ਚੋਣ ਅਬਜ਼ਰਵਰ ਨੇ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਲਈ ਡੀਸੀ ਤੇ ਐਸਐਸਪੀ ਨਾਲ ਕੀਤੀ ਮੀਟਿੰਗ

ਪੰਚਾਇਤ ਚੋਣਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਮਨ-ਕਾਨੂੰਨ ਦੀ ਵਿਵਸਥਾ ਯਕੀਨੀ ਬਣਾਉਣ ’ਤੇ ਜ਼ੋਰ

ਫਾਰਮਾਂ ਦੀ ਜਾਂਚ ਕਰਨ ਲਈ ਆਰਓ ਦਫ਼ਤਰਾਂ ਦਾ ਕੀਤਾ ਦੌਰਾ, ਸੰਪਰਕ ਕਰਨ ਲਈ ਨੰਬਰ ਤੇ ਦਫ਼ਤਰ ਦੇ ਵੇਰਵੇ ਜਾਰੀ

ਨਬਜ਼-ਏ-ਪੰਜਾਬ, ਮੁਹਾਲੀ, 5 ਅਕਤੂਬਰ:
ਮੁਹਾਲੀ ਵਿੱਚ ਗਰਾਮ ਪੰਚਾਇਤਾਂ ਦੀਆਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਪੰਜਾਬ ਵੱਲੋਂ ਜਸਵਿੰਦਰ ਕੌਰ ਸਿੱਧੂ, ਸਕੱਤਰ, ਗ੍ਰਹਿ ਮਾਮਲੇ ਅਤੇ ਨਿਆਂ, ਪੰਜਾਬ ਨੂੰ ਗ੍ਰਾਮ ਪੰਚਾਇਤ ਚੋਣਾਂ ਲਈ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਨੇ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪ੍ਰਕਿਰਿਆ ਅਤੇ ਦਸਤਾਵੇਜ਼ਾਂ ਦੀ ਪੜਤਾਲ ਸਮੇਤ ਹੋਰ ਪਹਿਲੂਆਂ ’ਤੇ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਐੱਸਐੱਸਪੀ ਦੀਪਕ ਪਾਰਿਕ, ਏਡੀਸੀਜ਼ ਵਿਰਾਜ ਐਸ ਤਿੜਕੇ ਅਤੇ ਸ੍ਰੀਮਤੀ ਸੋਨਮ ਚੌਧਰੀ ਅਤੇ ਅਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ।
ਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਵੋਟਰਾਂ ਅਤੇ ਗਰਾਮ ਪੰਚਾਇਤਾਂ ਦੇ ਵੇਰਵਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ 332 ਪੰਚਾਇਤਾਂ ਹਨ ਅਤੇ 422 ਪੋਲਿੰਗ ਬੂਥ ਹਨ। ਜ਼ਿਲ੍ਹੇ ਵਿੱਚ ਕੁੱਲ 296860 ਵੋਟਰ (ਪੁਰਸ਼ 159028, ਇਸਤਰੀ 137823, ਹੋਰ 9) ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਜਮ੍ਹਾਂ ਕਰਵਾਉਣ ਲਈ ਕੁੱਲ 46 ਆਰਓ/ਏਆਰਓ ਦਫ਼ਤਰ ਸਥਾਪਿਤ ਕੀਤੇ ਗਏ। ਇਸ ਤੋਂ ਇਲਾਵਾ, ਚਾਹਵਾਨ ਉਮੀਦਵਾਰਾਂ ਦੀ ਸਹੂਲਤ ਲਈ, ਸਾਰੇ ਬੀਡੀਪੀਓ ਦਫ਼ਤਰ 2 ਅਤੇ 3 ਅਕਤੂਬਰ ਦੀਆਂ ਛੁੱਟੀਆਂ ਨੂੰ ਐਨਓਸੀ ਅਤੇ ਐਨਡੀਸੀ ਜਾਰੀ ਕਰਨ ਲਈ ਖੁੱਲ੍ਹੇ ਰੱਖੇ ਗਏ।
