ਪੰਜਾਬ ਪੁਲੀਸ ਵੱਲੋਂ ਵਿਦੇਸ਼ੀ ਗੈਂਗਸਟਰਾਂ ਦੀ ਸ਼ਹਿ ’ਤੇ ਚਲਾਏ ਜਾ ਰਹੇ ਮੋਡਿਊਲ ਦਾ ਪਰਦਾਫਾਸ਼, ਮੁੱਖ ਸਰਗਨਾ ਸਣੇ 4 ਕਾਬੂ

ਮੁਲਜ਼ਮ ਨਵਜੋਤ ਜੋਤਾ ਨੂੰ ਵਿਰੋਧੀ ਗੈਂਗਸਟਰ ਤੇ ਟਰੈਵਲ ਏਜੰਟ ਨੂੰ ਮੌਤ ਦੇ ਘਾਟ ਉਤਾਰਨ ਦਾ ਸੌਂਪਿਆ ਗਿਆ ਸੀ ਕੰਮ: ਡੀਜੀਪੀ

ਮੁਲਜ਼ਮ ਨਵਜੋਤ ਜੋਤਾ ਤੱਕ ਪਹੁੰਚਾਉਣੀ ਸੀ ਹਥਿਆਰਾਂ ਦੀ ਖੇਪ: ਐਸਐਸਪੀ ਦੀਪਕ ਪਾਰਿਕ

ਨਬਜ਼-ਏ-ਪੰਜਾਬ, ਮੁਹਾਲੀ, 11 ਅਕਤੂਬਰ:
ਪੰਜਾਬ ਪੁਲੀਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ਼) ਅਤੇ ਮੁਹਾਲੀ ਪੁਲੀਸ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਵਿਦੇਸ਼ ਅਧਾਰਿਤ ਹੈਂਡਲਰ ਪਵਿੱਤਰ ਯੂਐਸਏ ਅਤੇ ਮਨਜਿੰਦਰ ਫਰਾਂਸ ਵੱਲੋਂ ਚਲਾਏ ਜਾ ਰਹੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਇਸ ਦੇ ਗੈਂਗ ਮੁੱਖ ਸਰਗਨਾ ਨਵਜੋਤ ਸਿੰਘ ਉਰਫ਼ ਜੋਤਾ ਅਤੇ ਰਾਜਸਥਾਨ ਆਧਾਰਿਤ ਤਿੰਨ ਹੋਰ ਮੁਲਜ਼ਮਾਂ ਜੋ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦੇ ਸਨ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਅੱਜ ਦੇਰ ਸ਼ਾਮ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੁਹੰਮਦ ਆਸਿਫ਼, ਭਾਨੂ ਸਿਸੋਦੀਆ ਅਤੇ ਅਨਿਲ ਕੁਮਾਰ ਵਜੋਂ ਹੋਈ ਹੈ, ਇਹ ਸਾਰੇ ਰਾਜਸਥਾਨ ਦੇ ਰਹਿਣ ਵਾਲੇ ਹਨ। ਇਨ੍ਹਾਂ ਤਿੰਨੇ ਵੀ ਅਪਰਾਧਿਕ ਪਿਛੋਕੜ ਵਾਲੇ ਹਨ, ਜਦੋਂਕਿ ਨਵਜੋਤ ਉਰਫ਼ ਜੋਤਾ ਖ਼ਿਲਾਫ਼ ਇਰਾਦਾ-ਏ-ਕਤਲ, ਡਕੈਤੀ, ਸਨੈਚਿੰਗ, ਐਨਡੀਪੀਐਸ ਅਤੇ ਅਸਲਾ ਐਕਟ ਘਿਣਾਉਣੇ ਅਪਰਾਧਾਂ ਨਾਲ ਸਬੰਧਤ 21 ਪਰਚੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ’ਚੋਂ ਖੇਪ ਜਿਸ ਵਿੱਚ ਦੋ ਪਿਸਤੌਲਾਂ ਜਿਨ੍ਹਾਂ ਵਿੱਚ ਇੱਕ ਅਤਿ-ਆਧੁਨਿਕ ਆਟੋਮੈਟਿਕ .32 ਕੈਲੀਬਰ ਦੀ ਪਿਸਤੌਲ ਅਤੇ ਅੱਠ ਜਿੰਦਾ ਕਾਰਤੂਸ ਸ਼ਾਮਲ ਹਨ, ਬਰਾਮਦ ਕੀਤੀ ਹੈ।
ਡੀਜੀਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਖੇਪ ਮੁਲਜ਼ਮ ਨਵਜੋਤ ਜੋਤਾ ਨੂੰ ਪਹੁੰਚਾਈ ਜਾਣੀ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨਵਜੋਤ ਜੋਤਾ ਨੂੰ ਉਸ ਦੇ ਵਿਦੇਸ਼ੀ ਹੈਂਡਲਰਾਂ ਵੱਲੋਂ ਹਾਲ ਹੀ ਵਿੱਚ ਜ਼ਮਾਨਤ ’ਤੇ ਬਾਹਰ ਆਏ ਇੱਕ ਵਿਰੋਧੀ ਗੈਂਗਸਟਰ ਅਤੇ ਇੱਕ ਟਰੈਵਲ ਏਜੰਟ ਨੂੰ ਖ਼ਤਮ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਅਗਲੇਰੇ-ਪਿਛਲੇਰੇ ਸਬੰਧਾਂ ਨੂੰ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਸਾਂਝੇ ਅਪਰੇਸ਼ਨ ਬਾਰੇ ਹੋਰ ਵੇਰਵੇ ਸਾਂਝੇ ਕਰਦਿਆਂ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਅਤੇ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਰਾਜਸਥਾਨ ਸਥਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਵੱਲੋਂ ਸੂਬੇ ਵਿੱਚ ਆਪਣੇ ਸਾਥੀਆਂ ਨੂੰ ਖੇਪ ਪਹੁੰਚਾਉਣ ਲਈ ਪੰਜਾਬ ਵਿੱਚ ਦਾਖਲ ਹੋਣ ਬਾਰੇ ਪੁਖ਼ਤਾ ਇਤਲਾਹ ਮਿਲੀ ਸੀ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ’ਤੇ ਸਾਂਝੇ ਅਪਰੇਸ਼ਨ ਦੀ ਯੋਜਨਾ ਬਣਾਈ ਗਈ ਅਤੇ ਏਜੀਟੀਐਫ਼ ਅਤੇ ਮੁਹਾਲੀ ਪੁਲੀਸ ਦੀਆਂ ਟੀਮਾਂ ਨੇ ਡੇਰਾਬੱਸੀ-ਮੁਬਾਰਕਪੁਰ ਰੋਡ ’ਤੇ ਫੋਕਲ ਪੁਆਇੰਟ ਨੇੜੇ ਨਾਕਾਬੰਦੀ ਕਰਕੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਉਕਤ ਚਾਰੇ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਗੈਂਗਸਟਰ ਨਵਜੋਤ ਜੋਤਾ ਬਾਕੀ ਮੁਲਜ਼ਮਾਂ ਕੋਲੋਂ ਹਥਿਆਰਾਂ ਦੀ ਖੇਪ ਲੈਣ ਲਈ ਆਇਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੈ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਅਹਿਮ ਸੁਰਾਗ ਮਿਲਣ ਅਤੇ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ। ਇਸ ਸਬੰਧੀ ਡੇਰਾਬੱਸੀ ਥਾਣੇ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…