿ ਬੇਲੋੜੀਆਂ ਸ਼ਰਤਾਂ ਕਾਰਨ ਦਸਤਾਵੇਜ਼ ਪੂਰੇ ਕਰਨ ਲਈ ਕਾਫ਼ੀ ਸਮਾਂ ਬਰਬਾਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਐਨਓਸੀ ਲੈਣ ਤੋਂ ਬਾਅਦ ਹਲਫ਼ਨਾਮਾ ਮੰਗਣਾ ਗੈਰਵਾਜ਼ਬ ਹੈ।

ਪਿੰਡ ਬਠਲਾਣਾ ਦੇ ਨੌਜਵਾਨ ਸੁਖਵੀਰ ਸਿੰਘ ਬਠਲਾਣਾ ਨੇ ਦੱਸਿਆ ਕਿ ਉਹ ਪਹਿਲੀ ਵਾਰ ਪੰਚਾਇਤ ਚੋਣਾਂ ਲੜ ਰਹੇ ਹਨ। ਉਂਜ ਇਸ ਤੋਂ ਪਹਿਲਾਂ ਉਹ ਵਿਦਿਆਰਥੀ ਚੋਣਾਂ ਲੜ ਚੁੱਕੇ ਹਨ। ਉਸ ਨੇ ਦੱਸਿਆ ਕਿ ਅੱਜ ਸਰਪੰਚੀ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਫਾਰਮ ਜਮ੍ਹਾ ਕਰਵਾਉਣ ਵਿੱਚ ਕੋਈ ਦਿੱਕਤ ਨਹੀਂ ਆਈ ਪਰ ਦਸਤਾਵੇਜ਼ ਪੂਰੇ ਕਰਨ ਵਿੱਚ ਕਾਫ਼ੀ ਸਮਾਂ ਲੱਗ ਗਿਆ। ਉਨ੍ਹਾਂ ਕਿਹਾ ਕਿ ਜ਼ਰੂਰਤ ਤੋਂ ਜ਼ਿਆਦਾ ਸ਼ਰਤਾਂ ਲੋਕਾਂ ਦੇ ਸਿਰ ਮੜ੍ਹੀਆਂ ਗਈਆ ਹਨ। ਲੋਕ ਕਦੇ ਕਚਹਿਰੀ ਜਾਂਦੇ ਹਨ ਅਤੇ ਕਦੇ ਬੀਡੀਪੀਓ ਦਫ਼ਤਰ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਅਜੋਕਾ ਡਿਜੀਟਲ ਯੁੱਗ ਹੈ। ਇਹ ਸਾਰਾ ਕੰਮ ਆਨਲਾਈਨ ਕੀਤਾ ਜਾਣਾ ਚਾਹੀਦਾ ਸੀ। ਇਸ ਨਾਲ ਖੱਜਲ-ਖੁਆਰੀ ਵੀ ਘੱਟ ਜਾਣੀ ਸੀ। ਪਿੰਡ ਝਿਊਰਹੇੜੀ ਦੇ ਵਸਨੀਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਇੱਥੇ ਫਾਰਮ ਭਰਨ ਆਏ ਹਨ। ਤਿੰਨ ਵੱਜਣ ਵਾਲੇ ਹਨ ਪਰ ਉਨ੍ਹਾਂ ਇੰਜ ਲਗਦਾ ਹੈ, ਸ਼ਾਇਦ ਫਾਰਮ ਜਮ੍ਹਾ ਨਾ ਹੋਣ। ਉਨ੍ਹਾਂ ਸਰਕਾਰ ’ਤੇ ਸ਼ਰੇਆਮ ਧੱਕੇਸ਼ਾਹੀ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਬੈਂਕ ਤੋਂ ਲੋਨ ਲੈਣਾ ਸੌਖਾ ਹੈ ਪਰ ਚੋਣਾਂ ਸਬੰਧੀ ਫਾਰਮ ਜਮ੍ਹਾ ਕਰਵਾਉਣੇ ਅੌਖੇ ਹਨ। ਉਨ੍ਹਾਂ ਮੰਗ ਕੀਤੀ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਦੋ-ਤਿੰਨ ਦਿਨ ਦੀ ਹੋਰ ਮੋਹਲਤ ਦਿੱਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…