ਇਸ ਤੋਂ ਇਲਾਵਾ ਐਸਡੀਐਮਜ਼ ਵੱਲੋਂ ਪੋਲਿੰਗ ਸਟਾਫ਼ ਦੀ ਸਿਖਲਾਈ ਲਈ ਮਿਤੀਆਂ ਅਤੇ ਸਥਾਨਾਂ ਨੂੰ ਵੀ ਅੰਤਿਮ ਰੂਪ ਦਿੱਤਾ ਗਿਆ ਹੈ। ਡੀਸੀ ਨੇ ਦੱਸਿਆ ਕਿ ਡੀਡੀਪੀਓ ਬਲਜਿੰਦਰ ਸਿੰਘ ਨੂੰ ਪੰਚਾਇਤੀ ਚੋਣਾਂ ਸਬੰਧੀ ਸ਼ਿਕਾਇਤਾਂ ਲਈ ਨੋਡਲ ਅਫ਼ਸਰ, ਜ਼ਿਲ੍ਹਾ ਕੰਟਰੋਲ ਰੂਮ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਨੰਬਰ 0172-2219250 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਐੱਸਐੱਸਪੀ ਦੀਪਕ ਪਾਰਿਕ ਨੇ ਚੋਣ ਅਬਜ਼ਰਵਰ ਨੂੰ ਭਰੋਸਾ ਦਿੱਤਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਆਰਓ ਦਫ਼ਤਰਾਂ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਚੋਣਾਂ ਨੂੰ ਸ਼ਾਂਤੀਮਈ ਨੇਪਰੇ ਚਾੜ੍ਹਨ ਲਈ ਸੁਰੱਖਿਆ ਪ੍ਰਬੰਧਾਂ ਦੇ ਹੋਰ ਵੇਰਵੇ ਵੀ ਸਾਂਝੇ ਕੀਤੇ। ਚੋਣ ਅਬਜ਼ਰਵਰ ਨੇ ਸਾਰੇ ਉਮੀਦਵਾਰਾਂ ਨੂੰ ਅਮਨ-ਸ਼ਾਂਤੀ, ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਜ਼ਾਬਤੇ ਦੀ ਪਾਲਣਾ ਕਰਨ ਤੋਂ ਇਲਾਵਾ ਅਮਨ-ਕਾਨੂੰਨ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਚੋਣਾਂ ਬਾਬਤ ਕਿਸੇ ਵੀ ਸ਼ਿਕਾਇਤ ਸਬੰਧੀ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਦੇ ਦਫ਼ਤਰ ਨਾਈਪਰ ਰੈਸਟ ਹਾਊਸ, ਸੈਕਟਰ-67 ਵਿਖੇ ਸੰਪਰਕ ਕਰ ਸਕਦ ਹੈ। ਉਨ੍ਹਾਂ ਨਾਲ ਮੋਬਾਈਲ ਨੰਬਰ 98556-72443 ਅਤੇ 98140-11984 ਤੋਂ ਇਲਾਵਾ ਈਮੇਲ ਆਈਡੀ 5lectionobserverpanchayatmhl0gamil.com ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏਡੀਸੀ (ਜ) ਵਿਰਾਜ ਐਸ ਤਿੜਕੇ, ਏਡੀਸੀ (ਡੀ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ (ਪੰਚਾਇਤੀ ਚੋਣਾਂ) ਸੋਨਮ ਚੌਧਰੀ, ਸੀਐਮਐਫ਼ਓ ਦੀਪਾਂਕਰ ਗਰਗ ਅਤੇ ਚੋਣ ਅਬਜ਼ਰਵਰ ਦੇ ਐਲਓ ਅਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ਼ਿਵਪ੍ਰੀਤ ਸਿੰਘ ਸ਼ਾਮਲ ਸਨ। ਬਾਅਦ ਵਿੱਚ ਚੋਣ ਅਬਜ਼ਰਵਰ ਨੇ ਨਗਰ ਨਿਗਮ ਦਫ਼ਤਰ ਮੁਹਾਲੀ ਅਤੇ ਮੁਬਾਰਕਪੁਰ (ਡੇਰਾਬੱਸੀ) ਵਿਖੇ ਚੱਲ ਰਹੀ ਨਾਮਜ਼ਦਗੀ ਪ੍ਰਕਿਰਿਆ ਦਾ ਦੌਰਾ ਕੀਤਾ ਅਤੇ ਆਰਓਜ਼ ਨਾਲ ਗੱਲਬਾਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…